ਅਣਮੁੱਲ ਵਿਰਾਸਤ : ਭਗਵਾਨ ਸ਼ਿਵ ਦੀ 'ਗੁਫ਼ਾ' ਅਤੇ ਮਾਈ ਸੁੰਦਰਾਂ ਦੀ 'ਬਾਉਲੀ'

02/15/2019 11:26:55 AM

ਜਲੰਧਰ, ਜੰਮੂ ਕਸ਼ਮੀਰ (ਜੁਗਿੰਦਰ ਸੰਧੂ) - ਭਗਵਾਨ ਭੋਲੇ ਸ਼ੰਕਰ ਸ਼ਿਵ ਜੀ ਮਹਾਰਾਜ ਦੀ ਗੁਫ਼ਾ ਦਾ ਜ਼ਿਕਰ ਛਿੜਦਾ ਹੈ ਤਾਂ ਸਹਿਜੇ ਹੀ ਮਨ ਵਿਚ ਅਮਰਨਾਥ ਗੁਫ਼ਾ ਦੀ ਤਸਵੀਰ ਉੱਭਰ ਆਉਂਦੀ ਹੈ। ਇਹ ਗੱਲ ਬਹੁਤੇ ਲੋਕਾਂ ਦੀ ਜਾਣਕਾਰੀ ਵਿਚ ਨਹੀਂ ਹੋਵੇਗੀ ਕਿ ਭਗਵਾਨ ਸ਼ਿਵ ਦੀ ਇਕ ਹੋਰ ਗੁਫ਼ਾ ਵੀ ਬੇਹੱਦ ਇਤਿਹਾਸਿਕ ਅਤੇ ਮਹਾਨਤਾ ਪ੍ਰਾਪਤ ਹੈ ਅਤੇ ਵੱਖਰੀ ਗੱਲ ਇਹ ਵੀ ਕਿ ਇਹ ਗੁਫ਼ਾ ਭੋਲੇ ਸ਼ੰਕਰ ਨੇ ਆਪਣੇ ਹੱਥਾਂ ਨਾਲ ਬਣਾਈ ਸੀ। ਜੋ ਜਾਣਕਾਰੀ ਜਾਂ ਇਤਿਹਾਸ ਸਬੰਧਤ ਖੇਤਰ ਤੋਂ ਸੁਣਨ ਵਿਚ ਆਇਆ, ਉਸ ਅਨੁਸਾਰ ਤਾਂ ਲੋਕਾਂ ਵਿਚ ਇਹ ਵੀ ਮਾਨਤਾ ਹੈ ਕਿ ਭਗਵਾਨ ਸ਼ਿਵ ਆਪਣੇ ਪਰਿਵਾਰ ਸਮੇਤ ਇਸ ਗੁਫ਼ਾ ਵਿਚ ਬਿਰਾਜਮਾਨ ਹਨ। ਇਹ ਪਵਿੱਤਰ ਗੁਫ਼ਾ ਜੰਮੂ ਖੇਤਰ ਦੇ ਜ਼ਿਲਾ ਰਿਆਸੀ ਵਿਚ ਸਥਿਤ ਹੈ ਅਤੇ ਇਸ ਅਸਥਾਨ ਨੂੰ 'ਸ਼ਿਵ ਖੋੜੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਖੇਤਰ ਦੇ ਇਤਿਹਾਸਕ ਅਸਥਾਨ ਅਤੇ ਹਾਲਾਤ ਦੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ 495ਵੇਂ ਅਤੇ 496ਵੇਂ ਟਰੱਕਾਂ ਦੀ ਰਾਹਤ ਸਮੱਗਰੀ ਵੰਡਣ ਲਈ ਰਾਜੌਰੀ ਅਤੇ ਸੁੰਦਰਬਨੀ ਜਾਣ ਦਾ ਮੌਕਾ ਮਿਲਿਆ। ਰਾਹਤ ਟੀਮ ਦੇ ਮੈਂਬਰ ਬਹੁਤ ਉਤਸ਼ਾਹਿਤ ਸਨ, ਗੁਫ਼ਾ ਦੇ ਦਰਸ਼ਨ ਕਰਨ ਲਈ। ਰਣਸੂ ਨਾਮੀ ਕਸਬੇ ਤਕ ਸੜਕ ਰਸਤੇ ਆਪਣੇ ਵਾਹਨਾਂ 'ਚ ਜਾਇਆ ਜਾ ਸਕਦਾ ਹੈ, ਜਦੋਂਕਿ ਇਸ ਤੋਂ ਅੱਗੇ ਤਿੰਨ-ਚਾਰ ਕਿਲੋਮੀਟਰ ਤਕ ਦੀ ਚੜ੍ਹਾਈ ਹੈ, ਜੋ ਪੈਦਲ ਹੀ ਪੂਰੀ ਕਰਨੀ ਪੈਂਦੀ ਹੈ। ਜੋ ਲੋਕ ਤੁਰ ਕੇ ਨਹੀਂ ਜਾ ਸਕਦੇ, ਉਹ ਖੱਚਰਾਂ ਜਾਂ ਘੋੜਿਆਂ ਦੀ ਸਵਾਰੀ ਲੈ ਲੈਂਦੇ ਹਨ। ਬੱਚਿਆਂ ਅਤੇ ਔਰਤਾਂ ਲਈ ਪਾਲਕੀ ਦਾ ਵੀ ਪ੍ਰਬੰਧ ਹੈ। 

PunjabKesari
ਰਮਣੀਕ ਪਹਾੜੀ ਨਜ਼ਾਰਾ ਹੈ 'ਰਣਸੂ'
ਗੁਫ਼ਾ ਦੇ ਆਲੇ-ਦੁਆਲੇ ਰਣਸੂ ਖੇਤਰ 'ਚ ਰਮਣੀਕ ਪਹਾੜੀ ਨਜ਼ਾਰਾ ਰੂਹ ਨੂੰ ਸਕੂਨ ਪ੍ਰਦਾਨ ਕਰਦਾ ਹੈ। ਹਰਿਆਵਲ ਭਰੇ ਇਲਾਕੇ ਵਿਚ ਉਸ ਦਿਨ ਹਲਕੀ ਬੂੰਦਾ-ਬਾਂਦੀ ਦੇ ਬਾਵਜੂਦ ਪੰਛੀ ਚਹਿਕ ਰਹੇ ਸਨ। ਇਸ ਖੇਤਰ 'ਚ ਆਬਾਦੀ ਬਹੁਤ ਥੋੜ੍ਹੀ ਹੈ ਅਤੇ ਬਹੁਤ ਲੋਕਾਂ ਦੀ ਰੋਜ਼ੀ-ਰੋਟੀ ਆਪਣੇ ਛੋਟੇ-ਮੋਟੇ ਕਿੱਤਿਆਂ 'ਤੇ ਨਿਰਭਰ ਕਰਦੀ ਹੈ। ਰਣਸੂ ਵਿਚ ਇਕ ਛੋਟਾ ਜਿਹਾ ਬਾਜ਼ਾਰ ਹੈ, ਜਿਸ ਵਿਚ ਅਕਸਰ ਗੁਫ਼ਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਚਹਿਲ-ਪਹਿਲ ਰਹਿੰਦੀ ਹੈ, ਜਿਹੜੇ ਕਿ ਨਾ ਸਿਰਫ ਦੇਸ਼ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਹੁੰਦੇ ਹਨ, ਸਗੋਂ ਵਿਦੇਸ਼ੀ ਟੂਰਿਸਟ ਵੀ ਆਉਂਦੇ ਰਹਿੰਦੇ ਹਨ।ਉਸ ਦਿਨ ਉਥੇ ਦੱਖਣੀ ਭਾਰਤੀ ਰਾਜਾਂ ਤੋਂ, ਬੱਸਾਂ ਅਤੇ ਕਾਰਾਂ ਰਾਹੀਂ, ਕੁਝ ਯਾਤਰੀ ਪਹੁੰਚੇ ਹੋਏ ਸਨ। ਕਦੇ-ਕਦੇ ਫਿਲਮੀ ਹਸਤੀਆਂ ਵੀ ਗੁਫ਼ਾ ਦੇ ਦਰਸ਼ਨ ਕਰਨ ਲਈ ਪਹੁੰਚ ਜਾਂਦੀਆਂ ਹਨ ਅਤੇ ਸਿਆਸੀ ਨੇਤਾ ਤਾਂ ਹਰ ਦਿਨ-ਤਿਉਹਾਰ ਮੌਕੇ ਉਥੇ ਨਤਮਸਤਕ ਹੁੰਦੇ ਹਨ। 

