ਨੌਕਰੀ ਘੁਟਾਲਾ : 18 ਕੁੜੀਆਂ ''ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਬਾਦਲ ਸਰਕਾਰ ਦੀ ਨਵੀਂ ਭਰਤੀ ''ਤੇ ਖਤਰਾ

Saturday, Jun 18, 2016 - 07:14 PM (IST)

ਚੰਡੀਗੜ੍ਹ— ਪੰਜਾਬ ''ਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਵਿਅਕਤੀਆਂ ਦੀ ਆਸ ਟੁੱਟਣਾ ਲਾਜ਼ਮੀ ਹੈ ਕਿਉਂਕਿ ਸਰਕਾਰੀ ਵਿਭਾਗਾਂ ''ਚ ਨੌਕਰੀਆਂ ''ਚ ਹੋ ਰਹੇ ਘੁਟਾਲਿਆਂ ਕਾਰਨ ਉਨ੍ਹਾਂ ਪਰਿਵਾਰਾਂ ''ਤੇ ਅਸਰ ਹੋ ਰਿਹਾ ਜਿਹੜੇ ਆਪਣੇ ਬੱਚਿਆਂ ਨੂੰ ਆਪ ਔਖੇ ਹੋ ਕੇ ਪੈਸਾ ਖਰਚ ਕਰ ਕੇ ਪੜ੍ਹਾ ਰਹੇ ਹਨ। ਸਥਾਨਕ ਸਰਕਾਰਾਂ ਵਿਭਾਗ ''ਚ ਹੋਏ ਨੌਕਰੀ ਘੁਟਾਲਿਆਂ ਦੇ ਦੋਸ਼ ''ਚ ਹੁਣ ਤੱਕ 15 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਪਰ ਹੁਣ ਤੱਕ ਕਿਸੇ ਵੀ ਕੁੜੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। 

18 ਕੁੜੀਆਂ ਵਿਜੀਲੈਂਸ ਜਾਂਚ ਦੇ ਘੇਰੇ ''ਚ

ਇਸ ਨੌਕਰੀ ਘੁਟਾਲੇ ''ਚ ਹੁਣ ਮਾਲਵਾ ਖੇਤਰ ਦੀਆਂ ਤਕਰੀਬਨ 18 ਕੁੜੀਆਂ ਵਿਜੀਲੈਂਸ ਜਾਂਚ ਦੇ ਘੇਰੇ ''ਚ ਆ ਗਈਆਂ ਹਨ। ਇਨ੍ਹਾਂ ਦੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ। ਇਸ ਲਈ ਵਿਜੀਲੈਂਸ ਦਾ ਵਿਸ਼ੇਸ਼ ਮਹਿਲਾ ਦਸਤਾ ਤਿਆਰ ਕੀਤਾ ਜਾ ਰਿਹਾ ਹੈ। ਇਸ ਘੁਟਾਲੇ ''ਚ ਵਿਜੀਲੈਂਸ ਵੱਲੋਂ ਅਚਾਨਕ ਛਾਪੇਮਾਰੀ ਤੇਜ਼ ਕਰਨ ਨਾਲ ਪੂਰੇ ਮਾਲਵੇ ''ਚ ਹਫੜਾ-ਦਫੜੀ ਮਚੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੈਸੇ ਦੇ ਬਲ ''ਤੇ ਨੌਕਰੀ ਹਾਸਲ ਕਰਨ ਵਾਲੀਆਂ ਦੋਸ਼ੀ ਕੁੜੀਆਂ ਅਮੀਰ ਅਤੇ ਦਬਦਬਾ ਰੱਖਣ ਵਾਲੇ ਪਰਿਵਾਰਾਂ ''ਚੋਂ ਹਨ। ਇਨ੍ਹਾਂ ਪਰਿਵਾਰਾਂ ਦੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਚੰਗੇ ਸੰਬੰਧ ਦੱਸੇ ਜਾ ਰਹੇ ਹਨ। ਐੱਸ ਪੀ ਭੁਪਿੰਦਰ ਨੇ ਦੱਸਿਆ ਕਿ 18 ਕੁੜੀਆਂ ਬਾਰੇ ਜਾਣਕਾਰੀ ਮਿਲੀ ਹੈ, ਜਿਹੜੀਆਂ ਕਿ ਭਰਤੀ ਘੁਟਾਲੇ ''ਚ ਸ਼ਾਮਲ ਪਾਈਆਂ ਗਈਆਂ ਹਨ। ਇਨ੍ਹਾਂ ਦੀ ਗ੍ਰਿਫਤਾਰੀ ਲਈ ਜਲਦੀ ਹੀ ਛਾਪੇਮਾਰੀ ਕੀਤੀ ਜਾਵੇਗੀ। ਵਿਜੀਲੈਂਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੁੜੀਆਂ ਨੇ ਨੌਕਰੀ ਹਾਸਲ ਕਰਨ ਲਈ ਲੱਖਾਂ ਰੁਪਏ ਦੇ ਸੌਦੇ ਕੀਤੇ ਹਨ। ਇਨ੍ਹਾਂ ਕੁੜੀਆਂ ਨੂੰ ਪੇਪਰ ਦੀ ਤਿਆਰੀ ਹਰਿਆਣਾ ਅਤੇ ਲਖਨਊ ਦੇ ਸਰਗਨਾ ਦੇ ਗੁਪਤ ਠਿਕਾਣਿਆਂ ''ਤੇ ਲੈ ਜਾ ਕੇ ਪਹਿਲਾਂ ਹੀ ਕਰਵਾ ਦਿੱਤੀ ਗਈ ਸੀ। ਐੱਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਦੇ ਏ ਆਈ ਜੀ ਸੁਖਜੀਤ ਸਿੰਘ ਦੇ ਹੁਕਮਾਂ ''ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। 

