ਕੋਰੋਨਾ ਆਫ਼ਤ ਦੇ ਕਾਰਨ ਕਾਵੜ ਯਾਤਰਾ ਮੁਲਤਵੀ, ਕਾਵੜੀਏ ਮਾਯੂਸ

Sunday, Jul 19, 2020 - 02:32 PM (IST)

ਮੋਗਾ (ਗੋਪੀ ਰਾਉੂਕੇ) : ਵਿਸ਼ਵ ਪੱਧਰ 'ਤੇ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਇਸ ਮਹਾਮਾਰੀ ਦਾ ਅਸਰ ਧਾਰਮਿਕ ਅਤੇ ਸਮਾਜਿਕ ਕਾਰਜਾਂ 'ਤੇ ਪਿਆ ਹੈ। ਕੋਰੋਨਾ ਕਰਕੇ ਸਾਵਣ ਮਹੀਨੇ ਦੇ ਸ਼ੁਰੂ 'ਚ ਹੋਣ ਵਾਲੀ ਪਵਿੱਤਰ ਕਾਵੜ ਯਾਤਰਾ ਵੀ ਐਤਕੀਂ ਕੋਰੋਨਾ ਆਫ਼ਤ ਦੇ ਚੱਲਦਿਆਂ ਮੁਲਤਵੀ ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਸ਼ਰਧਾਲੂ ਹਰ ਵਰ੍ਹੇ ਹਰਿਦੁਆਰ ਤੋਂ ਪਾਵਨ ਗੰਗਾ ਜਲ ਲਿਆ ਕੇ ਸ਼ਹਿਰ ਦੇ ਭਾਰਤ ਮਾਤਾ ਮੰਦਰ, ਸ਼ਿਵਾਲਾ ਮੰਦਿਰ ਅਤੇ ਹੋਰ ਸਥਾਨਾਂ 'ਤੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰਦੇ ਹਨ।

ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਿਵ ਭਗਤ ਆਪਣੇ ਮਨ ਦੀਆਂ ਲਹਿਰਾਂ ਅਨੁਸਾਰ ਨੱਚ-ਟੱਪ ਕੇ ਪ੍ਰਭੂ ਦੇ ਚਰਨਾ 'ਚ ਹਾਜ਼ਰੀ ਲਗਾਉਂਦੇ ਹਨ ਪਰ ਇਸ ਵਾਰ ਕਾਵੜ ਯਾਤਰਾ 'ਤੇ ਲੱਗੇ ਕੋਰੋਨਾ ਵਾਇਰਸ ਦੇ ਗ੍ਰਹਿਣ ਕਰਕੇ ਕਾਵੜ ਯਾਤਰੀਆਂ ਦੇ ਚਿਹਰੇ ਨਿਰਾਸ਼ ਹਨ।
ਪਿਛਲੇ ਲੰਮੇਂ ਸਮੇਂ ਤੋਂ ਕਾਵੜੀਆ ਨਾਲ ਯਾਤਰਾ 'ਤੇ ਜਾਂਦੇ ਸੁਮਿਤ ਭਾਟੀਆ ਦਾ ਕਹਿਣਾ ਸੀ ਕਿ ਕੋਰੋਨਾ ਕਰਕੇ ਇਸ ਵਾਰ ਕਾਵੜ ਦੀ ਸੇਵਾ 'ਤੇ ਉਹ ਜਾ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਕਾਵੜ ਮੰਡਲ ਦੇ ਸਾਰੇ 70 ਦੇ ਕਰੀਬ ਮੈਂਬਰ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਉਹ ਹਰ ਵਰ੍ਹੇ ਦੋ ਮਹੀਨੇ ਪਹਿਲਾਂ ਹੀ ਕਾਵੜ ਲਈ ਤਿਆਰੀਆਂ 'ਚ ਜੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਇਰਸ ਦੇ ਖ਼ਾਤਮੇ ਲਈ ਸਾਰੇ ਭਗਤ ਅਰਦਾਸ ਕਰ ਰਹੇ ਹਨ।


Babita

Content Editor

Related News