ਸ਼ਰਧਾਲੂਆਂ ਦੀ ਆਮਦ ਨਾਲ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ, ਜਦੋਂਕਿ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਵਲੋਂ ਕੋਈ ਖਾਸ ਯਤਨ ਨਹੀਂ ਕੀਤੇ ਗਏ। ਵੱਡੀ ਗੱਲ ਤਾਂ ਇਹ ਹੈ ਕਿ ਗੁਫ਼ਾ ਅਤੇ ਇਸ ਦੇ ਇਤਿਹਾਸ ਨੂੰ ਲੋਕਪ੍ਰਿਯ ਕਰਨ ਲਈ ਵੀ ਕੋਈ ਕਦਮ ਨਹੀਂ ਚੁੱਕੇ ਗਏ। ਚੰਗੇ ਹੋਟਲਾਂ, ਸੜਕਾਂ, ਸਰਾਵਾਂ ਅਤੇ ਹੋਰ ਪ੍ਰਬੰਧਾਂ ਦੀ ਵੀ ਵੱਡੀ ਘਾਟ ਹੈ। ਇਸ ਖੇਤਰ 'ਚ ਕੋਈ ਰੇਲ-ਸੰਪਰਕ ਨਹੀਂ ਹੈ, ਹਵਾਈ ਸੇਵਾਵਾਂ ਤਾਂ ਦੂਰ ਦੀ ਗੱਲ ਹਨ। ਜੇ ਸਰਕਾਰ ਯਤਨ ਕਰੇ ਤਾਂ ਰਣਸੂ ਅਤੇ ਸ਼ਿਵ ਖੋੜੀ ਦਾ ਨਾਂ ਵੀ ਸੰਸਾਰ ਪ੍ਰਸਿੱਧ ਸੈਰਗਾਹਾਂ ਅਤੇ ਦਰਸ਼ਨੀ ਸਥਾਨਾਂ ਵਿਚ ਸ਼ਾਮਲ ਹੋ ਸਕਦਾ ਹੈ, ਜਦੋਂਕਿ ਇਨ੍ਹਾਂ ਦੀ ਇਤਿਹਾਸਿਕ ਅਤੇ ਧਾਰਮਕ ਮਹਾਨਤਾ ਬਹੁਤ ਵੱਡੀ ਹੈ। ਰਣਸੂ ਉਹ ਥਾਂ ਹੈ, ਜਿਸ ਦੇ ਮੈਦਾਨ 'ਚ ਭਸਮਾਸੁਰ ਨਾਮੀ ਰਾਖਸ਼ਸ ਨਾਲ ਭਗਵਾਨ ਸ਼ਿਵ ਦਾ ਯੁੱਧ ਹੋਇਆ ਸੀ ਅਤੇ ਇਸ ਯੁੱਧ 'ਚ ਭਸਮਾਸੁਰ ਮਾਰਿਆ ਗਿਆ ਸੀ। 

