ਗੁਰੂ ਕੀ ਨਗਰੀ ’ਚ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ : ਸੱਜਣ ਚੀਮਾ

01/22/2019 10:51:47 AM

ਕਪੂਰਥਲਾ (ਸੋਢੀ)-ਆਮ ਆਦਮੀ ਪਾਰਟੀ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੀ ਆਰੰਭਤਾ ਪੰਜਾਬ ਸਰਕਾਰ ਵਲੋਂ 23 ਨਵੰਬਰ 2018 ’ਚ ਕੀਤੇ ਸੂਬਾ ਪੱਧਰੀ ਸਮਾਗਮ ਸਮੇਂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਸਮੇਂ 29 ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਤੁਰੰਤ ਕੰਮ ਸ਼ੁਰੂ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਸੀ ਪਰ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਪੀ. ਡਬਲਯੂ. ਡੀ. ਵਿਭਾਗ ਤੋਂ ਇਲਾਵਾ ਹੋਰ ਕਿਸੇ ਵਿਭਾਗ ਦੀ ਗੁਰੂ ਕੀ ਨਗਰੀ ’ਚ ਹਾਲੇ ਤਕ ਕੋਈ ਵੀ ਸਰਗਰਮੀ ਦਿਖਾਈ ਨਹੀਂ ਦੇ ਰਹੀ, ਜਿਸ ਕਾਰਨ ਸੰਗਤਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੁਲਤਾਨਪੁਰ ਲੋਧੀ ਨਾਲ ਸੰਪਰਕ ਵਾਲੀਆਂ ਤਿੰਨ ਸਡ਼ਕਾਂ ਨੂੰ ਚੌਡ਼ਾ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਜੇ ਸੁਲਤਾਨਪੁਰ ਲੋਧੀ ਸ਼ਹਿਰ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਦੀ ਹਦੂਦ ਅੰਦਰ ਹੁਣ ਤਕ 550 ਸਾਲਾ ਪ੍ਰਕਾਸ਼ ਪੁਰਬ ਦੇ ਨਾਂ ਦੀ ਇਕ ਇੱਟ ਵੀ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਲਈ ਕੁਝ ਮਹੀਨੇ ਬਾਕੀ ਹਨ ਪਰ ਸਾਡੇ ਲੀਡਰ ਬਹੁਤ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਹੁਣ ਤਕ ਕਿੰਨਾਂ ਕੁ ਹੋਇਆ ਹੈ, ਇਸ ਬਾਰੇ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਹੈ, ਇਸ ਲਈ ਸਾਨੂੰ ਫੋਕੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨਗਰ ’ਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ, ਸਿਵਲ ਹਸਪਤਾਲ ’ਚ ਨਾ ਤਾਂ ਪੂਰੇ ਡਾਕਟਰ ਹਨ ਤੇ ਨਾ ਹੀ ਮਰੀਜ਼ਾਂ ਨੂੰ ਲੋਡ਼ ਅਨੁਸਾਰ ਦਵਾਈਆਂ ਮਿਲ ਰਹੀਆਂ ਹਨ। ਸ਼ਹਿਰ ’ਚ ਬੱਸ ਸਟੈਂਡ ਦੀ ਕੋਈ ਇਮਾਰਤ ਹੀ ਹਾਲੇ ਤਕ ਨਹੀਂ ਬਣੀ। ਰੇਲਵੇ ਸਟੇਸ਼ਨ ਨੂੰ ਅਪਗਰੇਡ ਕਰਨ ਦੀ ਲੋਡ਼ ਹੈ। ਨਾਜਾਇਜ਼ ਕਬਜ਼ੇ ਹਟਾ ਕੇ ਸ਼ਹਿਰ ਨਾਲ ਮਿਲਾਉਂਦੀਆਂ ਸਾਰੀਆਂ ਸਡ਼ਕਾਂ ਨੂੰ ਡਬਲ ਕਰਨ ਦੀ ਲੋਡ਼ ਹੈ। ਸ਼ਹਿਰ ਦੇ ਗੁ. ਸ੍ਰੀ ਬੇਰ ਸਾਹਿਬ ਰੋਡ ’ਤੇ ਗੁ. ਸ੍ਰੀ ਹੱਟ ਸਾਹਿਬ ਰੋਡ ਤੋਂ ਟ੍ਰੈਫਿਕ ਨੂੰ ਘੱਟ ਕਰਨ ਲਈ ਬਾਈਪਾਸ ਰੋਡ ਦੀ ਲੋਡ਼ ਹੈ ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਸੁਲਤਾਨਪੁਰ ਲੋਧੀ ਲਈ ਪਹਿਲ ਦੇ ਆਧਾਰ ’ਤੇ ਫੰਡ ਜਾਰੀ ਕੀਤੇ ਜਾਣ ਤਾਂ ਜੋ ਪ੍ਰਸਤਾਵਿਤ 29 ਵਿਕਾਸ ਪ੍ਰੋਜੈਕਟ ਤੇ ਹੋਰ ਕਾਰਜ ਨੇਪਰੇ ਚਡ਼੍ਹ ਸਕਣ। ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਨਰਿੰਦਰ ਸਿੰਘ ਖਿੰਡਾ ਸਾਬਕਾ ਮੈਂਬਰ ਬਲਾਕ ਸੰਮਤੀ, ਰਾਜਿੰਦਰ ਸਿੰਘ ਜੈਨਪੁਰ, ਤਰਸੇਮ, ਵਿੱਕੀ ਜੈਨਪੁਰ, ਨਵਦੀਪ ਮਸੀਤਾਂ, ਲਵਪ੍ਰੀਤ ਡਡਵਿੰਡੀ, ਜਸਕੰਵਲ ਸਿੰਘ ਤਲਵੰਡੀ ਆਦਿ ਨੇ ਸ਼ਿਰਕਤ ਕੀਤੀ।

Related News