ਬੇਬੇ ਦੇ ਮਾਮਲੇ 'ਚ ਹਿਮਾਂਸ਼ੀ ਦੀਆਂ ਖਰੀਆਂ ਖਰੀਆਂ ਸੁਣਨ ਤੋਂ ਬਾਅਦ ਕੰਗਨਾ ਨੇ ਚੁੱਕਿਆ ਵੱਡਾ ਕਦਮ

Thursday, Dec 03, 2020 - 10:50 AM (IST)

ਜਲੰਧਰ (ਬਿਊਰੋ) — ਹਰ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ 'ਤੇ ਖੁੱਲ੍ਹ ਕੇ ਬੋਲਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਿਮਾਂਸ਼ੀ ਖੁਰਾਣਾ ਨੂੰ ਸੋਸ਼ਲ ਮੀਡੀਆ 'ਤੇ ਬਲਾਕ ਕਰ ਦਿੱਤਾ ਹੈ। ਹਾਲ ਹੀ 'ਚ ਪੰਜਾਬੀ ਅਦਾਕਾਰਾ ਤੇ ਬਿੱਗ ਬੌਸ 13 ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੰਗਨਾ ਨੂੰ ਘੇਰਿਆ ਸੀ ਅਤੇ ਉਸ ਖ਼ੂਬ ਖਰੀਆਂ-ਖਰੀਆਂ ਸੁਣਾਈਆਂ ਸਨ। ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ 'ਚ ਖ਼ੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਨ੍ਹਾਂ ਕਿਸਾਨਾਂ ਦਾ ਸਮਰਥਨ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਕਰ ਰਹੀਆਂ ਹਨ। ਉਨ੍ਹਾਂ 'ਚੋਂ ਫ਼ਿਲਮੀ ਸਿਤਾਰੇ ਵੀ ਸ਼ਾਮਲ ਹਨ। ਕਿਸਾਨ ਅੰਦੋਲਨ ਦੇ ਮੁੱਦੇ 'ਤੇ ਬਾਲੀਵੁੱਡ ਦੇ ਕਈ ਸਿਤਾਰੇ ਦੋ ਹਿੱਸਿਆਂ 'ਚ ਵੰਡੇ ਹੋਏ ਨਜ਼ਰ ਆ ਰਹੇ ਹਨ। ਕੋਈ ਇਸ ਮੁੱਦੇ 'ਤੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ ਤੇ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ।

PunjabKesari
ਹਾਲ ਹੀ 'ਚ ਕੰਗਨਾ ਰਣੌਨ ਨੇ ਟਵਿੱਟਰ 'ਤੇ ਕਿਸਾਨ ਅੰਦੋਲਨ ਨੂੰ ਲੈ ਕੇ ਲਿਖਿਆ, 'ਸ਼ਰਮਨਾਕ...ਕਿਸਾਨਾਂ ਦੇ ਨਾਂ 'ਤੇ ਹਰ ਕੋਈ ਆਪਣੀਆਂ ਰੋਟੀਆਂ ਸੇਕ ਰਿਹਾ ਹੈ। ਉਮੀਦ ਹੈ, ਸਰਕਾਰ ਅਜਿਹੇ ਰਾਸ਼ਟਰ ਵਿਰੋਧੀ ਨੂੰ ਫਾਇਦਾ ਉਠਾਉਣ ਦਾ ਮੌਕਾ ਨਹੀਂ ਦੇਵੇਗੀ ਅਤੇ ਖੂਨ ਦੇ ਪਿਆਸੇ ਗਿਰਝਾਂ ਅਤੇ ਟੁਕੜੇ ਵਾਲੇ ਗਿਰੋਹ ਨੂੰ ਫ਼ਿਰ ਤੋਂ ਸ਼ਾਹੀਨ ਬਾਗ਼ ਦੰਗਿਆਂ ਵਰਗੇ ਹਾਲਾਤ ਪੈਦਾ ਕਰਨ ਤੋਂ ਨਹੀਂ ਰੋਕ ਸਕੇਗੀ।'

PunjabKesari

ਹਿਮਾਂਸ਼ੀ ਖੁਰਾਣਾ ਨੇ ਜਾਹਿਰ ਕੀਤੀ ਆਪਣੀ ਪ੍ਰਤੀਕਿਰਿਆ
ਹਿਮਾਂਸ਼ੀ ਖੁਰਾਣਾ ਨੇ ਕੰਦਨਾ ਰਣੌਤ ਦੇ ਇਸ ਟਵੀਟ 'ਤੇ ਗੁੱਸਾ ਜਾਹਿਰ ਕਰਦਿਆਂ ਟਵੀਟ 'ਚ ਲਿਖਿਆ, 'ਓਹ ਤਾਂ ਹੁਣ ਇਹ ਨਵੀਂ ਸਪੋਕਸਪਰਸਨ ਹੈ। ਗੱਲ ਨੂੰ ਗਲ਼ਤ ਐਂਗਲ ਦੇਣਾ ਤਾਂ ਕੋਈ ਇਸ ਕੋਲੋਂ ਸਿੱਖੇ ਤਾਂਕਿ ਕੱਲ ਨੂੰ ਇਹ ਲੋਕ ਕੁਝ ਕਰਨ, ਉਸ ਤੋਂ ਪਹਿਲਾਂ ਹੀ ਲੋਕਾਂ 'ਚ ਵਜ੍ਹਾ ਫੈਲਾ ਦਿੱਤੀ ਕਿ ਕਿਉਂ ਦੰਗੇ ਹੋਣਗੇ।'