ਗੁਫਾ ਦੀ ਮਹਿਮਾ
ਸ਼ਿਵ ਖੋੜੀ ਵਿਖੇ ਪਵਿੱਤਰ ਗੁਫ਼ਾ ਦੀ ਲੰਬਾਈ 150 ਮੀਟਰ ਦੱਸੀ ਜਾਂਦੀ ਹੈ ਅਤੇ ਇਸ ਵਿਚ 4 ਫੁੱਟ ਉੱਚਾ ਸ਼ਿਵਲਿੰਗ ਸਥਾਪਤ ਹੁੰਦਾ ਹੈ। ਜਲ ਦੀ ਇਕ ਧਾਰਾ ਹਮੇਸ਼ਾ ਇਸ ਸ਼ਿਵਲਿੰਗ ਉਪਰ ਡਿੱਗਦੀ ਰਹਿੰਦੀ ਹੈ। ਗੁਫ਼ਾ ਵਿਚ ਭਗਵਾਨ ਸ਼ਿਵ, ਮਾਤਾ ਪਾਰਵਤੀ ਅਤੇ ਹੋਰ ਦੇਵਤਿਆਂ ਦੀਆਂ ਪਿੰਡੀਆਂ ਬਿਰਾਜਮਾਨ ਹਨ। ਭਗਵਾਨ ਸ਼ਿਵ ਨੇ ਆਪਣੇ ਹੱਥੀਂ ਇਹ ਗੁਫ਼ਾ ਬਣਾਈ ਸੀ, ਅਜਿਹੀ ਮਾਨਤਾ ਹੈ।ਇਸ ਗੁਫ਼ਾ ਦਾ ਆਖਰੀ ਸਿਰਾ ਦਿਖਾਈ ਨਹੀਂ ਦਿੰਦਾ। ਲੋਕਾਂ ਨੇ ਇਹ ਵੀ ਦੱਸਿਆ ਕਿ ਗੁਫ਼ਾ ਅੱਗੇ ਜਾ ਕੇ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ, ਜਿਸ ਦਾ ਇਕ ਰਸਤਾ ਅਮਰਨਾਥ ਗੁਫ਼ਾ ਤਕ ਪਹੁੰਚਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੁਫ਼ਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ। ਗੁਫ਼ਾ ਵਿਚ ਪੂਜਾ ਅਤੇ ਸੇਵਾ ਦਾ ਕਾਰਜ ਪੰਡਿਤ ਦੀਪਕ ਸ਼ਾਸਤਰੀ ਜੀ ਸੰਭਾਲ ਰਹੇ ਹਨ। 

ਬੱਕਰਵਾਲਾਂ ਦੀ ਤਰਸਯੋਗ ਹਾਲਤ
ਸੁੰਦਰਬਨੀ, ਰਿਆਸੀ, ਰਾਜੌਰੀ ਆਦਿ ਖੇਤਰਾਂ 'ਚ ਬਹੁਤ ਸਾਰੇ ਬੱਕਰਵਾਲ ਪਰਿਵਾਰ ਵੀ ਰਹਿੰਦੇ ਹਨ, ਜਿਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਅਤੇ ਖਾਨਾਬਦੋਸ਼ਾਂ ਵਾਲੀ ਹੈ।  ਇਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ। ਬੱਕਰਵਾਲਾਂ ਦਾ ਪੇਸ਼ਾ ਭੇਡਾਂ-ਬੱਕਰੀਆਂ ਪਾਲਣਾ ਹੈ। ਗਰਮੀਆਂ ਦੇ ਮੌਸਮ ਵਿਚ ਇਹ ਉੱਚੇ ਪਹਾੜੀ ਖੇਤਰਾਂ 'ਚ ਚਲੇ ਜਾਂਦੇ ਹਨ, ਜਦੋਂਕਿ ਸਰਦੀਆਂ ਵਿਚ ਨੀਮ-ਪਹਾੜੀ ਇਲਾਕੇ ਇਨ੍ਹਾਂ ਦਾ ਟਿਕਾਣਾ ਬਣਦੇ ਹਨ।ਪੂਰੇ ਜੰਮੂ-ਕਸ਼ਮੀਰ ਵਿਚ ਬੱਕਰਵਾਲਾਂ ਦੀ ਗਿਣਤੀ 10 ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਇਨ੍ਹਾਂ ਪਰਿਵਾਰਾਂ ਕੋਲ ਆਪਣੀ ਹੈਸੀਅਤ ਮੁਤਾਬਕ ਭੇਡਾਂ-ਬੱਕਰੀਆਂ ਹੁੰਦੀਆਂ ਹਨ, ਜਦੋਂਕਿ ਕੱਪੜੇ, ਰੋਟੀ-ਪਾਣੀ ਬਣਾਉਣ-ਖਾਣ ਵਾਲੇ ਭਾਂਡੇ-ਟੀਂਡੇ ਅਤੇ ਝੁੱਗੀ-ਝੌਂਪੜੀ ਬਣਾਉਣ ਵਾਲਾ ਸਾਮਾਨ ਇਕ ਤੋਂ ਦੂਜੀ ਜਗ੍ਹਾ ਲਿਜਾਣ ਲਈ ਇਕ-ਦੋ ਘੋੜੇ ਜਾਂ ਖੱਚਰਾਂ ਹੁੰਦੀਆਂ ਹਨ। ਇਹ ਲੋਕ ਜਿਥੇ ਵੀ ਬਸੇਰਾ ਕਰਦੇ ਹਨ, ਉਥੇ ਲੱਕੜ ਦੀਆਂ ਲੰਬੀਆਂ ਸੋਟੀਆਂ ਅਤੇ ਪਾਟੇ-ਪੁਰਾਣੇ ਕੱਪੜਿਆਂ-ਚਾਦਰਾਂ ਨਾਲ 'ਰਿਹਾਇਸ਼' ਦਾ ਨਿਰਮਾਣ ਕਰ ਲੈਂਦੇ ਹਨ। ਮੀਂਹ, ਹਨੇਰੀ, ਝੱਖੜ, ਬਰਫਬਾਰੀ ਆਦਿ ਹਰ ਮੌਸਮ ਵਿਚ ਸਿਰ ਢਕਣ ਲਈ ਇਹੋ ਇਨ੍ਹਾਂ ਦੀ ਛੱਤ ਹੁੰਦੀ ਹੈ।

