ਚੰਡੀਗੜ੍ਹ ਪ੍ਰਸ਼ਾਸਨ ਪੰਜਾਬੀ ''ਚ ਲਵੇਗਾ ''ਜੇ. ਬੀ. ਟੀ.'' ਦੀ ਭਰਤੀ ਪ੍ਰੀਖਿਆ!

Friday, Nov 30, 2018 - 12:49 PM (IST)

ਚੰਡੀਗੜ੍ਹ (ਅਸ਼ਵਨੀ) : ਚੰਡੀਗੜ੍ਹ ਪ੍ਰਸ਼ਾਸਨ ਵਲੋਂ 418 ਜੇ. ਬੀ. ਟੀ. ਅਧਿਆਪਕਾਂ ਦੀ ਭਰਤੀ ਦੇ ਇਸ਼ਤਿਹਾਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਦਖਲ-ਅੰਦਾਜ਼ੀ  ਤੋਂ ਬਾਅਦ ਕੀਤੀ ਗਈ ਸੋਧ ਨਾਲ ਪੰਜਾਬੀ ਮੀਡੀਅਮ ਵਿਚ ਪੜ੍ਹੇ ਅਧਿਆਪਕਾਂ ਨੂੰ ਭਾਰੀ ਰਾਹਤ ਮਿਲੀ ਹੈ। ਹੁਣ ਭਰਤੀ ਹੋਣ ਵਾਲੇ ਪ੍ਰੀਖਿਆਰਥੀ ਪੰਜਾਬੀ ਮੀਡੀਅਮ ਵਿਚ ਪੇਪਰ ਦੇ ਸਕਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ। 
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ 418 ਜੇ. ਬੀ..ਟੀ. ਅਧਿਆਪਕਾਂ ਦੀ ਭਰਤੀ  ਸਬੰਧੀ ਜੋ ਇਸ਼ਤਿਹਾਰ ਅਖਬਾਰਾਂ ਵਿਚ ਦਿੱਤਾ ਗਿਆ ਸੀ, ਉਸ ਵਿਚ ਦਾਖਲੇ ਲਈ ਹੋਣ ਵਾਲਾ ਟੈਸਟ ਸਿਰਫ ਅੰਗਰੇਜ਼ੀ ਤੇ ਹਿੰਦੀ ਮੀਡੀਅਮ ਵਿਚ ਰੱਖਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ 16 ਅਕਤੂਬਰ, 2018 ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ  ਇਕ ਉਚ ਪੱਧਰੀ ਵਫਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਗੱਲ ਉਪਰ ਸਖਤ ਰੋਸ ਪ੍ਰਗਟ ਕੀਤਾ ਸੀ ਅਤੇ ਇਸ ਨੂੰ ਪੰਜਾਬੀ ਮਾਂ ਬੋਲੀ ਨਾਲ ਘੋਰ-ਬੇਇਨਸਾਫੀ ਕਰਾਰ ਦਿੱਤਾ ਸੀ। ਇਸ 'ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਨਵਾਂ ਨੋਟਿਸ ਅਖਬਾਰਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ, ਉਸ ਵਿਚ ਸੋਧ ਕਰਦਿਆਂ ਹੁਣ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਪੰਜਾਬੀ ਵਿਚ ਇਮਤਿਹਾਨ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਡਾ. ਚੀਮਾ ਨੇ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਭਰਪੂਰ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਇਸ ਭਰਤੀ ਵਿਚ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪਾਸ ਹੋਣ ਦੀ ਸ਼ਰਤ ਨੂੰ ਵੀ ਮੁੜ ਲਾਗੂ ਕਰਨਾ ਚਾਹੀਦਾ ਹੈ।


Babita

Content Editor

Related News