ਗੰਨੇ ਦੇ ਮੁੱਲ ''ਚ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਧਰਮਸੌਤ

Friday, Jul 20, 2018 - 07:09 AM (IST)

ਚੰਡੀਗੜ੍ਹ (ਕਮਲ) - ਸੂਬੇ ਦੇ ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗੰਨੇ ਦੇ ਸਮਰਥਨ ਮੁੱਲ 'ਚ ਕੀਤੇ ਗਏ 20 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਮਹਿਜ਼ ਨਿਗੂਣਾ ਦੱਸਦਿਆਂ ਇਸ ਨੂੰ ਦੇਸ਼ ਦੇ ਅੰਨਦਾਤਾ ਨਾਲ ਕੋਝਾ ਮਜ਼ਾਕ ਦੱਸਿਆ ਹੈ। ਧਰਮਸੌਤ ਨੇ ਕਿਹਾ ਕਿ ਇਹ ਵਾਧਾ ਘੱਟੋ-ਘੱਟ 100 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਜਾਣਾ ਚਾਹੀਦਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੇ ਜਾਣ ਦਾ ਵਾਅਦਾ ਕਰਨ ਵਾਲੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਸ ਤਰੀਕੇ ਨਾਲ ਫਸਲਾਂ ਦੀਆਂ ਕੀਮਤਾਂ 'ਚ ਨਾਮਾਤਰ ਵਾਧਾ ਕਰ ਕੇ ਕਿਸਾਨਾਂ ਦਾ ਮਖੌਲ ਉਡਾਇਆ ਜਾ ਰਿਹਾ, ਉਸ ਤੋਂ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਅਤ ਦਾ ਸਾਫ ਪਤਾ ਲੱਗਦਾ ਹੈ ਕਿ ਉਹ ਕਿਸਾਨ ਹਤੈਸ਼ੀ ਨਹੀਂ, ਸਗੋਂ ਕਿਸਾਨ ਵਿਰੋਧੀ ਹੈ। ਧਰਮਸੌਤ ਨੇ ਇਹ ਦੋਸ਼ ਵੀ ਲਾਇਆ ਕਿ ਮੋਦੀ ਸਰਕਾਰ ਵਲੋਂ ਇਹ ਐਲਾਨ ਵੋਟਾਂ ਨੂੰ ਮਦੇਨਜ਼ਰ ਰਖਦਿਆਂ ਲਿਆ ਗਿਆ ਹੈ । ਉਨ੍ਹਾਂ ਦੂਜੀਆਂ ਜਿਣਸਾਂ ਦੀਆਂ ਕੀਮਤਾਂ 'ਚ ਕੀਤੇ ਵਾਧੇ ਤੇ ਵੀ ਅਸੰਤੁਸ਼ਟੀ ਪ੍ਰਗਟ ਕੀਤੀ ।


Related News