ਕਾਂਗਰਸ ਨੂੰ ਝਟਕਾ, ਜੋਗਿੰਦਰ ਸਿੰਘ ਪੰਜਗਰਾਈਂ ਅਕਾਲੀ ਦਲ 'ਚ ਸ਼ਾਮਲ
Tuesday, Jan 15, 2019 - 06:59 PM (IST)

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅੱਜ ਫਰੀਦਕੋਟ ਤੋਂ ਕਾਂਗਰਸੀ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਪੰਜਗਰਾਈਂ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਵੱਲੋਂ ਜੋਗਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਅਕਾਲੀ ਦਲ 'ਚ ਸ਼ਾਮਲ ਕੀਤਾ ਗਿਆ। ਜੋਗਿੰਦਰ ਸਿੰਘ ਦੋ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਜੋਗਿੰਦਰ ਸਿੰਘ ਮੁਹੰਮਦ ਸਦੀਕ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੋਂ ਕਾਂਗਰਸ ਨਾਲ ਨਾਰਾਜ਼ ਚੱਲ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ 'ਚ ਕਿਸੇ ਵੀ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ। ਦਲਿਤ ਪਰਿਵਾਰਾਂ ਨੂੰ ਪਾਰਟੀ 'ਚ ਪੁੱਛਿਆ ਤੱਕ ਨਹੀਂ ਜਾਂਦਾ। ਕਾਂਗਰਸ ਸਿਰਫ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਪਾਰਟੀ 'ਚ ਕੁਝ ਲੋਕ ਅਜਿਹੇ ਹਨ, ਜੋ ਹਾਈਜੈੱਕ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪਾਰਟੀ 'ਚ ਆਪਣੀ ਮਨਮਰਜ਼ੀਆਂ ਕਰਦੇ ਹਨ।
ਜੋਗਿੰਦਰ ਸਿੰਘ ਸਿਆਸਤ ਨਾਲ ਲਗਭਗ 30 ਸਾਲਾਂ ਤੋਂ ਜੁੜੇ ਹਨ। ਜੋਗਿੰਦਰ ਸਿੰਘ ਪੰਜਾਬ ਲੇਬਰ ਯੂਨੀਅਨ ਦੇ ਪ੍ਰਧਾਨ ਵੀ ਹਨ। ਜੋਗਿੰਦਰ ਸਿੰਘ ਨੇ ਸਾਲ 1992 'ਚ ਕਾਂਗਰਸ ਵੱਲੋਂ ਐੱਮ. ਸੀ. ਦੀ ਟਿਕਟ 'ਤੇ ਲੜੀ ਸੀ, ਜਿਸ 'ਚ ਜਿੱਤ ਹਾਸਲ ਕੀਤੀ ਗਈ ਸੀ। 2014 'ਚ ਕਾਂਗਰਸ ਵੱਲੋਂ ਫਰੀਦਕੋਟ ਤੋਂ ਸੰਸਦ ਮੈਂਬਰ ਦੀ ਵੀ ਚੋਣ ਲੜੀ। ਸਾਲ 1995 ਤੋਂ ਲੈ ਕੇ 2007 ਤੱਕ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ। 2013 'ਚ ਜ਼ਿਲਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰੀ ਮਿਹਨਤ ਨਾਲ ਨਿਭਾਇਆ। ਪਿਛਲੀ ਵਾਰ ਜੋਗਿੰਦਰ ਸਿੰਘ ਨੇ ਭਦੌੜ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ।