ਟਰੱਕ ਹੇਠਾਂ ਆਉਣ ਕਾਰਣ ਐਕਟਿਵਾ ਸਵਾਰ ਨੌਜਵਾਨ ਦੀ ਮੌਤ, ਇਕ ਜ਼ਖਮੀ
Saturday, Nov 23, 2019 - 10:53 AM (IST)
![ਟਰੱਕ ਹੇਠਾਂ ਆਉਣ ਕਾਰਣ ਐਕਟਿਵਾ ਸਵਾਰ ਨੌਜਵਾਨ ਦੀ ਮੌਤ, ਇਕ ਜ਼ਖਮੀ](https://static.jagbani.com/multimedia/2019_11image_13_04_321844069accident.jpg)
ਝਬਾਲ (ਨਰਿੰਦਰ) : ਝਬਾਲ ਤੋਂ ਥੋੜ੍ਹੀ ਦੂਰ ਅੱਡਾ ਭੁਜੜਾਵਾਲਾ ਵਾਲੇ ਨੇੜੇ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਤੇਜ਼ ਰਫਤਾਰ ਟਰੱਕ ਥੱਲੇ ਆਉਣ ਕਾਰਣ ਇਕ ਨੌਜਵਾਨ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਿੰਘ ਸੋਨੂੰ ਪੁੱਤਰ ਬਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਪੁੱਤਰ ਸੱਜਣ ਸਿੰਘ ਆਪਣੀ ਐਕਟਿਵਾ 'ਤੇ ਕਿਸੇ ਵਿਆਹ ਸਮਾਗਮ ਤੋਂ ਹੋ ਕੇ ਵਾਪਸ ਆਪਣੇ ਘਰ ਛੇਹਰਟਾ ਨੂੰ ਜਾ ਰਹੇ ਸਨ ਕਿ ਅੱਡਾ ਭੁਜੜਾਵਾਲਾ ਨੇੜੇ ਇਕ ਤੇਜ਼ ਰਫਤਾਰ ਟਰਾਲੇ ਨੂੰ ਪਾਸ ਕਰਦਿਆਂ ਐਕਟਿਵਾ ਸਲਿੱਪ ਹੋ ਕੇ ਟਰਾਲੇ ਨਾਲ ਟਕਰਾ ਕੇ ਸੜਕ 'ਤੇ ਡਿੱਗ ਪਈ। ਜਿਸ ਨਾਲ ਟਰਾਲੇ ਦਾ ਟਾਇਰ ਐਕਟਿਵਾ ਅਤੇ ਪੰਜਾਬ ਸਿੰਘ ਸੋਨੂੰ ਦੇ ਉਪਰੋਂ ਲੰਘ ਗਿਆ। ਜਿਸ ਨਾਲ ਪੰਜਾਬ ਸਿੰਘ ਸੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਛੇਹਰਟਾ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਮਨਿੰਦਰ ਸਿੰਘ ਪੁੱਤਰ ਸੱਜਣ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਤੋਂ ਥਾਣੇਦਾਰ ਵਿਪਨ ਕੁਮਾਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਟਰਾਲਾ ਚਾਲਕ ਮੌਕੇ ਤੋਂ ਟਰਾਲੇ ਨੂੰ ਭਜਾ ਕੇ ਲੈ ਗਿਆ।