ਜੋਧਵਾਲ ਖੇਤੀਬਾੜੀ ਸਭਾ ’ਚ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਕਈ ਕਿਸਾਨਾਂ ਨੇ ਚੁੱਕਿਆ ਗਲਤ ਲਾਭ
Thursday, May 27, 2021 - 02:16 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਆਉਂਦੀ ਜੋਧਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਹਮੇਸ਼ਾ ਸੁਰਖ਼ੀਆਂ ’ਚ ਰਹੀ ਹੈ ਅਤੇ ਹੁਣ ਇੱਥੇ ਤਾਇਨਾਤ ਰਹੇ ਸਭਾ ਦੇ ਸਾਬਕਾ ਸਕੱਤਰ ਰਾਣਾ ਬਲਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਜੋ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ, ਉਸ ਤਹਿਤ ਕਈ ਕਿਸਾਨਾਂ ਨੇ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦਾ ਗਲਤ ਲਾਭ ਉਠਾਇਆ ਅਤੇ ਘੱਟ ਜ਼ਮੀਨ ਦੀਆਂ ਫ਼ਰਦਾਂ ਪੇਸ਼ ਕਰ ਲੱਖਾਂ ਰੁਪਏ ਮੁਆਫ਼ ਕਰਵਾ ਲਏ। ਸਭਾ ਦੇ ਸਾਬਕਾ ਸਕੱਤਰ ਰਾਣਾ ਬਲਵੀਰ ਸਿੰਘ ਵਲੋਂ ਇੱਕ ਸ਼ਿਕਾਇਤ ਸਹਿਕਾਰਤਾ ਵਿਭਾਗ ਨੂੰ ਦਿੱਤੀ ਗਈ ਸੀ ਕਿ ਪੰਜਾਬ ਸਰਕਾਰ ਨੇ 2.50 ਏਕੜ ਤੋਂ ਘੱਟ ਵਾਲੇ ਜੋ ਕਿਸਾਨ ਹਨ, ਉਨ੍ਹਾਂ ਦਾ ਸਹਿਕਾਰੀ ਸਭਾਵਾਂ ਕੋਲੋਂ ਜੋ ਕਰਜ਼ਾ ਲਿਆ ਹੈ, ਉਹ ਮੁਆਫ਼ ਕੀਤਾ ਜਾਣਾ ਹੈ। ਸ਼ਿਕਾਇਤ ਵਿਚ ਉਨ੍ਹਾਂ ਸਭਾ ਨਾਲ ਜੁੜੇ 23 ਕਿਸਾਨਾਂ ਦੀ ਸੂਚੀ ਪੇਸ਼ ਕਰਕੇ ਦੱਸਿਆ ਕਿ ਉਕਤ ਵਿਅਕਤੀਆਂ ਕੋਲ ਜ਼ਮੀਨ ਵੱਧ ਹੈ, ਜੋ ਸਰਕਾਰ ਦੀ ਇਸ ਯੋਜਨਾ ਅਧੀਨ ਨਹੀਂ ਆਉਂਦੇ ਪਰ ਉਨ੍ਹਾਂ ਵੱਲੋਂ ਗਲਤ ਤੱਥ ਪੇਸ਼ ਕਰਕੇ ਆਪਣਾ ਲੱਖਾਂ ਰੁਪਏ ਦਾ ਕਰਜ਼ਾ ਮੁਆਫ਼ ਕਰਵਾ ਲਿਆ ਗਿਆ। ਸ਼ਿਕਾਇਤਕਰਤਾ ਨੇ ਉਨ੍ਹਾਂ ਕਿਸਾਨਾਂ ਦੀ ਸੂਚੀ ਵੀ ਵਿਭਾਗ ਨੂੰ ਸੌਂਪੀ, ਜਿਸ ’ਚ ਉਨ੍ਹਾਂ ਕਿਹਾ ਕਿ ਇਹ ਯੋਗ ਕਿਸਾਨ ਹਨ, ਜਿਨ੍ਹਾਂ ਦਾ ਕਰਜ਼ਾ ਮੁਆਫ਼ ਹੋਣਾ ਬਣਦਾ ਹੈ ਪਰ ਉਹ ਨਹੀਂ ਕੀਤਾ ਗਿਆ। ਸਾਬਕਾ ਸਕੱਤਰ ਨੇ ਕਿਹਾ ਕਿ ਜਿਹੜੇ ਕਿਸਾਨ ਯੋਗ ਨਹੀਂ ਸਨ ਅਤੇ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ, ਉਸ ਵਿਚ ਸਭਾ ਦੇ ਜੋ ਕਰਮਚਾਰੀ ਦੋਸ਼ੀ ਹਨ, ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਸਾਬਕਾ ਸਕੱਤਰ ਰਾਣਾ ਬਲਵੀਰ ਸਿੰਘ ਦੀ ਸ਼ਿਕਾਇਤ ਦੀ ਜਾਂਚ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੇ ਸੀਨੀਅਰ ਮੈਨੇਜਰ ਨਰੇਸ਼ ਲਖਨਪਾਲ ਵੱਲੋਂ ਕੀਤੀ ਗਈ, ਜਿਨ੍ਹਾਂ ਆਪਣੀ ਰਿਪੋਰਟ ਜੋ ਉੱਚ ਅਧਿਕਾਰੀਆਂ ਕੋਲ ਪੇਸ਼ ਕੀਤੀ, ਉਸ ਵਿਚ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ 23 ’ਚੋਂ 8 ਅਜਿਹੇ ਕਿਸਾਨ ਹਨ, ਜਿਨ੍ਹਾਂ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦਾ ਗਲਤ ਲਾਭ ਉਠਾਇਆ। ਇਸ ਤੋਂ ਇਲਾਵਾ ਇਹ ਕਰਜ਼ਾ ਮੁਆਫ਼ੀ ਲਈ ਸਭਾ ਦੇ ਮੌਜੂਦਾ ਸਕੱਤਰ ਵੱਲੋਂ ਸਰਕਾਰ ਦੇ ਨਿਯਮਾਂ ਅਨੁਸਾਰ ਚੁਣੀ ਗਈ ਪ੍ਰਬੰਧਕ ਕਮੇਟੀ ਜਾਂ ਪ੍ਰਸਾਸ਼ਕ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀ, ਜੋ ਨਹੀਂ ਲਈ ਗਈ। ਜਾਂਚ ਰਿਪੋਰਟ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਹੜੇ 8 ਕਿਸਾਨਾਂ ਨੇ ਕਰਜ਼ਾ ਮੁਆਫ਼ੀ ਦਾ ਗਲਤ ਲਾਭ ਲਿਆ ਹੈ, ਉਹ ਰਾਸ਼ੀ 10 ਲੱਖ 34 ਹਜ਼ਾਰ 871 ਰੁਪਏ ਬਣਦੀ ਹੈ ਪਰ ਇਹ ਕਰਜ਼ਾ ਮੁਆਫ਼ੀ ਮਾਲ ਵਿਭਾਗ ਵੱਲੋਂ ਜ਼ਮੀਨ ਦੀ ਮਾਲਕੀਅਤ ਗਲਤ ਵੈਰੀਫਕੇਸ਼ਨ ਕਰਕੇ ਹੋਈ ਹੈ, ਜਿਸ ਨਾਲ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਹੈ ਅਤੇ ਇਸ ਮਾਮਲੇ ’ਚ ਸਭਾ ਦੇ ਮੌਜੂਦਾ ਸਕੱਤਰ, ਪ੍ਰਸਾਸ਼ਕ ਤੇ ਇੰਸਪੈਕਟਰ ਦਾ ਦੋਸ਼ ਨਹੀਂ ਬਣਦਾ। ਸਾਬਕਾ ਸਕੱਤਰ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੁਣ ਇਸ ਦੀ ਰਿਪੋਰਟ ਸਮਰਾਲਾ ਦੇ ਸਹਾਇਕ ਰਜਿਸਟਰਾਰ ਨੂੰ ਅਮਲੀ ਰੂਪ ’ਚ ਕਾਰਵਾਈ ਕਰਨ ਲਈ ਭੇਜ ਦਿੱਤੀ ਗਈ ਹੈ ਤਾਂ ਜੋ ਜਿਨ੍ਹਾਂ ਕਿਸਾਨਾਂ ਨੇ ਗਲਤ ਕਰਜ਼ਾ ਮੁਆਫ਼ੀ ਦਾ ਲਾਭ ਲਿਆ ਹੈ ਉਨ੍ਹਾਂ ਤੋਂ ਰਕਮ ਦੀ ਵਸੂਲੀ ਕੀਤੀ ਜਾ ਸਕੇ।
