ਕੁਝ ਅਖੌਤੀ ਲੀਡਰ ਫੋਕੀ ਟੌਹਰ ਲਈ ਝੂਠੀ ਬਿਆਨਬਾਜ਼ੀ ਕਰ ਰਹੇ ਹਨ : ਸੱਦੂਵਾਲ
Monday, Feb 18, 2019 - 04:35 AM (IST)
ਕਪੂਰਥਲਾ (ਧੀਰ)-ਸਾਹਿਬ ਸ੍ਰੀ ਗੁਰੁੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਪਾਵਨ ਨਗਰੀ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਇਹ ਸ਼ਬਦ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ ਵੱਲੋਂ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਕੱਤਰ ਜੁਗਰਾਜਪਾਲ ਸਿੰਘ ਸਾਹੀ ਤੇ ਸਟਾਫ ਨਾਲ ਇਕ ਵਿਸ਼ੇਸ਼ ਮਿਲਣੀ ਮੌਕੇ ਕਹੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਨਿਰੰਤਰ ਚੱਲ ਰਹੇ ਹਨ, ਜਿਨ੍ਹਾਂ ਨੂੰ ਬਹੁਤ ਹੀ ਜਲਦੀ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਸਾਰੀਆਂ ਹੀ ਸਡ਼ਕਾਂ ਨੂੰ ਚੌਡ਼ਾ ਕਰ ਕੇ ਜਲਦੀ ਹੀ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਗਰਾਟਾਂ ਦੇ ਖੁਲ੍ਹੇ ਗੱਫੇ ਦਿੱਤੇ ਜਾ ਰਹੇ ਹਨ। ਪਾਵਨ ਨਗਰੀ ਦੇ ਬੱਸ ਸਟੈਂਡ ਦੀ ਉਸਾਰੀ ਕਰ ਕੇ ਇਸ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ। ਸੱਦੂਵਾਲ ਨੇ ਕਿਹਾ ਕਿ ਜਿਨ੍ਹਾਂ ਦਾ ਹਲਕੇ ’ਚ ਕੋਈ ਵੀ ਆਧਾਰ ਨਹੀਂ ਉਹ ਕੁਝ ਅਖੌਤੀ ਲੀਡਰ ਆਪਣੀ ਫੋਕੀ ਟੌਹਰ ਲਈ ਝੂਠੀ ਬਿਆਨਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਕੋਲੋਂ ਇਸ ਹਲਕੇ ’ਚ ਹੋ ਰਹੇ ਵਿਕਾਸ ਕਾਰਜ ਬਰਦਾਸ਼ਤ ਨਹੀਂ ਹੋ ਰਹੇ।ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਡੈਂਟ ਸੁਖਵੀਰ ਸਿੰਘ, ਲੇਖਾਕਾਰ ਹਰਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਕੁਲਵੰਤ ਸਿੰਘ ਤੇ ਹਰਵਿੰਦਰ ਸਿੰਘ, ਜ਼ੋਰਾਵਰ ਸਿੰਘ, ਵਿਕਰਮਜੀਤ, ਪ੍ਰਦੀਪ ਕੁਮਾਰ, ਸੁਖਦੇਵ ਸਿੰਘ, ਗੁਰਨਾਮ ਸਿੰਘ, ਬਲਦੇਵ ਰਾਜ, ਗੁਰਨਾਮ ਸਿੰਘ, ਕੁਲਵਿੰਦਰ ਸਿੰਘ ਸਰਪੰਚ ਮਹੇਸ਼ ਕੁਮਾਰ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।