ਬ੍ਰਹਮ ਗਿਆਨੀ ਬਾਬਾ ਅਮਰਨਾਥ ਤੇ ਸੰਤ ਬਾਬਾ ਹੀਰਾ ਦਾਸ ਦੀ ਯਾਦ ’ਚ ਮੇਲਾ 14 ਤੋਂ
Thursday, Mar 07, 2019 - 10:06 AM (IST)

ਕਪੂਰਥਲਾ (ਸਤਨਾਮ)-ਬ੍ਰਹਮ ਗਿਆਨੀ ਬਾਬਾ ਅਮਰਨਾਥ ਜੀ ਤੇ ਸੰਤ ਬਾਬਾ ਹੀਰਾ ਦਾਸ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਦਿਨਾ ਜੋਡ਼ ਮੇਲਾ ਉਨ੍ਹਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਅਮਰਨਾਥ ਜੀ ਪਿੰਡ ਬੂਟ ਵਿਖੇ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 14, 15 ਤੇ 16 ਮਾਰਚ ਨੂੰ ਬਡ਼ੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਤੇ ਮੁੱਖ ਸੇਵਾਦਾਰ ਸਕੱਤਰ ਚਰਨ ਸਿੰਘ ਨੇ ਸਾਂਝੇ ’ਤੇ ਦੱਸਿਆ ਕੇ ਜੋਡ਼ ਮੇਲੇ ਦੇ ਸਬੰਧ ’ਚ 12 ਮਾਰਚ ਨੂੰ ਤੇ 13 ਮਾਰਚ ਨੂੰ ਲਡ਼ੀਵਾਰ 22 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕੀਤੇ ਜਾਣਗੇ। ਜਿਨ੍ਹਾਂ ਦੇ ਭੋਗ 14 ਤੇ 15 ਮਾਰਚ ਨੂੰ ਪਾਉਣ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ’ਚ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਕਵੀਸ਼ਰੀ ਜਥਾ, ਬੀਬੀ ਰਣਵੀਰ ਕੌਰ ਨਾਭੇ ਵਾਲੇ ਢਾਡੀ ਜਥਾ, ਕਵੀਸ਼ਰੀ ਜਥਾ ਭਾਈ ਗੁਰਿੰਦਰਪਾਲ ਸਿੰਘ ਬੈਂਕਾ, ਭਾਈ ਕਰਮਜੀਤ ਸਿੰਘ ਨੂਰਪੁਰੀ ਕੀਰਤਨੀ ਜਥਾ, ਭਾਈ ਬਲਦੇਵ ਸਿੰਘ ਰਿਆਡ਼ ਢਾਡੀ ਜਥਾ ਦੋਵੇਂ ਦਿਨ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕੇ 14 ਮਾਰਚ ਨੂੰ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਤੋਂ ਇਲਾਵਾ ਪਟਕੇ ਦੀ ਕੁਸ਼ਤੀ ਸ਼ੰਮੀ ਫਗਵਾਡ਼ਾ ਤੇ ਬਿੰਦਾ ਬਿਸ਼ਨਪੁਰੀਆਂ ਦੇ ਵਿਚਕਾਰ ਕਰਵਾਈ ਜਾਵੇਗੀ। 15 ਨੂੰ ਗੱਤਕੇ ਦੇ ਸ਼ੋਅ ਮੈਚ ਤੋਂ ਇਲਾਵਾ ਲਡ਼ਕੀਆਂ ਦਾ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਤੇ ਰਾਤ 8 ਵਜੇ ਤੋਂ ਲੈ ਕੇ 10 ਵਜੇ ਤਕ ਧਾਰਮਿਕ ਦੀਵਾਨ ਸਜਾਏ ਜਾਣਗੇ। ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਕੇ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆ ਜਾਣਗੀਆਂ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ।ਇਸ ਮੌਕੇ ਬਾਬਾ ਗੁਰਮੁੱਖ ਸਿੰਘ, ਬਲਕਾਰ ਸਿੰਘ, ਲਖਵੀਰ ਸਿੰਘ ਕਾਲਾ, ਅਮਰਜੀਤ ਸਿੰਘ, ਭਗੀਚਾ ਸਿੰਘ, ਜੀਤ ਸਿੰਘ, ਬਲਵਿੰਦਰ ਸਿੰਘ, ਬਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਮੈਂਬਰ ਹਾਜ਼ਰ ਸਨ।