ਪੀਰ ਪੰਜਾਲ ਦੀਆਂ ਪਹਾੜੀਆਂ ਅਤੇ ਹਿਮਾਲਿਆ ਨਾਲ ਸਬੰਧਤ ਖੇਤਰ ਇਨ੍ਹਾਂ ਦੀ 'ਰਿਆਸਤ' ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚੇ ਅਕਸਰ ਅਨਪੜ੍ਹ ਹੁੰਦੇ ਹਨ ਕਿਉਂਕਿ ਇਹ ਲੋਕ ਨਾ ਇਕ ਜਗ੍ਹਾ ਪੱਕੇ ਤੌਰ 'ਤੇ ਰਹਿੰਦੇ ਹਨ ਅਤੇ ਨਾ ਉਨ੍ਹਾਂ ਨੂੰ ਪੜ੍ਹਾ ਸਕਦੇ ਹਨ। ਸਰਕਾਰਾਂ ਨੇ ਬੱਕਰਵਾਲ ਪਰਿਵਾਰਾਂ ਲਈ ਕੁਝ ਨਹੀਂ ਕੀਤਾ, ਜਦੋਂਕਿ ਇਹ ਲੋਕ ਸਰਕਾਰ ਬਣਾਉਣ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਦੇ ਨਾਂ ਖਾਸ ਹਲਕਿਆਂ ਵਿਚ ਵੋਟਰ ਵਜੋਂ ਦਰਜ ਹਨ ਅਤੇ ਇਹ ਚੋਣਾਂ ਵੇਲੇ ਉਥੇ ਜਾ ਕੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਦੇ ਹਨ। ਗਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਗੁਜ਼ਾਰ ਰਹੇ ਇਨ੍ਹਾਂ ਪਰਿਵਾਰਾਂ ਲਈ ਸਰਕਾਰ ਨੂੰ ਕੁਝ ਨਿੱਗਰ ਕਦਮ ਚੁੱਕਣੇ ਚਾਹੀਦੇ ਹਨ।

