ਜਾਰਡਨ ਮਰਡਰ ਕੇਸ : ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੈਂਬਰ ਭਾਰੀ ਮਾਤਰਾ 'ਚ ਹਥਿਆਰਾਂ ਸਣੇ ਗ੍ਰਿਫਤਾਰ (ਵੀਡੀਓ)

05/27/2018 2:48:24 PM

ਅਬੋਹਰ  (ਸੁਨੀਲ)  - ਪਿਛਲੇ ਦਿਨੀਂ ਸ਼੍ਰੀਗੰਗਾਨਗਰ 'ਚ ਇਕ ਜਿਮ 'ਚ ਹੋਏ ਜਾਰਡਨ ਮਰਡਰ ਕੇਸ 'ਚ ਜਿਥੇ ਪੰਜਾਬ ਤੇ ਰਾਜਸਥਾਨ ਪੁਲਸ ਵੱਲੋਂ ਸਾਂਝੇ ਰੂਪ 'ਚ ਉਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਫੜਨ ਲਈ ਦਿਨ-ਰਾਤ ਇਕ ਕੀਤੇ ਹੋਏ ਹਨ, ਉਥੇ ਅਬੋਹਰ ਪੁਲਸ ਨੇ ਪਿਛਲੇ ਰਾਤ ਲਾਰੈਂਸ ਬਿਸ਼ਨੋਈ ਗੈਂਗ ਦੇ 3 ਮੈਂਬਰਾਂ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਉਪਕਪਤਾਨ ਗੁਰਬਿੰਦਰ ਸਿੰਘ ਸਾਂਘਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਬੋਹਰ ਸੀ. ਆਈ. ਏ. ਸਟਾਫ ਦੇ ਇੰਚਾਰਜ ਸੱਜਣ ਸਿੰਘ ਨੇ ਪਿਛਲੀ ਸ਼ਾਮ ਆਪਣੀ ਟੀਮ ਸਣੇ ਗੁਮਜਾਲ ਨੇੜੇ ਨਾਕਾਬੰਦੀ ਕਰ ਰੱਖੀ ਸੀ ਤਾਂ ਜੋ ਉਨ੍ਹਾਂ ਨੂੰ ਗੁਪਤ ਸੂਤਰਾਂ ਨੇ ਸੂਚਨਾ ਦਿੱਤੀ ਕਿ ਲਾਰੈਂਸ ਬਿਸ਼ਨੋਈ ਦੀ ਬੁਆ ਦਾ ਪੁੱਤਰ ਅਭਿਸ਼ੇਕ ਬਿਸ਼ਨੋਈ ਪੁੱਤਰ ਰਣਜੀਤ ਬਿਸ਼ਨੋਈ ਨਿਵਾਸੀ ਪਿੰਡ ਕਿਸ਼ਨਪੁਰਾ ਜ਼ਿਲਾ ਸੰਗਰੀਆ, ਵਿਕਾਸ ਕੁਮਾਰ ਪੁੱਤਰ ਨਿਹਾਲ ਚੰਦ ਨਿਵਾਸੀ ਉੱਜਵਲਵਾਸ ਨੋਹਰ ਤੇ ਨਰਿੰਦਰ ਸਿੰਘ ਉਰਫ ਨੰਦੂ ਪੁੱਤਰ ਮਹਾਵੀਰ ਨਿਵਾਸੀ ਰਾਜਾਂਵਾਲੀ ਆਪਣੇ 2 ਅਣਪਛਾਤੇ ਸਾਥੀਆਂ ਨਾਲ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਪੰਨੀਵਾਲਾ ਮਾਹਲਾ 'ਚ ਝਾੜੀਆਂ 'ਚ ਲੁਕੇ ਹੋਏ ਹਨ, ਜਿਸ 'ਤੇ ਪੁਲਸ ਟੀਮ ਨੇ ਉਕਤ ਥਾਂ 'ਤੇ ਛਾਪੇਮਾਰੀ ਕੀਤੀ ਤਾਂ 2 ਅਣਪਛਾਤੇ ਨੌਜਵਾਨ ਉਥੋਂ ਭੱਜ ਨਿਕਲੇ, ਜਦਕਿ ਉਕਤ ਤਿੰਨਾਂ ਨੂੰ ਪੁਲਸ ਨੇ ਭਾਰੀ ਮਾਤਰਾ 'ਚ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ। ਪੁਲਸ ਉਪਕਪਤਾਨ ਨੇ ਦੱਸਿਆ ਕਿ ਅਭਿਸ਼ੇਕ ਬਿਸ਼ਨੋਈ ਤੋਂ ਇਕ 315 ਬੋਰ ਦੀ ਪਿਸਟਲ ਤੇ 3 ਜ਼ਿੰਦਾ ਰਾਊਂਡ, ਇਕ 32 ਬੋਰ ਦਾ ਦੇਸੀ ਪਿਸਤੌਲ ਤੇ 2 ਜ਼ਿੰਦਾ ਰਾਊਂਡ, ਵਿਕਾਸ ਤੇ ਨਰਿੰਦਰ ਤੋਂ 32 ਬੋਰ ਦੀਆਂ 2 ਪਿਸਤੌਲਾਂ, 3 ਜ਼ਿੰਦਾ ਰਾਊਂਡ ਤੇ ਇਕ ਖਾਲੀ ਰਾਊਂਡ ਬਰਾਮਦ ਹੋਇਆ ਹੈ।
