16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ
Sunday, Dec 12, 2021 - 06:51 PM (IST)
ਜਗਰਾਓਂ (ਮਾਲਵਾ) : ਪੁਲਸ ਤਸ਼ੱਦਦ ਤੋਂ ਬਾਅਦ 16 ਸਾਲ ਤੱਕ ਅਪਾਹਜ ਹੋ ਕੇ ਬੈੱਡ ’ਤੇ ਰਹਿਣ ਵਾਲੀ ਕੁਲਵੰਤ ਕੌਰ ਦੀ ਮੌਤ ਤੋਂ ਕੁੱਝ ਘੰਟਿਆਂ ਬਾਅਦ ਹੀ ਮੁਲਜ਼ਮਾਂ ’ਤੇ ਕਾਰਵਾਈ ਕੀਤੀ ਗਈ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਇਕਬਾਲ ਸਿੰਘਦੇ ਬਿਆਨ ’ਤੇ ਉਸ ਸਮੇਂ ਦੇ ਐੱਸ. ਐੱਚ. ਓ., ਜੋ ਕਿ ਹੁਣ ਡੀ. ਐੱਸ. ਪੀ. ਹਨ ਸਣੇ ਚਾਰ ਲੋਕਾਂ ’ਤੇ ਧਾਰਾ 304, 342, 34 ਐੱਸ. ਸੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਡੀ. ਐੱਸ. ਪੀ. ਭਵਾਨੀਗੜ੍ਹ ਗੁਰਿੰਦਰ ਬੱਲ ਖ਼ਿਲਾਫ਼ ਇਹ ਮੁਕੱਦਮਾਂ 16 ਜਨਤਕ ਜਥੇਬੰਦੀਆਂ ਦੇ ਸੰਘਰਸ਼ ਦੇ ਦਬਾਅ ਅਧੀਨ ਕੌਮੀ ਕਮਿਸ਼ਨ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਯੂ. ਪੀ. ਪੁਲਸ ਨੇ ਲੁਧਿਆਣਾ ’ਚ ਛਾਪਾ ਮਾਰ ਕੇ ਫੜੀਆਂ ਤਿੰਨ ਕੁੜੀਆਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਸਬ-ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਇਕਬਾਲ ਸਿੰਘ ਰਸੂਲਪੁਰ ਦੇ ਬਿਆਨਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਡੀ. ਐੱਸ. ਪੀ. ਗੁਰਿੰਦਰ ਸਿੰਘ ਬੱਲ ਖ਼ਿਲਾਫ਼ ਥਾਣਾ ਸਿਟੀ ਵਿਖੇ ਪਰਚਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖ਼ਿਲਾਫ਼ ਕੱਲ ਇਲਾਕੇ ਦੀਆਂ ਜੁਝਾਰੂ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ), ਕਿਰਤੀ ਕਿਸਾਨ ਯੂਥ ਵਿੰਗ, ਪੇਂਡੂ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਕਿਸਾਨ ਬਚਾਓ ਮੋਰਚਾ ਅਤੇ ਅੰਬੇਡਕਰੀ ਸੰਗਠਨਾਂ ’ਤੇ ਅਧਾਰਿਤ 16 ਵੱਖ-ਵੱਖ ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਮਜੀਠੀਆ, ਰੇਕੀ ਕਰਨ ਘਰ ਤੱਕ ਪਹੁੰਚੇ ਗੁਰਗੇ
ਪ੍ਰੈੱਸ ਨੂੰ ਜਾਰੀ ਸਾਂਝੇ ਬਿਆਨ ’ਚ ਜਨਤਕ ਆਗੂ ਕਮਲਜੀਤ ਖੰਨਾ, ਤਰਲੋਚਨ ਝੋਰੜਾ, ਕਰਮਜੀਤ ਕੋਟਕਪੂਰਾ, ਅਵਤਾਰ ਰਸੂਲਪੁਰ ਤੇ ਬੂਟਾ ਸਿੰਘ ਮਲਕ ਨੇ ਕਿਹਾ ਕਿ ਪੁਲਸ ਦੀ ਆਨਾਕਾਨੀ ਖਿਲਾਫ਼ ਜਨਤਕ ਸੰਘਰਸ਼ ਆਰੰਭ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਚਿਤਾਵਨੀ ਲਹਿਜ਼ੇ ’ਚ ਮ੍ਰਿਤਕਾ ਦੇ ਭੋਗ ਤੱਕ 20 ਦਸੰਬਰ ਧਰਨੇ ਮੁਲਤਵੀ ਕਰਦਿਆਂ ਕਿਹਾ ਕਿ ਗ੍ਰਿਫ਼ਤਾਰੀ ਲਈ ਅਗਲਾ ਪ੍ਰੋਗਰਾਮ ਜਲਦੀ ਬਣਾਇਆ ਜਾਵੇਗਾ। ਉਨ੍ਹਾਂ ਹਮਦਰਦ ਪੁਲਸ ਅਫਸਰਾਂ ਦਾ ਧੰਨਵਾਦ ਵੀ ਕੀਤਾ ਪਰ ਦੇਰੀ ਨਾਲ ਮਿਲੇ ਇਨਸਾਫ਼ ਲਈ ਇਤਰਾਜ਼ ਵੀ ਕੀਤਾ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਲੱਗਾ ਗ੍ਰਹਿਣ, ਵਾਪਸ ਪਰਤਦਿਆਂ ਪਿੰਡ ਆਸਾ ਬੁੱਟਰ ਦੇ ਦੋ ਨੌਜਵਾਨ ਕਿਸਾਨਾਂ ਦੀ ਮੌਤ