ਕਰਜ਼ਾ ਮੁਆਫ਼ੀ ਸਕੀਮ ਦਾ ਗਲਤ ਲਾਭ ਉਠਾਉਣ ਵਾਲੇ ਕਿਸਾਨਾਂ ਤੋਂ ਰਿਕਵਰੀ ਕਰਾਂਗੇ: ਸਹਾਇਕ ਰਜਿਸਟਰਾਰ
ਇਸ ਸਬੰਧੀ ਸਮਰਾਲਾ ਦੀ ਸਹਾਇਕ ਰਜਿਸਟਰਾਰ ਪ੍ਰਭਪ੍ਰੀਤ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋਧਵਾਲ ਖੇਤੀਬਾੜੀ ਸਭਾ ਦੀ ਕਿਸਾਨਾਂ ਦੀ ਜੋ ਗਲਤ ਕਰਜ਼ਾ ਮੁਆਫ਼ੀ ਹੋਈ ਹੈ, ਉਸ ਦੀ ਰਿਪੋਰਟ ਆ ਚੁੱਕੀ ਹੈ, ਜਿਸ ਸਬੰਧੀ ਵਿਭਾਗ ਦੇ 2 ਇੰਸਪੈਕਟਰ ਦੀ ਡਿਊਟੀ ਲਗਾ ਦਿੱਤੀ ਹੈ, ਜੋ ਸਾਰੀ ਕਾਰਵਾਈ ਨੂੰ ਅਮਲੀ ਰੂਪ ਵਿਚ ਲਿਆਉਣਗੇ।
ਗਲਤ ਕਰਜ਼ਾ ਮੁਆਫ਼ੀ ’ਚ ਜੋ ਵੀ ਦੋਸ਼ੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇ : ਰਾਣਾ ਬਲਵੀਰ
ਜੋਧਵਾਲ ਖੇਤੀਬਾੜੀ ਸਭਾ ਦੇ ਸਾਬਕਾ ਸਕੱਤ ਰਾਣਾ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਰਕੁਲਰ 25-10-2017, ਨੰਬਰ 655 ਅਨੁਸਾਰ ਸਭਾ ’ਚ ਜੋ ਕਰਜ਼ਾ ਮੁਆਫ਼ੀ ਸਕੀਮ ਅਧੀਨ ਕਿਸਾਨ ਆਉਂਦੇ ਹਨ, ਉਨ੍ਹਾਂ ਦੀ ਸੂਚੀ ਤਿਆਰ ਕਰ ਸਭਾ ਦੀ ਪ੍ਰਬੰਧਕ ਕਮੇਟੀ ਜਾਂ ਪ੍ਰਸਾਸ਼ਕ ਤੋਂ ਮਤਾ ਪਾ ਕੇ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ, ਜੋ ਸਭਾ ਦੇ ਕਰਮਚਾਰੀਆਂ ਵੱਲੋਂ ਨਹੀਂ ਪਾਇਆ ਗਿਆ ਅਤੇ ਸੂਚੀਆਂ ਬਿਨ੍ਹਾਂ ਮਤੇ ਤੋਂ ਤਿਆਰ ਕਰ ਅਯੋਗ ਕਿਸਾਨਾਂ ਨੂੰ ਵੀ ਕਰਜ਼ਾ ਮੁਆਫ਼ੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਭਾ ਦੇ ਯੋਗ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੁਰੰਤ ਹੋਵੇ ਅਤੇ ਜਿਨ੍ਹਾਂ ਨੇ ਸਕੀਮ ਦਾ ਗਲਤ ਲਾਭ ਲਿਆ ਉਨ੍ਹਾਂ ਤੇ ਨਾਲ ਜੋ ਕਰਮਚਾਰੀ ਦੋਸ਼ੀ ਹਨ ਉਨ੍ਹਾਂ ਖ਼ਿਲਾਫ਼ ਵੀ ਸਰਕਾਰ ਸਖ਼ਤ ਕਾਰਵਾਈ ਕਰੇ।