50 ਪਿੰਡਾਂ ਦੀ ਸਾਂਝੀ ਸੰਘਰਸ਼ ਕਮੇਟੀ ਨੇ ਕੌਮੀ ਮਾਰਗ ''ਤੇ ਲਾਂਘੇ ਨੂੰ ਲੈ ਕੇ ਲਾਇਆ ਧਰਨਾ

11/22/2017 4:58:48 AM

ਮੰਡੀ ਗੋਬਿੰਦਗੜ੍ਹ, (ਜਗਦੇਵ)— ਜਰਨੈਲੀ ਸੜਕ 'ਤੇ ਛੇ-ਮਾਰਗੀ ਸੜਕਾਂ ਤੇ ਪੁਲਾਂ ਦੇ ਨਿਰਮਾਣ ਕਾਰਨ ਮੰਡੀ ਗੋਬਿੰਦਗੜ੍ਹ ਵਿਚ ਲੋੜੀਂਦਾ ਲਾਂਘਾ ਨਾ ਛੱਡੇ ਜਾਣ ਦੇ ਵਿਰੋਧ ਵਿਚ ਇਲਾਕੇ ਦੇ ਲੱਗਭਗ 50 ਪਿੰਡਾਂ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਜੀ. ਟੀ. ਰੋਡ ਉਪਰ ਪਿੰਡ ਅੰਬੇਮਾਜਰਾ ਮੂਹਰੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲਾ ਪ੍ਰਸ਼ਾਸਨ ਨੂੰ 21 ਦਸੰਬਰ ਤਕ ਦਾ ਅਲਟੀਮੇਟਮ ਦਿੱਤਾ ਗਿਆ ਹੈ, ਜਿਸ ਮਗਰੋਂ ਕੌਮੀ ਰਾਜ ਮਾਰਗ 'ਤੇ ਆਵਾਜਾਈ ਠੱਪ ਕਰ ਕੇ ਜੇਲ ਭਰੋ ਅੰਦੋਲਨ ਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। 
ਇਸ ਮੌਕੇ ਸੰਘਰਸ਼ ਕਮੇਟੀ ਵੱਲੋਂ ਰੋਡ ਜਾਮ ਕਰਨ ਦੀ ਦਿੱਤੀ ਚਿਤਾਵਨੀ ਨੂੰ ਗੰਭਰੀਤਾ ਨਾਲ ਲੈਂਦਿਆਂ ਉਪ ਮੰਡਲ ਮੈਜਿਸਟਰੇਟ ਅਮਲੋਹ ਜਸਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਮਨਪ੍ਰੀਤ ਸਿੰਘ ਨੇ ਧਰਨੇ ਵਿਚ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਕ ਹਫਤੇ ਦੇ ਅੰਦਰ-ਅੰਦਰ ਉਨ੍ਹਾਂ ਨੂੰ ਜੀ. ਟੀ. ਰੋਡ 'ਤੇ ਆਰਜ਼ੀ ਤੌਰ 'ਤੇ ਰਸਤਾ ਦਿੱਤਾ ਜਾਵੇਗਾ ਤੇ ਛੇਤੀ ਹੀ ਅੰਡਰ ਬ੍ਰਿਜ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਕੇ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ, ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ 21 ਦਸੰਬਰ ਤਕ ਧਰਨਾ ਚੁੱਕ ਲਿਆ ਹੈ। 
ਜ਼ਿਕਰਯੋਗ ਹੈ ਕਿ ਕੌਮੀ ਰਾਜ ਮਾਰਗ 'ਤੇ ਸੋਮਾ ਕੰਪਨੀ ਵੱਲੋਂ ਛੇ-ਮਾਰਗੀ ਸੜਕਾਂ ਦੇ ਨਿਰਮਾਣ ਸਮੇਂ ਮੰਡੀ ਗੋਬਿੰਦਗੜ੍ਹ ਅਤੇ ਸਰਹਿੰਦ ਦਰਮਿਆਨ ਬਣਦੇ ਕੱਟ ਨਾ ਛੱਡੇ ਜਾਣ ਕਾਰਨ ਇਲਾਕੇ ਦੇ 50 ਪਿੰਡਾਂ ਨੂੰ ਜਿਥੇ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਟਰੱਕਾਂ ਨੂੰ ਕਈ-ਕਈ ਕਿਲੋਮੀਟਰ ਦਾ ਵਾਧੂ ਪੈਂਡਾ ਤੈਅ ਕਰਨਾ ਪੈਂਦਾ ਹੈ, ਜਿਸ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ।  ਚੇਤੇ ਰਹੇ ਕਿ ਸਾਲ 2015 ਵਿਚ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਅੰਬੇਮਾਜਰਾ ਦੀ ਸੰਘਰਸ਼ ਕਮੇਟੀ ਦੇ ਤਿੱਖੇ ਸੰਘਰਸ਼ ਨੂੰ ਵੇਖਦੇ ਹੋਏ ਪਿੰਡ ਅੰਬੇਮਾਜਰਾ ਨੇੜੇ ਅੰਡਰ ਬ੍ਰਿਜ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਪ੍ਰੰਤੂ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੰਡਰ ਬ੍ਰਿਜ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਅਤੇ ਇਸੇ ਵਾਅਦਾ-ਖਿਲਾਫੀ ਨੂੰ ਲੈ ਕੇ ਸੰਘਰਸ਼ ਕਮੇਟੀ ਅਤੇ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਹੈ। 
ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਨੈਸ਼ਨਲ ਹਾਈਵੇ ਅਥਾਰਟੀ ਤੇ ਪ੍ਰਸ਼ਾਸਨ ਖਿਲਾਫ ਦਿੱਤੇ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਜਗਮੀਤ ਸਿੰਘ ਸਹੋਤਾ ਸਾਬਕਾ ਕੌਂਸਲ ਪ੍ਰਧਾਨ, ਜਥੇਦਾਰ ਮਹਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਭੰਗੂ ਸਰਪੰਚ ਅੰਬੇਮਾਜਰਾ, ਅਮਰਿੰਦਰ ਸਿੰਘ ਭੰਗੂ ਅਤੇ ਲਖਬੀਰ ਸਿੰਘ ਪੰਚ ਨੇ ਜ਼ਿਲਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਦਾ ਇਹ ਧਰਨਾ ਭਾਵੇਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਦਿੱਤਾ ਗਿਆ ਹੈ ਪਰ ਜੇਕਰ 21 ਦਸੰਬਰ ਤੋਂ ਪਹਿਲਾਂ ਜੀ. ਟੀ. ਰੋਡ ਉਪਰ ਹਲਕਾ ਵਾਸੀਆਂ ਨੂੰ ਲੰਘਣ ਲਈ ਕੋਈ ਰਸਤਾ ਜਾਂ ਅੰਡਰ ਬ੍ਰਿਜ ਦਾ ਨਿਰਮਾਣ ਕਾਰਜ ਸ਼ੁਰੂ ਨਾ ਕਰਵਾਇਆ ਤਾਂ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੰਡੀ ਗੋਬਿੰਦਗੜ੍ਹ ਸਰਹਿੰਦ ਜੀ. ਟੀ. ਰੋਡ ਉਪਰ ਆਵਾਜਾਈ ਠੱਪ ਕਰ ਕੇ ਤਿੱਖਾ ਸੰਘਰਸ਼ ਵਿੱਢਣਗੇ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਨੈਸ਼ਲ ਹਾਈਵੇ ਅਥਾਰਟੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ। ਇਹ ਧਰਨਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਜੀ. ਟੀ. ਰੋਡ ਉਪਰ ਦੀ ਕੱਟ ਜਾਂ ਅੰਡਰ ਬ੍ਰਿਜ ਬਣਾਉਣ ਦਾ ਕੋਈ ਸਾਰਥਕ ਹੱਲ ਨਹੀਂ ਕੀਤਾ ਜਾਵੇਗਾ। 
ਧਰਨੇ ਵਿਚ ਸੰਘਰਸ਼ ਕਮੇਟੀ ਦੇ ਮੁਖੀ ਜਥੇਦਾਰ ਮਹਿੰਦਰ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਜਗਮੀਤ ਸਿੰਘ ਸਹੋਤਾ, ਹਰਪ੍ਰੀਤ ਸਿੰਘ ਵਿੱਕੀ ਚਾਹਲ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਗਿੱਲ, ਰਣਜੀਤ ਸਿੰਘ ਭੰਗੂ ਸਰਪੰਚ, ਕੁਲਵਿੰਦਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਤਿੰਦਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਬੱਬੀ, ਅਮਰਿੰਦਰ ਸਿੰਘ ਭੰਗੂ ਨੰਬਰਦਾਰ, ਹਰਦਿਆਲ ਸਿੰਘ, ਸਿਕੰਦਰ ਸਿੰਘ, ਪ੍ਰਗਟ ਸਿੰਘ, ਲਖਵੀਰ ਸਿੰਘ ਪੰਚ, ਮਨਤੇਜ ਸਿੰਘ, ਗੁਰਤੇਜ ਸਿੰਘ ਚੀਮਾ, ਸਤਵਿੰਦਰ ਸਿੰਘ ਮਾਵੀ, ਗੁਰਦੀਪ ਸਿੰਘ ਗੁਰਾਇਆ, ਗੁਰਮੀਤ ਸਿੰਘ ਚੀਮਾ, ਪ੍ਰੀਤਮ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਰਾਮ ਪ੍ਰਕਾਸ਼ ਅਜਨਾਲੀ, ਸੁਰਿੰਦਰ ਸਿੰਘ ਭੰਗੂ, ਦਿਲਵਰ ਸਿੰਘ, ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਗੁਰਸੇਵਕ ਸਿੰਘ ਕੋਟਲੀ, ਗੱਜਣ ਸਿੰਘ ਮਹਿਮੂਦਪੁਰ, ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਸੰਤੋਖ ਸਿੰਘ ਖਨਿਆਣ, ਸੁਖਦੇਵ ਸਿੰਘ ਬੈਣੀ, ਗੁਰਮਨ ਢੀਂਡਸਾ, ਜਸਵੀਰ ਸਿੰਘ ਬੈਨੀਪਾਲ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਲੋਕ ਸ਼ਾਮਿਲ ਹੋਏ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਅਮਲੋਹ ਜਸਪ੍ਰੀਤ ਸਿੰਘ ਤੇ ਡੀ. ਐੱਸ. ਪੀ. ਅਮਲੋਹ ਮਨਪ੍ਰੀਤ ਸਿੰਘ ਨੇ ਸੰਘਰਸ਼ ਕਮੇਟੀ ਦੇ ਆਗੂ ਜਥੇਦਾਰ ਮਹਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਂਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਇਸ ਜਾਇਜ਼ ਮੰਗ ਨੂੰ ਪ੍ਰਵਾਨ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। 


Related News