2 ਬੱਚਿਆਂ ਦੇ ਪਿਉ ਨੇ ਤਲਾਕ ਲਏ ਬਿਨਾਂ ਕਰਵਾਇਆ ਦੂਜਾ ਵਿਆਹ
Saturday, Jul 28, 2018 - 01:31 AM (IST)
ਤਪਾ ਮੰਡੀ(ਸ਼ਾਮ, ਗਰਗ)– ਪਿੰਡ ਦਰਾਜ ਦੇ 2 ਬੱਚਿਆਂ ਦੇ ਪਿਉ ਵੱਲੋਂ ਤਲਾਕ ਲਏ ਬਿਨਾਂ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਵਿਆਹ ਦੀ ਪੀੜਤਾ ਨੇ ਇਨਸਾਫ ਦੀ ਮੰਗ ਕਰਦਿਅਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਬੱਚਿਅਾਂ ਸਣੇ ਖੁਦਕੁਸ਼ੀ ਕਰ ਲਵੇਗੀ। ਪੀਡ਼ਤਾ ਜਸਵੀਰ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਹੁਸ਼ਿਆਰਪੁਰ ਨੇ ਰੋਂਦੇ-ਕੁਰਲਾਉਂਦਿਅਾਂ ਦੱਸਿਆ ਕਿ ਉਹ ਰੂਪ ਨਗਰ ’ਚ ਮਾਰਕੀਟਿੰਗ ਦਾ ਕੰਮ ਕਰਦੀ ਸੀ ਅਤੇ 2014 ’ਚ ਅਾਪਣੀ ਭੂਆ ਦੀ ਲਡ਼ਕੀ ਨੂੰ ਪਿੰਡ ਢੋਲਣਵਾਲ ਮਿਲਣ ਗਈ ਹੋਈ ਸੀ, ਜਿਥੇ ਲਖਵੀਰ ਸਿੰਘ ਬਿਜਲੀ ਮੀਟਰ ਬਾਹਰ ਕੱਢਣ ਲਈ ਆਇਆ ਹੋਇਆ ਸੀ, ਜਿਸ ਨਾਲ ਉਸ ਦਾ ਸੰਪਰਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀਅਾਂ ਇਕ-ਦੂਸਰੇ ਨਾਲ ਵਿਆਹ ਕਰਵਾਉਣ ਦੀਆਂ ਗੱਲਾਂ ਚੱਲ ਪਈਆਂ ਅਤੇ 4 ਜੁਲਾਈ 2015 ਨੂੰ ਉਨ੍ਹਾਂ ਇਕ ਧਾਰਮਕ ਅਸਥਾਨ ’ਚ ਗੁਰਮਰਿਅਾਦਾ ਅਨੁਸਾਰ ਆਨੰਦ ਕਾਰਜ ਕਰਵਾ ਲਏ ਅਤੇ ਪਤੀ-ਪਤਨੀ ਵਜੋਂ ਰੂਪ ਨਗਰ ਵਿਖੇ ਹੀ ਇਕ ਕਿਰਾਏ ਦੇ ਮਕਾਨ ’ਚ ਰਿਹਾਇਸ਼ ਕਰ ਲਈ। ਵਿਆਹ ਉਪਰੰਤ ਲਖਵੀਰ ਸਿੰਘ ਇਸ ਥਾਂ ’ਤੇ ਮਹੀਨੇ ’ਚ ਕੁਝ ਕੁ ਦਿਨ ਉਸ ਕੋਲ ਰਹਿੰਦਾ ਸੀ ਅਤੇ ਕਹਿੰਦਾ ਸੀ ਕਿ ਵੱਖ-ਵੱਖ ਥਾਵਾਂ ’ਤੇ ਬਿਜਲੀ ਮੀਟਰ ਬਾਹਰ ਕੱਢਣ ਦਾ ਕੰਮ ਚੱਲਣ ਕਾਰਨ ਉਸ ਨੂੰ ਬਾਹਰ ਰਹਿਣਾ ਪੈਂਦਾ ਹੈ। ਵਾਰ-ਵਾਰ ਕਹਿਣ ’ਤੇ ਵੀ ਲਖਵੀਰ ਸਿੰਘ ਨੇ ਉਸ ਨੂੰ ਅਾਪਣੇ ਪਿੰਡ ਦਾ ਮੂੰਹ ਤੱਕ ਨਹੀਂ ਦਿਖਾਇਆ। ਇਸੇ ਦੌਰਾਨ ਉਸ ਨੇ ਇਕ ਲਡ਼ਕੇ ਨੂੰ ਜਨਮ ਦਿੱਤਾ ਅਤੇ ਹੁਣ ਵੀ ਉਹ 6 ਮਹੀਨਿਆਂ ਦੀ ਗਰਭਵਤੀ ਹੈ।
ਮਾਮਲਾ ਪੁੱਜਾ ਡੀ. ਐੱਸ. ਪੀ. ਦੇ ਦਰਬਾਰ ’ਚ
