JDA ਵੱਲੋਂ ਕਮਰਸ਼ੀਅਲ ਤੇ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ

Thursday, Nov 24, 2022 - 04:24 PM (IST)

ਚੰਡੀਗੜ੍ਹ/ਜਲੰਧਰ : ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.) ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ 'ਚ ਸਥਿਤ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਇਕ ਚੰਕ ਸਾਈਟ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਹ ਈ-ਨਿਲਾਮੀ 7 ਦਸੰਬਰ, 2022 ਨੂੰ ਦੁਪਹਿਰ 1.00 ਵਜੇ ਖ਼ਤਮ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ 'ਚ 62 ਵਪਾਰਕ ਸਾਈਟਾਂ (36 ਐੱਸ. ਸੀ. ਓ/ਐੱਸ. ਸੀ. ਐੱਫ/ਐੱਸ. ਸੀ. ਐੱਸ. ਅਤੇ 26 ਬੂਥ/ ਕਨਵੀਨੀਐਂਟ ਬੂਥ/ਸਟ੍ਰਿੱਪ ਬੂਥ) ਅਤੇ 54 ਰਿਹਾਇਸ਼ੀ ਪਲਾਟ ਖ਼ਰੀਦ ਲਈ ਉਪਲੱਬਧ ਹਨ।

ਇਹ ਜਾਇਦਾਦਾਂ ਜਲੰਧਰ, ਮੁਕੇਰੀਆਂ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਥਾਵਾਂ 'ਤੇ ਸਥਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਗਾਂਧੀ ਵਨੀਤਾ ਆਸ਼ਰਮ, ਕਪੂਰਥਲਾ ਰੋਡ, ਜਲੰਧਰ ਵਿਖੇ ਇੱਕ ਚੰਕ ਸਾਈਟ ਵੀ ਈ-ਨਿਲਾਮੀ ਲਈ ਉਪਲੱਬਧ ਹੈ, ਜਿਸ ਦੀ ਰਾਖਵੀਂ ਕੀਮਤ 14.22 ਕਰੋੜ ਰੁਪਏ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਾਲ ਅਕਤੂਬਰ ਮਹੀਨੇ 'ਚ ਹੋਈ ਈ-ਨਿਲਾਮੀ 'ਚ ਜੇ. ਡੀ. ਏ. ਵੱਲੋਂ ਤਕਰੀਬਨ 19 ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬੋਲੀ 'ਚ ਹਿੱਸਾ ਲੈਣ ਲਈ ਬੋਲੀਕਾਰਾਂ ਨੂੰ ਈ-ਆਕਸ਼ਨ ਪੋਰਟਲ www.puda.e-auctions.in 'ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਪੋਰਟਲ 'ਤੇ ਈ-ਨਿਲਾਮੀ ਦੇ ਨਿਯਮ ਅਤੇ ਸ਼ਰਤਾਂ ਵੀ ਉਪਲੱਬਧ ਹਨ। ਸਫ਼ਲ ਬੋਲੀਕਾਰਾਂ ਨੂੰ ਜਾਇਦਾਦਾਂ ਦਾ ਕਬਜ਼ਾ ਅਲਾਟਮੈਂਟ ਪੱਤਰ ਜਾਰੀ ਹੋਣ ਤੋਂ 90 ਦਿਨਾਂ ਦੇ ਅੰਦਰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਸਬੰਧੀ ਮੁਕੰਮਲ ਵੇਰਵੇ ਜਿਵੇਂ-ਰਾਖਵੀਂ ਕੀਮਤ, ਆਲਾ-ਦੁਆਲਾ, ਜਗ੍ਹਾ ਦਾ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਈ-ਨਿਲਾਮੀ ਪੋਰਟਲ 'ਤੇ ਦੇਖੇ ਜਾ ਸਕਦੇ ਹਨ।


Babita

Content Editor

Related News