ਆਖਿਰ ਕੀ ਹੈ ਪੂਰਾ ਮਾਮਲਾ
ਸਾਲ 2005 ’ਚ ਜਗਰਾਓਂ ’ਚ ਇਕ ਨਾਬਾਲਗ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਇਸ ਘਟਨਾ 'ਚ ਕੁਲਵੰਤ ਕੌਰ ਦੇ ਭਰਾ ਮਾਸਟਰ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੰਨਾ ਹੀ ਨਹੀਂ, ਮਾਸਟਰ ਇਕਬਾਲ ਸਿੰਘ ਦੀ ਭੈਣ ਕੁਲਵੰਤ ਕੌਰ 'ਤੇ ਵੀ ਉਸ ਸਮੇਂ ਦੇ ਪੁਲਸ ਅਧਿਕਾਰੀ ਨੇ ਤਸ਼ੱਦਦ ਢਾਹੁੰਦੇ ਹੋਏ, ਉਸ ਨੂੰ ਕਰੰਟ ਤੱਕ ਲਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਅਪਾਹਜ ਹੋ ਗਈ ਸੀ। ਇਕਬਾਲ ਸਿੰਘ ਨੇ ਦੱਸਿਆ ਕਿ ਇਸ ਕਤਲ ਕੇਸ ’ਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਭੈਣ ਨੂੰ ਅਪਾਹਜ ਬਣਾਉਣ ਵਾਲੇ ਅਤੇ ਉਸ ਨੂੰ ਝੂਠੇ ਕਤਲ ਕੇਸ 'ਚ ਫਸਾਉਣ ਵਾਲੇ ਪੁਲਸ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਦੀ ਭੈਣ ਪੁਲਸ ਦੇ ਤਸ਼ੱਦਦ ਤੋਂ ਬਾਅਦ ਪੂਰੀ ਤਰ੍ਹਾਂ ਅਪਾਹਜ ਹੋ ਗਈ ਅਤੇ ਮੰਜੇ ਨਾਲ ਲੱਗ ਗਈ।
ਇਹ ਵੀ ਪੜ੍ਹੋ : ਪਟਿਆਲਾ : ਆਪਣੀ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਭੜਕੇ ਨੌਜਵਾਨ ਨੇ ਦੋਸਤ ਨੂੰ ਲਗਾ ਦਿੱਤੀ ਅੱਗ
ਕੁਲਵੰਤ ਕੌਰ ਦੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਮਾਸਟਰ ਇਕਬਾਲ ਸਿੰਘ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਨਾਲ ਜਗਰਾਓਂ ਦੇ ਐੱਸ. ਐੱਸ. ਪੀ. ਸਾਹਿਬ ਨੂੰ ਇਨਸਾਫ਼ ਲਈ ਮਿਲਿਆ ਸੀ। ਐੱਸ. ਐੱਸ. ਪੀ. ਵੱਲੋਂ ਉਸ ਨੂੰ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਇਹ ਵੀ ਦੱਸਣਯੋਗ ਹੈ ਕਿ ਕੁਲਵੰਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੂੰ ਇਕ ਚਿੱਠੀ ਲਿਖੀ ਸੀ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ ਪਰ ਇਸ ਚਿੱਠੀ ਨੂੰ ਗੁੰਮ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਮਾਸਟਰ ਇਕਬਾਲ ਸਿੰਘ ਨੂੰ ਆਰ. ਟੀ. ਆਈ. ਰਾਹੀਂ ਪ੍ਰਾਪਤ ਹੋਈ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾ ਵਸੀ ਪਤਨੀ ਨੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?