ਕੀ ਕਹਿਣਾ ਹੈ ਪੁਲਸ ਦਾ
ਥਾਣਾ ਖੁਈਆ ਸਰਵਰ ਦੀ ਪੁਲਸ ਨੇ ਉਕਤ ਪੰਜਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਉਪਕਪਤਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਇਹ ਪੁੱਛਗਿੱਛ ਕੀਤੀ ਜਾਏਗੀ ਕਿ ਉਨ੍ਹਾਂ ਦਾ ਲਾਰੈਂਸ ਬਿਸ਼ਨੋਈ ਤੇ ਅੰਕਿਤ ਭਾਦੂ ਨਾਲ ਕੀ ਸਬੰਧ ਹੈ ਤੇ ਉਹ ਕਿਹੜੀ ਘਟਨਾ ਨੂੰ ਅੰਜਾਮ ਦੇਣ ਲਈ ਪੰਜਾਬ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਫੜੇ ਗਏ ਤਿੰਨਾਂ ਦੋਸ਼ੀਆਂ ਦੀ ਉਮਰ ਲਗਭਗ 20-22 ਸਾਲ ਹੈ।
ਕੌਣ ਹੈ ਲਾਰੈਂਸ ਬਿਸ਼ਨੋਈ
ਲਾਰੈਂਸ ਬਿਸ਼ਨੋਈ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ ਨਾਂ ਦਾ ਇਕ ਸੰਗਠਨ ਚਲਾਉਂਦਾ ਹੈ ਪਰ ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਲਾਰੈਂਸ ਬਿਸ਼ਨੋਈ ਇਕ ਅੱਤਵਾਦ ਦਾ ਨਾਂ ਹੈ। ਪੰਜਾਬ ਦੇ ਫਾਜ਼ਿਲਕਾ ਦੇ ਅਬੋਹਰ ਦੇ ਰਹਿਣ ਵਾਲੇ ਲਾਰੈਂਸ ਦੇ ਪਿਤਾ ਲਵਿੰਦਰ ਕੁਮਾਰ ਪੰਜਾਬ ਪੁਲਸ 'ਚ ਕਾਂਸਟੇਬਲ ਰਹਿ ਚੁੱਕੇ ਹਨ।
ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਹੈ ਲਾਰੈਂਸ 
ਕੁਝ ਮਹੀਨੇ ਪਹਿਲਾਂ ਲਾਰੈਂਸ ਬਿਸ਼ਨੋਈ ਉਦੋਂ ਦੇਸ਼ ਭਰ 'ਚ ਸੁਰਖੀਆਂ 'ਚ ਆ ਗਿਆ ਸੀ, ਜਦ ਉਸ ਨੇ ਜੋਧਪੁਰ ਕੋਰਟ 'ਚ ਪੇਸ਼ੀ ਦੌਰਾਨ ਮੀਡੀਆ ਦੇ ਸਾਹਮਣੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਮੁੰਬਈ ਤੱਕ ਸਲਮਾਨ ਖਾਨ ਦੀ ਸੁਰੱਖਿਆ ਵਧਾਈ ਗਈ। ਲਾਰੈਂਸ ਦੀ ਇਸੇ ਧਮਕੀ ਕਾਰਨ ਅੱਜ ਵੀ ਸਲਮਾਨ ਖਾਨ ਨੂੰ ਵਾਧੂ ਸੁਰੱਖਿਆ ਮਿਲੀ ਹੋਈ ਹੈ, ਹਾਲਾਂਕਿ ਜਿਸ ਕਾਲੇ ਹਿਰਨ ਨੂੰ ਲੈ ਕੇ ਲਾਰੈਂਸ ਨੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਉਸ 'ਚ ਸਲਮਾਨ ਖਾਨ ਵਿਰੁੱਧ ਫੈਸਲਾ ਆ ਗਿਆ ਸੀ ਪਰ ਇਸ ਦੇ ਬਾਵਜੂਦ ਲਾਰੈਂਸ ਦਾ ਡਰ ਵੀ ਬਰਕਰਾਰ ਹੈ।


Related News