ਜਾਣੋ ਕੌਣ ਹਨ ਜਲੰਧਰ ਤੋਂ 'ਆਪ' ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ
Saturday, Apr 06, 2019 - 12:49 PM (IST)
ਜਲੰਧਰ— 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਰਿਟਾਇਰਡ ਜਸਟਿਸ ਜ਼ੋਰਾ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ 'ਚ ਗਿਆ ਹੈ। ਜਸਟਿਸ ਜ਼ੋਰਾ ਸਿੰਘ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਅਤੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨਾਲ ਹੋਣ ਵਾਲਾ ਹੈ। ਜ਼ੋਰਾ ਸਿੰਘ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਐਲਾਨੇ ਗਏ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਵੀ ਟੱਕਰ ਦੇਣਗੇ।
ਜੱਜ ਦੇ ਤੌਰ 'ਤੇ ਨਿਭਾਅ ਚੁੱਕੇ ਨੇ ਸੇਵਾਵਾਂ
ਜਸਟਿਸ ਜ਼ੋਰਾ ਸਿੰਘ ਨਿਆਂਪਾਲਿਕਾ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਪੰਜਾਬ-ਹਰਿਆਣਾ ਹਾਈਕੋਰਟ 'ਚ ਜੱਜ ਦੇ ਤੌਰ 'ਤੇ 35 ਸਾਲ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਜ਼ੋਰਾ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਆਇਕ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਜਸਟਿਸ ਜ਼ੋਰਾ ਉਸ ਸਮੇਂ ਜ਼ਿਆਦਾ ਚਰਚਾ 'ਚ ਆਏ ਜਦੋਂ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਸੌਂਪੀ ਗਈ ਸੀ। ਪੰਜਾਬ 'ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੂੰ ਕਮਿਸ਼ਨ ਦਾ ਪ੍ਰਮੁੱਖ ਅਹੁਦਾ ਦਿੱਤਾ ਗਿਆ ਸੀ। ਬਾਦਲ ਸਰਕਾਰ ਦੇ ਸਮੇਂ ਜਸਟਿਸ ਜ਼ੋਰਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਅਤੇ ਆਪਣੀ ਰਿਪੋਰਟ ਵੀ ਸੌਂਪੀ ਪਰ ਕੋਈ ਵੀ ਕਾਰਵਾਈ ਨਹੀਂ ਹੋ ਸਕੀ ਸੀ। ਇਸੇ ਕਰਕੇ ਜਸਟਿਸ ਜ਼ੋਰਾ ਸਿੰਘ ਹਮੇਸ਼ਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ ਹਨ। 24 ਦਸੰਬਰ 2018 'ਚ ਜਸਟਿਸ ਜ਼ੋਰਾ ਸਿੰਘ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ। ਹੁਣ ਇਨ੍ਹਾਂ ਨੂੰ ਪਾਰਟੀ ਵੱਲੋਂ ਜਲੰਧਰ ਤੋਂ ਲੋਕ ਸੀਟ ਲਈ ਉਮੀਦਵਾਰ ਐਲਾਨਿਆ ਗਿਆ ਹੈ।