ਜਥੇਦਾਰ ਵਲੋਂ 6 ਜੂਨ ਨੂੰ ਕਾਲਾ ਦਿਵਸ ਕਹਿਣਾ ਗਲਤ : ਦਲ ਖਾਲਸਾ

Saturday, Jun 08, 2019 - 11:23 AM (IST)

ਜਥੇਦਾਰ ਵਲੋਂ 6 ਜੂਨ ਨੂੰ ਕਾਲਾ ਦਿਵਸ ਕਹਿਣਾ ਗਲਤ : ਦਲ ਖਾਲਸਾ

ਚੰਡੀਗੜ੍ਹ (ਭੁੱਲਰ) : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ 6 ਜੂਨ ਨੂੰ ਕਾਲਾ ਦਿਵਸ ਦੱਸਣ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਦਲ ਖਾਲਸਾ ਨੇ ਕਿਹਾ ਕਿ ਹਕੀਕਤ ਵਿਚ 6 ਜੂਨ 1984 ਦਾ ਦਿਨ ਜੁਝਾਰੂ ਵਿਚਾਰਧਾਰਾ ਅਤੇ ਸੰਕਲਪ ਦੀ ਪੁਨਰ-ਸੁਰਜੀਤੀ ਦਾ ਦਿਹਾੜਾ ਸੀ, ਜਿਸ ਨੇ ਸੁੱਤੀ ਕੌਮ ਨੂੰ ਹਲੂਣਾ ਦਿੱਤਾ ਅਤੇ ਆਜ਼ਾਦੀ ਦੇ ਰਾਹ 'ਤੇ ਤੋਰਿਆ। ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੂਨ 1984 'ਚ ਜਦੋਂ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਆਜ਼ਾਦੀ ਪਸੰਦ ਸਿੱਖਾਂ ਨੇ ਆਖਰੀ ਸਾਹ ਤੱਕ ਲੜਦਿਆਂ ਸ਼ਹਾਦਤਾਂ ਦਿੱਤੀਆਂ। ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜੂਨ 6 ਨੂੰ ਖਾਲਿਸਤਾਨ ਸੰਘਰਸ਼ ਡੇਅ, ਸ਼ਹੀਦੀ ਜਾਂ ਘੱਲੂਘਾਰਾ ਦਿਹਾੜਾ ਤਾਂ ਆਖ ਸਕਦੇ ਹਾਂ ਪਰ ਕਾਲਾ ਦਿਨ ਨਹੀਂ।

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੂਨ 6 ਨੂੰ ਕਾਲਾ ਦਿਨ ਦੱਸ ਕੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਪਿੱਛੇ ਕੰਮ ਕਰਦੀ ਸੋਚ ਅਤੇ ਭਾਵਨਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਮਾਗਮ ਮੌਕੇ ਅਤੇ ਅਰਦਾਸ 'ਚ ਇਹ ਦੁਹਰਾਇਆ ਜਾਂਦਾ ਹੈ ਕਿ ਸਿੰਘਾਂ-ਸੂਰਮਿਆਂ ਨੇ ਜੂਝਦਿਆਂ ਸ਼ਹਾਦਤਾਂ ਦਿੱਤੀਆਂ ਤਾਂ ਫਿਰ ਇਹ ਦਿਨ ਕਾਲਾ ਕਿਵੇਂ ਹੋਇਆ।


author

Gurminder Singh

Content Editor

Related News