ਪਵਿੱਤਰ ਔਰਤ ਦਾ ਨੇਕ ਉਪਰਾਲਾ
ਉਹ ਪਵਿੱਤਰ ਔਰਤ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣ ਚੁੱਕੀ ਹੈ। ਉਸ ਦੇ ਜਨਮ, ਦਿਹਾਂਤ ਜਾਂ ਜੀਵਨ ਸਬੰਧੀ ਵੇਰਵੇ ਪ੍ਰਾਪਤ ਨਹੀਂ ਹਨ ਤਾਂ ਵੀ ਉਸ ਦਾ ਨਾਂ ਹਰ ਇਨਸਾਨ ਦੀ ਜ਼ੁਬਾਨ 'ਤੇ ਉਸ ਵੇਲੇ ਆ ਜਾਂਦਾ ਹੈ, ਜਦੋਂ ਉਹ 'ਸੁੰਦਰਬਨੀ' ਕਹਿੰਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰਾਚੀਨ ਸਮੇਂ 'ਚ ਸੁੰਦਰਬਨੀ ਵਾਲੇ ਸਥਾਨ 'ਤੇ ਮਾਈ ਸੁੰਦਰਾਂ ਨਾਂ ਦੀ ਇਕ ਧਾਰਮਕ ਪ੍ਰਵਿਰਤੀ ਵਾਲੀ ਔਰਤ ਰਹਿੰਦੀ ਸੀ, ਜਿਸ ਨੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਪਾਣੀ ਵਾਲੀ 'ਬਾਉਲੀ' ਬਣਵਾਈ ਸੀ। ਬਾਉਲੀ ਨੂੰ ਡੋਗਰੀ ਭਾਸ਼ਾ 'ਚ 'ਬਾਨੀ' ਜਾਂ 'ਬਨੀ' ਕਹਿੰਦੇ ਹਨ ਅਤੇ ਸਮੇਂ ਦੇ ਚੱਕਰ ਨਾਲ ਉਸ ਬਾਉਲੀ ਨੂੰ ਸੁੰਦਰਬਨੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਇਹ ਇਲਾਕਾ ਉਸ ਵੇਲੇ ਨੌਸ਼ਹਿਰਾ ਤਹਿਸੀਲ ਦੇ ਭਜਵਾਲ ਪਿੰਡ ਦਾ ਅਣਗੌਲਿਆ ਜਿਹਾ ਹਿੱਸਾ ਸੀ, ਜਿਹੜਾ ਪਿੱਛੋਂ ਸੁੰਦਰਬਨੀ ਵਜੋਂ ਪ੍ਰਚੱਲਿਤ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਸ ਨੂੰ ਤਹਿਸੀਲ ਦਾ ਦਰਜਾ ਪ੍ਰਾਪਤ ਹੋ ਗਿਆ। ਉਹ ਬਾਉਲੀ ਅੱਜ ਵੀ ਇਸ ਸ਼ਹਿਰ ਵਿਚ ਸਥਿਤ ਹੈ, ਜਿਸ ਦਾ ਪਾਣੀ ਬੇਹੱਦ ਨਿਰਮਲ ਅਤੇ ਸਵੱਛ ਹੈ। ਸ਼ਹਿਰ ਦੀ ਆਬਾਦੀ ਵਧਣ ਕਰਕੇ ਇਹ ਬਾਉਲੀ ਸਭ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ ਅਤੇ ਪਾਣੀ ਦੇ ਹੋਰ ਸਰੋਤ ਵੀ ਵਿਕਸਿਤ ਕੀਤੇ ਗਏ ਹਨ। 2007 ਵਿਚ ਇਸ ਬਾਉਲੀ ਦਾ ਆਲਾ-ਦੁਆਲਾ ਪੱਕਾ ਕਰ ਕੇ ਇਸ ਉੱਪਰ ਲੈਂਟਰ ਪਾ ਦਿੱਤਾ ਗਿਆ ਅਤੇ ਨਾਲ ਹੀ ਇਕ ਕਮਰਾ ਵੀ ਉਸਾਰ ਦਿੱਤਾ ਗਿਆ। ਇਸ ਦੇ ਨੇੜੇ 2 ਛੋਟੇ-ਛੋਟੇ ਮੰਦਰ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਹਨੂਮਾਨ ਜੀ ਨਾਲ ਅਤੇ ਦੂਜਾ ਮਾਤਾ ਕਾਲੀ ਨਾਲ ਸਬੰਧਤ ਹੈ। ਅੱਜ ਵੀ ਬਾਉਲੀ ਦਾ ਪਾਣੀ ਟੈਂਕਰਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕੀਤਾ ਜਾਂਦਾ ਹੈ।