ਜਸਵੀਰ ਕੌਰ ਦੇ ਕਹਿਣ ’ਤੇ ਲਖਵੀਰ ਸਿੰਘ ਨੇ ਅਾਪਣੀ ਰਿਹਾਇਸ਼ ਬਦਲ ਕੇ ਬਰਨਾਲਾ ਕਰ ਲਈ ਪਰ ਉਹ ਉਸ ਦੇ ਪਿੰਡ ਜਾਣ ਦੀ ਗੱਲ ’ਤੇ ਅਡ਼ੀ ਹੋਈ ਸੀ ਪਰ ਲਖਵੀਰ ਸਿੰਘ ਟਾਲ-ਮਟੋਲ ਕਰਦਾ ਰਿਹਾ, ਜਿਸ ਕਰਕੇ ਜਸਵੀਰ ਕੌਰ ਖੁਦ ਹੀ ਅਾਪਣੇ ਪਤੀ ਦਾ ਥਹੁ ਪਤਾ ਲਾਉਂਦਿਅਾਂ ਉਸ ਦੇ ਪਿੰਡ ਪਹੁੰਚ ਗਈ, ਜਿਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਲਖਵੀਰ ਸਿੰਘ ਦਾ ਤਾਂ ਪਹਿਲਾਂ ਹੀ ਵਿਆਹ ਹੋਇਆ ਹੈ, ਜਿਸ ਦੇ 2 ਬੱਚੇ ਵੀ ਹਨ। ਇਹ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਸਵੀਰ ਕੌਰ ਨੇ ਐੱਸ. ਐੱਸ. ਪੀ. ਬਰਨਾਲਾ ਕੋਲ ਇਨਸਾਫ ਲਈ ਮੰਗ ਕੀਤੀ, ਜਿਨ੍ਹਾਂ ਇਹ ਮਾਮਲਾ ਡੀ.ਐੱਸ.ਪੀ ਤਪਾ ਨੂੰ ਭੇਜ ਦਿੱਤਾ। ਪੀੜਤਾ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਲਖਵੀਰ ਸਿੰਘ ਨੇ ਬਿਨਾਂ ਦੱਸੇ ਅਤੇ ਬਿਨਾਂ ਤਲਾਕ ਲਏ ਉਸ ਨਾਲ ਧੋਖੇ ਨਾਲ ਵਿਆਹ ਕਰਵਾ ਕੇ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਹੈ। ਲਖਵੀਰ ਸਿੰਘ ਵੱਲੋਂ ਕੀਤੇ ਧੋਖੇ ਦੀ ਸਜ਼ਾ ਉਸ ਦਾ ਬੇਟਾ ਅਤੇ ਪੇਟ ’ਚ ਪਲ ਰਿਹਾ ਬੱਚਾ ਭੁਗਤ ਰਿਹਾ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਅਾਪਣੇ ਬੱਚਿਆਂ ਸਣੇ ਪਿੰਡ ਦਰਾਜ ’ਚ ਜਾ ਕੇ ਲਖਵੀਰ ਸਿੰਘ ਦੇ ਘਰ ਅੱਗੇ ਖੁਦਕੁਸ਼ੀ ਕਰ ਲਵੇਗੀ। ਜਦੋਂ ਉਕਤ ਮਾਮਲੇ ’ਚ ਲਖਵੀਰ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਸ ਦਾ ਮੋਬਾਇਲ ਬੰਦ ਆ ਰਿਹਾ ਸੀ। ਜਦੋਂਕਿ ਉਸ ਦੇ ਭਰਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਲਖਵੀਰ ਪਿਛਲੇ 7-8 ਦਿਨਾਂ ਤੋਂ ਘਰੋਂ ਕਿਸੇ ਕੰਮ ਕਾਰਨ ਬਾਹਰ ਗਿਆ ਹੋਇਆ ਹੈ।
ਲਖਵੀਰ ਸਿੰਘ ਨੇ ਅਗਾਊਂ ਜ਼ਮਾਨਤ ਲਈ ਅਦਾਲਤ ’ਚ ਦਾਖਲ ਕੀਤੀ ਅਰਜ਼ੀ, ਪੇਸ਼ੀ 9 ਨੂੰ
ਡੀ. ਐੱਸ. ਪੀ. ਤਪਾ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੀਡ਼ਤਾ ਦੀ ਦਰਖਾਸਤ ਮਿਲ ਗਈ ਹੈ। ਲਖਵੀਰ ਸਿੰਘ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੋਬਾਇਲ ਬੰਦ ਆ ਰਿਹਾ ਹੈ। ਪਤਾ ਲੱਗਾ ਹੈ ਲਖਵੀਰ ਸਿੰਘ ਨੇ ਮਾਣਯੋਗ ਅਡੀਸ਼ਨਲ ਸੈਸ਼ਨ ਬਰਨਾਲਾ ਵਿਖੇ ਅਾਪਣੀ ਅਗਾਊਂ ਜ਼ਮਾਨਤ ਕਰਵਾਉਣ ਲਈ ਦਰਖਾਸਤ ਪੇਸ਼ ਕੀਤੀ ਹੈ, ਜਿਸ ਦੀ ਪੇਸ਼ੀ 9 ਅਗਸਤ ਨੂੰ ਰੱਖੀ ਗਈ ਹੈ। ਪੀਡ਼ਤਾ ਦੀ ਦਰਖਾਸਤ ਦੀ ਜਾਂਚ ਕਰ ਕੇ ਇਨਸਾਫ ਜ਼ਰੂਰ ਦਿੱਤਾ ਜਾਵੇਗਾ।