ਪਟਵਾਰੀਆਂ ਦੀ ਭਰਤੀ ਲਈ ਹੋਏ 10 ਤੋਂ 12 ਲੱਖ ਦੇ ਸੌਦੇ

ਸਥਾਨਕ ਸਰਕਾਰ ਦੇ ਵਿਭਾਗ ''ਚ ਹੋਏ ਨੌਕਰੀ ਘੁਟਾਲੇ ਦੀ ਗਾਜ਼ ਬਾਦਲ ਸਰਕਾਰ ਦੀ ਨਵੀਂ ਭਰਤੀ ''ਤੇ ਡਿੱਗ ਸਕਦੀ ਹੈ।ਪੰਜਾਬ ''ਚ ਪਟਵਾਰੀਆਂ ਦੀ ਭਰਤੀ ਲਈ 10 ਤੋਂ 12 ਲੱਖ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਲ ਵਿਭਾਗ ਨੇ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਵਿਜੀਲੈਂਸ ਵਿਭਾਗ ਦੇ ਸਕੱਤਰ ਵਿਵੇਕ ਪ੍ਰਤਾਪ ਸਿੰਘ ਦੀ ਅਗਵਾਈ ''ਚ ਹੋਈ ਬੈਠਕ ਦੌਰਾਨ ਇਸ ਮਾਮਲੇ ''ਤੇ ਚਰਚਾ ਕੀਤੀ ਗਈ, ਜਿਸ ''ਚ ਹਾਜ਼ਰ ਅਧਿਕਾਰੀਆਂ ਨੇ ਦੱਸਿਆ ਕਿ ਪਟਵਾਰੀ ਦੀ ਭਰਤੀ ਲਈ ਕਈ ਉਮੀਦਵਾਰਾਂ ਵੱਲੋਂ ਸੌਦਾਬਜ਼ੀ ਕਰਨ ਦੇ ਤੱਥ ਸਾਹਮਣੇ ਆਏ ਹਨ। ਵਧੀਕ ਸਕੱਤਰ (ਮਾਲ ਵਿਭਾਗ) ਕੇ ਬੀ ਐੱਸ ਸਿੱਧੂ ਨੇ ਵਿਜੀਲੈਂਸ ਵਿਭਾਗ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਵਿਜੀਲੈਂਸ ਵਿਭਾਗ ਨੇ ਕਿਹਾ ਕਿ ਜਿਹੜੀ ਵੀ ਭਰਤੀ ''ਚ ਪੈਸਾ ਚੱਲਣ ਦੇ ਸਬੂਤ ਮਿਲਦੇ ਹਨ ਉਹ ਭਰਤੀ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ ਜਾਵੇਗੀ। 