ਸੁਹੱਪਣ ਤੋਂ ਸੱਖਣੀ ਹੈ ਸੁੰਦਰਬਨੀ
ਸ਼ਹਿਰ ਦਾ ਨਾਂ ਸੁੰਦਰਤਾ ਨਾਲ ਸਬੰਧਤ ਹੈ ਅਤੇ ਇਸ ਦਾ ਆਲਾ-ਦੁਆਲਾ ਸੰਘਣੇ ਰੁੱਖਾਂ ਵਾਲੇ ਪੌਣ-ਪਾਣੀ ਵਿਚ ਘਿਰਿਆ ਹੋਣ ਦੇ ਬਾਵਜੂਦ ਸੁੰਦਰਬਨੀ 'ਸੁਹੱਪਣ' ਤੋਂ ਸੱਖਣੀ ਹੈ। ਸ਼ਹਿਰ 'ਚ ਜਿਵੇਂ ਹਰ ਪਾਸੇ ਅਵਿਵਸਥਾ ਫੈਲੀ ਹੋਵੇ। ਬੇਕਾਬੂ ਆਵਾਜਾਈ, ਪਾਰਕਿੰਗ ਦੀ ਅਢੁੱਕਵੀਂ ਵਿਵਸਥਾ, ਥਾਂ-ਥਾਂ ਗੰਦਗੀ ਅਤੇ ਕੂੜੇ ਦੇ ਢੇਰ, ਨਾਲਿਆਂ 'ਚ ਵਹਿੰਦਾ ਗੰਦਾ ਅਤੇ ਬਦਬੂ ਮਾਰਦਾ ਪਾਣੀ, ਬੇਸਹਾਰਾ ਪਸ਼ੂਆਂ ਦੇ ਝੁੰਡ ਸੁੰਦਰਬਨੀ ਦੀ ਸੁੰਦਰਤਾ 'ਤੇ ਭੈੜੇ ਦਾਗ ਜਾਪਦੇ ਹਨ।ਨਗਰ ਪਾਲਿਕਾ ਲਾਚਾਰ, ਬੇਵੱਸ ਅਤੇ ਕਾਰਜਹੀਣ ਸਥਿਤੀ ਵਿਚ ਜਾਪਦੀ ਹੈ ਜਾਂ ਉਸ ਵਿਚ ਲੋਕਾਂ ਦੀ ਸਹੂਲਤ ਲਈ ਕੁਝ ਕਰਨ ਦੀ ਚਿੰਤਾ ਹੀ ਨਹੀਂ ਹੈ। ਸਰਕਾਰ ਦਾ ਇਸ ਮਹੱਤਵਪੂਰਨ ਨਗਰੀ ਵੱਲ ਧਿਆਨ ਨਹੀਂ ਹੈ। ਨਹੀਂ ਤਾਂ ਵਾਰ-ਵਾਰ ਮੀਡੀਆ ਵਿਚ ਇਥੋਂ ਦੀ ਬਦਇੰਤਜ਼ਾਮੀ ਦਾ ਜ਼ਿਕਰ ਛਿੜਨ ਪਿੱਛੋਂ ਜ਼ਰੂਰ ਹੀ ਕੋਈ ਕਰਵਟ ਲਈ ਜਾਂਦੀ। ਆਰਥਕ ਤੰਗੀ ਅਤੇ ਬੇਰੋਜ਼ਗਾਰੀ ਦੀਆਂ ਮਜਬੂਰੀਆਂ 'ਚ ਜਕੜੇ ਲੋਕ ਆਪਣੇ ਬਲਬੂਤੇ 'ਤੇ ਵੀ ਕੁਝ ਨਹੀਂ ਕਰ ਸਕਦੇ। ਅਜਿਹੀ ਹਾਲਤ ਵਿਚ ਮਾਈ ਸੁੰਦਰਾਂ ਦੇ ਸ਼ਹਿਰ ਨੂੰ ਸੰਭਾਲਣ ਲਈ ਕੌਣ ਅੱਗੇ ਆਵੇਗਾ, ਇਸ ਸਵਾਲ ਦਾ ਜਵਾਬ ਭਵਿੱਖ ਕੋਲ ਹੀ ਹੈ।    

(sandhu.js002@gmail.com) 

9417402327


rajwinder kaur

Content Editor

Related News