ਫਾਈਨਲ ਖਤਮ ਹੁੰਦਿਆਂ ਭਾਵੁਕ ਹੋਏ ਕਮਲਪ੍ਰੀਤ ਦੇ ਮਾਤਾ-ਪਿਤਾ, ਬੋਲੇ-ਛੇਵੇਂ ਸਥਾਨ ’ਤੇ ਰਹਿਣਾ ਵੀ ਵੱਡੀ ਪ੍ਰਾਪਤੀ
Monday, Aug 02, 2021 - 08:59 PM (IST)
ਕਬਰਵਾਲਾ (ਕੁਲਦੀਪ ਰਿਣੀ)-ਟੋਕੀਓ ਓਲੰਪਿਕ ਦੇ ਡਿਸਕਸ ਥ੍ਰੋਅ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਭਾਵੇਂ ਤਮਗੇ ਤੋਂ ਖੁੰਝ ਗਈ ਪਰ ਪਹਿਲੀ ਵਾਰ ਓਲੰਪਿਕ ’ਚ ਪਹੁੰਚ ਕੇ ਉਹ ਛੇਵੇਂ ਸਥਾਨ ’ਤੇ ਰਹੀ। ਫਾਈਨਲ ਖਤਮ ਹੁੰਦਿਆਂ ਹੀ ਕਮਲਪ੍ਰੀਤ ਦੀ ਮਾਤਾ ਰਜਿੰਦਰ ਕੌਰ ਭਾਵੁਕ ਹੋ ਗਏ।
ਪਿਤਾ ਕੁਲਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਮਲਪ੍ਰੀਤ ਨੇ ਬਹੁਤ ਸਖਤ ਮਿਹਨਤ ਕੀਤੀ। ਉਹ ਬੀਤੇ ਦੋ ਦਿਨ ਤੋਂ ਨਰਵਸ ਵੀ ਸੀ ਅਤੇ ਬਾਰਿਸ਼ ਨੇ ਵੀ ਰੁਕਾਵਟ ਖੜ੍ਹੀ ਕੀਤੀ, ਜਿਸ ਕਾਰਨ ਕਮਲਪ੍ਰੀਤ ਕੌਰ ਆਪਣਾ ਬੈਸਟ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ, ਭਾਵੇਂ ਉਹ ਤਮਗਾ ਨਹੀਂ ਲਿਆ ਸਕੀ ਪਰ ਪਹਿਲੀ ਵਾਰ ਓਲੰਪਿਕ ’ਚ ਜਾ ਕੇ ਛੇਵੇਂ ਸਥਾਨ ’ਤੇ ਰਹਿਣਾ ਵੀ ਪ੍ਰਾਪਤੀ ਹੈ।
ਜ਼ਿਕਰਯੋਗ ਹੈ ਕਿ ਡਿਸਕਸ ਥ੍ਰੋਅ ਫਾਈਨਲ ’ਚ ਕਮਲਪ੍ਰੀਤ ਕੌਰ ਨੇ ਫਾਈਨਲ ’ਚ ਛੇਵਾਂ ਸਥਾਨ ਹਾਸਲ ਕੀਤਾ ਤੇ ਉਹ ਇਤਿਹਾਸ ਰਚਣ ਤੋਂ ਖੁੰਝ ਗਈ।