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਈ ਸੀ ਪ੍ਰੀਖਿਆ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਲ ਵਿਭਾਗ ਵੱਲੋਂ 1230 ਪਟਵਾਰੀ ਭਰਤੀ ਕਰਨ ਦਾ ਕੰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦਿੱਤਾ ਗਿਆ ਸੀ ਅਤੇ ਯੂਨੀਵਰਸਿਟੀ ਵੱਲੋਂ ਮੁੱਢਲੀ ਪ੍ਰੀਖਿਆ ਲੈ ਲਈ ਗਈ ਸੀ। ਇਸ ਪ੍ਰੀਖਿਆ ''ਚ 10 ਹਜ਼ਾਰ ਉਮੀਦਵਾਰਾਂ ਦੀ ਛਾਂਟੀ ਵੀ ਹੋ ਚੁੱਕੀ ਸੀ। ਸਥਾਨਕ ਸਰਕਾਰਾਂ ਪਨਸਪ ਅਤੇ ਪੁੱਡਾ ''ਚ ਨੌਕਰੀਆਂ ਦੇ ਘੁਟਾਲੇ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਨੌਕਰੀ ਘੁਟਾਲੇ ''ਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਪਟਵਾਰੀਆਂ ਦੀ ਭਰਤੀ ਲਈ 10 ਤੋਂ 15 ਲੱਖ ਤੱਕ ਦੇ ਸੌਦੇ ਕੀਤੇ ਗਏ। ਪਰਦੀਪ ਸਿੰਘ ਨਾਮ ਦੇ ਵਿਅਕਤੀ ਨੇ ਮੰਨਿਆ ਹੈ ਕਿ 10 ਤੋਂ ਵਧ ਉਮੀਦਵਾਰਾਂ ਤੋਂ 1-1 ਲੱਖ ਰੁਪਏ ਪੇਸ਼ਗੀ ਦੇ ਤੌਰ ''ਤੇ ਲਏ ਜਾ ਚੁੱਕੇ ਹਨ ਅਤੇ ਬਾਕੀ ਦੇ ਪੈਸੇ ਭਰਤੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਲਏ ਜਾਣੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤੱਥ ਸਿਰਫ ਇਕ ਹੀ ਵਿਅਕਤੀ ਦੀ ਜਾਂਚ ਦੌਰਾਨ ਸਾਹਮਣੇ ਆਏ ਹਨ। 

ਵਿਜੀਲੈਂਸ ਵਿਭਾਗ ਨੇ ਹੁਣ ਪੰਜਾਬ ਯੂਨੀਵਰਸਿਟੀ ਦੀ ਜਗ੍ਹਾ ਕਿਸੇ ਹੋਰ ਯੂਨੀਵਰਸਿਟੀ ਜਾਂ ਸੰਸਥਾ ਰਾਹੀਂ ਭਰਤੀ ਕਰਾਉਣ ਲਈ ਕਿਹਾ ਹੈ। ਪਟਵਾਰੀਆਂ ਦੀ ਭਰਤੀ ਰੱਦ ਹੋਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਨੌਕਰੀ ਘੁਟਾਲੇ ਦਾ ਅਸਰ ਬਾਦਲ ਸਰਕਾਰ ਦੀ ਨਵੀਂ ਭਰਤੀ ''ਤੇ ਵੀ ਪੈਣ ਲੱਗਾ ਹੈ। 

ਕੈਪਟਨ ਅੱਜ ਦੇਣਗੇ ਧਰਨਾ

ਇਸ ਭਰਤੀ ਘੁਟਾਲੇ ਖਿਲਾਫ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 18 ਜੂਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਖੇਤਰ ਲੰਬੀ ''ਚ ਧਰਨੇ ਦਾ ਐਲਾਨ ਕਰ ਰੱਖਿਆ ਹੈ। 


Related News