ਲੁੱਟ ਦਾ ਡਰਾਮਾ ਰਚਣ ਵਾਲਾ ਖੁਦ ਹੀ ਫਸਿਆ ਜਾਲ ’ਚ, ਪੁਲਸ ਨੇ ਕੀਤਾ ਕਾਬੂ
Thursday, Jan 07, 2021 - 04:04 PM (IST)
ਮੋਗਾ (ਆਜ਼ਾਦ) : ਜਿਊਲਰ ਨੂੰ ਪੈਸੇ ਨਾ ਦੇਣ ਅਤੇ ਲੁੱਟ ਦਾ ਡਰਾਮਾ ਰਚਣ ਵਾਲਾ ਖੁਦ ਹੀ ਆਪਣੇ ਜਾਲ ’ਚ ਫਸ ਗਿਆ, ਜਿਸ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਧਰਮਕੋਟ ਸੁਬੈਗ ਸਿੰਘ ਨੇ ਦੱਸਿਆ ਕਿ ਕੋਟ ਈਸੇ ਖਾਂ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਬਚਨ ਸਿੰਘ ਨਿਵਾਸੀ ਪਿੰਡ ਵੱਡਾ ਘਰ (ਬਾਘਾ ਪੁਰਾਣਾ) ਨੇ ਕਿਹਾ ਕਿ ਉਹ ਮਸਾਲਾ ਫੈਕਟਰੀ ਪਿੰਡ ਖੋਸਾ ਪਾਂਡੋ ਵਿਚ ਕੰਮ ਕਰਦਾ ਹੈ। ਬੀਤੇ ਦਿਨ ਜਦ ਉਹ ਆਪਣੇ ਮੋਟਰਸਾਈਕਲ ’ਤੇ ਜ਼ੀਰਾ ਜਾ ਰਿਹਾ ਸੀ ਤਾਂ ਰਸਤੇ ਵਿਚ ਬਾਰਿਸ਼ ਹੋਣ ਕਾਰਣ ਉਹ ਪਿੰਡ ਖੋਸਾ ਪਾਂਡੋ ਦੇ ਬੱਸ ਸਟੈਂਡ ’ਤੇ ਰੁਕ ਗਿਆ ਅਤੇ ਇਸ ਦੌਰਾਨ ਉਥੇ ਕਾਰ ਸਵਾਰ ਚਾਰ ਲੜਕੇ ਆ ਧਮਕੇ, ਜਿਨ੍ਹਾਂ ਨੇ ਮੈਂਨੂੰ ਫੜ ਲਿਆ ਅਤੇ ਪਿਸਤੌਲ ਦੀ ਨੋਕ ਤੇ 55 ਹਜ਼ਾਰ ਰੁਪਏ ਖੋਹ ਲਏ ਅਤੇ ਮੇਰਾ ਮੋਟਰ ਸਾਈਕਲ ਦਾ ਪਲੱਗ ਕੱਢ ਕੇ ਦੂਰ ਸੁੱਟ ਦਿੱਤਾ।
ਉਕਤ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਗੋਸ਼ੀ ਮਾਰ ਦੇਣਗੇ ਅਤੇ ਗੱਡੀ ਵਿਚ ਬੈਠ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਜਦ ਡੂੰਘਾਈ ਨਾਲ ਉਕਤ ਮਾਮਲੇ ਦੀ ਜਾਂਚ ਕੀਤੀ ਅਤੇ ਗੁਰਬਚਨ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ 55 ਹਜ਼ਾਰ ਰੁਪਏ ਪਿੰਡ ਵੱਡਾ ਘਰ ਨਿਵਾਸੀ ਬਲਦੇਵ ਸਿੰਘ ਤੋਂ ਲੈ ਕੇ ਆਇਆ ਸੀ, ਜਦ ਪੁਲਸ ਨੇ ਉਕਤ ਵਿਅਕਤੀ ਤੋਂ ਜਾ ਕੇ ਪੁੱਛਿਆ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਪੁਲਸ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਮਸਾਲਾ ਫੈਕਟਰੀ ਵਿਚ ਵੀ ਜਾ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਲਗਭਗ ਡੇਢ ਸਾਲ ਤੋਂ ਫੈਕਟਰੀ ਵਿਚ ਨਹੀਂ ਆ ਰਿਹਾ।
ਪੁਲਸ ਵੱਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਸਮੇਂ ਗੁਰਬਚਨ ਸਿੰਘ ਨੇ ਕਿਹਾ ਕਿ ਉਸਨੇ ਜ਼ੀਰਾ ਨਿਵਾਸੀ ਜੈਨ ਜਿਊਲਰ ਦੇ ਪੈਸੇ ਦੇਣੇ ਸਨ, ਜੋ ਮੈਂਨੂੰ ਕਰੀਬ ਦੋ ਸਾਲ ਪਹਿਲਾਂ ਮੇਰੇ ਮਾਮੇ ਨੇ ਉਧਾਰ ਲੈ ਕੇ ਦਿੱਤੇ ਸਨ। ਹੁਣ ਜਿਊਲਰ ਮੈਂਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਮੈਂ ਕਰਜ਼ਾਈ ਹੋਣ ਕਾਰਣ ਪੈਸੇ ਵਾਪਸ ਨਹੀਂ ਕਰ ਸਕਿਆ, ਜਿਸ ਕਾਰਣ ਮੈਂ ਇਹ ਲੁੱਟ ਦਾ ਡਰਾਮਾ ਰਚਿਆ ਤਾਂ ਕਿ ਕਰਜ਼ਾ ਲੈਣ ਵਾਲੇ ਮੈਂਨੂੰ ਪ੍ਰੇਸ਼ਾਨ ਨਾ ਕਰਨ, ਮੇਰੇ ਕੋਲ ਕੋਈ ਪੈਸਾ ਨਹੀਂ ਸੀ। ਇਸ ਸਬੰਧੀ ਜਦੋਂ ਥਾਣਾ ਮੁਖੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਸੈੱਲ ਵੱਲੋਂ ਕਥਿਤ ਦੋਸ਼ੀ ਦੇ ਮੋਬਾਇਲ ਲੋਕੋਸ਼ਨ ਵੀ ਚੈੱਕ ਕੀਤਾ ਗਿਆ ਤਾਂ ਉਹ ਵੀ ਉਸਦੇ ਪਿੰਡ ਦੀ ਹੀ ਆ ਰਹੀ ਸੀ। ਇਸੇ ਤਰ੍ਹਾਂ ਕਥਿਤ ਮੁਲਜ਼ਮ ਆਪਣੇ ਜਾਲ ਵਿਚ ਖੁਦ ਹੀ ਫਸ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।