PunjabKesari
ਆਪਣੇ ਇਕ ਹੋਰ ਟਵੀਟ 'ਚ ਹਿਮਾਂਸ਼ੀ ਖੁਰਾਣਾ ਨੇ ਲਿਖਿਆ, 'ਚਲੋ ਹੁਣ ਅੰਤਰ ਨਹੀਂ ਰਿਹਾ ਤੁਹਾਡੇ 'ਚ ਤੇ ਬਾਲੀਵੁੱਡ 'ਚ ਕਿਉਂਕਿ ਤੁਹਾਡੇ ਅਨੁਸਾਰ, ਤੁਹਾਡੇ ਨਾਲ ਗਲ਼ਤ ਹੋਇਆ ਸੀ ਤਾਂ ਸ਼ਾਇਦ ਤੁਸੀਂ ਜ਼ਿਆਦਾ ਕਨੈਕਟ ਕਰ ਪਾਉਂਦੀ ਕਿਸਾਨਾਂ ਨਾਲ। ਭਾਵੇਂ ਉਹ ਗਲ਼ਤ ਜਾਂ ਸਹੀਂ ਪਰ ਇਸ ਸਭ ਤਾਨਸ਼ਾਹੀ ਤੋਂ ਘੱਟ ਨਹੀਂ।'

PunjabKesari

ਹਿਮਾਂਸ਼ੀ ਖੁਰਾਣਾ ਨੂੰ ਕੰਗਨਾ ਨੇ ਕੀਤਾ ਬਲਾਕ
ਹਿਮਾਂਸ਼ੀ ਖੁਰਾਣਾ ਦੇ ਇਨ੍ਹਾਂ ਟਵੀਟਸ ਤੋਂ ਬਾਅਦ ਕੰਗਨਾ ਨੇ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ 'ਤੇ ਬਲਾਕ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ 'ਕੰਗਨਾ ਰਣੌਤ ਨੇ ਬਲਾਕ ਕਰ ਦਿੱਤਾ ਹੈ।'

ਸਾਰਾ ਗੁਰਪਾਲ ਨੇ ਲਿਖੀ ਇਹ ਗੱਲ
ਸਾਰਾ ਗੁਰਪਾਲ ਨੇ ਕੰਗਨਾ ਨੂੰ ਲਿਖਿਆ, 'ਆਪਣੇ ਆਪ ਨੂੰ ਮਜਬੂਤ ਦਿਖਾਉਣ 'ਚ ਅਤੇ ਸੱਚੀ ਸਾਡੇ ਕਿਸਾਨਾਂ ਵਾਂਗੂ ਮਜਬੂਤ ਹੋਣ 'ਚ ਜੋ ਫ਼ਰਕ ਆ ਸਾਫ਼ ਦਿਖ ਗਿਆ ਅੱਜ। ਕਿਸੇ ਦੀਆਂ ਰੋਟੀਆਂ ਦਾ ਕੀ ਇਥੇ ਸਾਡੇ ਕਿਸਾਨਾਂ ਨੂੰ ਸਾਡੇ ਅੰਨ ਦਾਤਾ ਨੂੰ ਦੁੱਖੀ ਕਰਕੇ ਕਿਸੇ ਵੀ ਘਰ 'ਚ ਰੋਟੀ ਨਹੀਂ ਆਉਣੀ।'

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਕਿਸਾਨ ਧਰਨੇ 'ਚ ਇਕ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਦੱਸਿਆ ਸੀ। ਕੰਗਨਾ ਦੇ ਇਸ ਟਵੀਟ ਦੀ ਵੀ ਖ਼ੂਬ ਨਿੰਦਿਆ ਹੋ ਰਹੀ ਤੇ ਕਈ ਪੰਜਾਬੀ ਕਲਾਕਾਰਾਂ ਉਸ 'ਤੇ ਭੜਾਸ ਕੱਢ ਰਹੇ ਹਨ।

 

ਨੋਟ : ਕੰਗਨਾ ਵਲੋਂ ਹਿਮਾਂਸ਼ੀ ਖੁਰਾਣਾ ਨੂੰ ਬਲਾਕ ਕਰਨਾ ਸਹੀ ਹੈ ਜਾਂ ਗਲ਼ਤ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ। 


sunita

Content Editor

Related News