ਜਿੰਮੀ ਨੂੰ ਭੇਜਿਆ ਫਰੀਦਕੋਟ ਜੇਲ, ਗੁਗਨੀ ਤੇ ਰਮਨਦੀਪ ਦੇ ਪੁਲਸ ਰਿਮਾਂਡ ''ਚ ਵਾਧਾ
Tuesday, Nov 14, 2017 - 12:40 AM (IST)

ਮੋਗਾ (ਪਵਨ ਗਰੋਵਰ, ਆਜ਼ਾਦ, ਗੋਪੀ ਰਾਊਕੇ) - ਪੰਜਾਬ ਪੁਲਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਅਤੇ ਪੁਲਸ ਰਿਮਾਂਡ 'ਤੇ ਲਿਆਂਦੇ ਗਏ ਗੈਂਗਸਟਰਾਂ ਰਮਨਦੀਪ ਸਿੰਘ ਉਰਫ ਰਮਨਾ, ਜਗਤਾਰ ਸਿੰਘ, ਧਰਮਿੰਦਰ ਗੁਗਨੀ, ਤਲਜੀਤ ਜਿੰਮੀ ਅਤੇ ਕੇ. ਐੱਲ. ਐੱਫ. ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਅਤੇ ਕੇ. ਐੱਲ. ਐੱਫ. ਦੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਕੋਲੋਂ ਸਥਾਨਕ ਸੀ. ਆਈ. ਏ. ਸਟਾਫ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਪੁਲਸ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਸਬੰਧੀ ਕੜੀ ਨਾਲ ਕੜੀ ਜੋੜ ਰਹੀ ਹੈ। ਪੁਲਸ ਵੱਲੋਂ ਅੱਜ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੈਂਗਸਟਰ ਰਮਨਦੀਪ ਰਮਨਾ ਦਾ ਅੱਜ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਬਾਘਾਪੁਰਾਣਾ ਪੁਲਸ ਵੱਲੋਂ ਬਾਘਾਪੁਰਾਣਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਕਿ ਪੁਲਸ ਨੇ ਮਾਣਯੋਗ ਅਦਾਲਤ ਕੋਲੋਂ ਰਮਨਦੀਪ ਰਮਨਾ ਦੇ ਪੁਲਸ ਰਿਮਾਂਡ 'ਚ ਹੋਰ ਵਾਧਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀ ਗਈ ਪੁੱਛਗਿੱਛ 'ਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਗੈਂਗਸਟਰਾਂ ਨੇ ਹਥਿਆਰ ਕਿੱਥੋਂ ਖਰੀਦੇ ਹਨ ਜਾਂ ਕਿਸ ਵਿਅਕਤੀ ਨੇ ਇਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਹਨ। ਇਸ ਦਾ ਪਤਾ ਲਾਉਣ ਲਈ ਦੋਸ਼ੀਆਂ ਦੇ ਪੁਲਸ ਰਿਮਾਂਡ ਦੀ ਹੋਰ ਜ਼ਰੂਰਤ ਹੈ, ਜਿਸ 'ਤੇ ਮਾਣਯੋਗ ਅਦਾਲਤ ਵੱਲੋਂ ਰਮਨਦੀਪ ਰਮਨਾ ਦੇ ਰਿਮਾਂਡ 'ਚ 15 ਨਵੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਗੈਂਗਸਟਰ ਤਲਜੀਤ ਜਿੰਮੀ ਨੂੰ ਵੀ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਕਿ ਉਸ ਨੂੰ ਨਿਆਇਕ ਹਿਰਾਸਤ 'ਚ 15 ਦਸੰਬਰ ਤੱਕ ਫਰੀਦਕੋਟ ਜੇਲ 'ਚ ਭੇਜ ਦਿੱਤਾ ਗਿਆ। ਗੈਂਗਸਟਰ ਧਰਮਿੰਦਰ ਗੁਗਨੀ ਨੂੰ ਵੀ ਅੱਜ ਰਿਮਾਂਡ ਖਤਮ ਹੋਣ 'ਤੇ ਮੋਗਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਦੇ ਪੁਲਸ ਰਿਮਾਂਡ 'ਚ 16 ਨਵੰਬਰ ਤੱਕ ਦਾ ਵਾਧਾ ਕੀਤਾ ਗਿਆ।
ਪੁਲਸ ਵੱਲੋਂ ਤਿੰਨੋਂ ਗੈਂਗਸਟਰਾਂ ਦਾ ਸਿਵਲ ਹਸਪਤਾਲ ਮੋਗਾ ਅਤੇ ਬਾਘਾਪੁਰਾਣਾ ਵਿਖੇ ਭਾਰੀ ਸੁਰੱਖਿਆ 'ਚ ਮੈਡੀਕਲ ਕਰਵਾਇਆ ਗਿਆ। ਇਸ ਦੇ ਨਾਲ ਹੀ ਨਾਭਾ ਜੇਲ 'ਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦੇ ਕੇ. ਐੱਲ. ਐੱਫ. ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦਾ ਪੁਲਸ ਰਿਮਾਂਡ ਵੀ 14 ਨਵੰਬਰ ਤੱਕ ਹੈ ਅਤੇ ਪੁਲਸ ਉਸ ਨੂੰ ਬੁੱਧਵਾਰ 15 ਨਵੰਬਰ ਨੂੰ ਅਦਾਲਤ 'ਚ ਪੇਸ਼ ਕਰੇਗੀ ਅਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਪੁਲਸ ਮਿੰਟੂ ਦੇ ਪੁਲਸ ਰਿਮਾਂਡ 'ਚ ਵੀ ਵਾਧਾ ਕਰਨ ਦੀ ਮੰਗ ਕਰੇਗੀ।