ਪੰਜਾਬ ਦਾ ਸਮਰਾਲਾ ਸ਼ਹਿਰ ''ਭਿਆਨਕ ਬੀਮਾਰੀ'' ਦੀ ਲਪੇਟ ''ਚ, ਹਰ ਪਾਸੇ ਮਚੀ ਹਾਹਾਕਾਰ
Wednesday, Mar 04, 2020 - 04:38 PM (IST)
ਸਮਰਾਲਾ (ਬਿਪਨ) : ਜਿੱਥੇ ਪੂਰੀ ਦੁਨੀਆ 'ਚ ਇਸ ਸਮੇਂ ਕੋਰੋਨਾ ਵਾਇਰਸ ਨੇ ਆਪਣੇ ਪੈਸ ਪਸਾਰੇ ਹੋਏ ਹਨ, ਉੱਥੇ ਹੀ ਪੰਜਾਬ ਦੇ ਸਮਰਾਲਾ ਸ਼ਹਿਰ 'ਚ 'ਪੀਲੀਆ' ਵਰਗੀ ਭਿਆਨਕ ਬੀਮਾਰੀ ਕਾਰਨ ਲੋਕ ਜਕੜੇ ਹੋਏ ਹਨ। ਸ਼ਹਿਰ 'ਚ ਗੰਦੇ ਪਾਣੀ ਦਾ ਟੋਭਾ ਹੋਣ ਦੇ ਕਾਰਨ ਆਸ-ਪਾਸ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ ਅਤੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਜਿੱਥੇ ਪੰਜਾਬ ਸਰਕਾਰ ਆਮ ਜਨਤਾ ਨੂੰ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਉਣ ਦੀਆਂ ਗੱਲਾਂ ਕਰ ਰਹੀ ਹੈ, ਉੱਥੇ ਹੀ ਸਮਰਾਲਾ ਦੇ ਲੋਕ ਬੀਮਾਰੀ ਕਾਰਨ ਪੂਰੀ ਤਰ੍ਹਾਂ ਡਰੇ ਹੋਏ ਹਨ।
ਸਰਕਾਰੀ ਹਸਪਤਾਲ 'ਚ 3 ਮਰੀਜ਼ਾਂ ਦੀ ਪੁਸ਼ਟੀ
ਭਾਵੇਂ ਹੀ ਸਮਰਾਲਾ ਦੇ ਸਰਕਾਰੀ ਹਸਪਤਾਲ 'ਚ ਪੀਲੀਆ ਦੇ 3 ਮਰੀਜ਼ਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਪਰ ਪ੍ਰਾਈਵੇਟ ਹਸਪਤਾਲਾਂ 'ਚ ਇਹ ਗਿਣਤੀ ਕਿਤੇ ਜ਼ਿਆਦਾ ਹੈ। ਲੋਕ ਹਸਪਤਾਲਾਂ ਦੇ ਬੈੱਡਾਂ 'ਤੇ ਪਏ ਦਰਦ ਝੱਲ ਰਹੇ ਹਨ ਅਤੇ ਕਿਸੇ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ। ਸ਼ਹਿਰ 'ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਪ੍ਰਾਈਵੇਟ ਹਸਪਤਾਲ ਵੀ ਬੀਮਾਰੀ ਕਾਰਨ ਮਰੀਜ਼ਾਂ ਨਾਲ ਭਰੇ ਪਏ ਹਨ।
ਗੰਦਾ ਪਾਣੀ ਬੀਮਾਰੀ ਦਾ ਮੁੱਖ ਕਾਰਨ
ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀਣ ਲਈ ਸਾਫ ਪਾਣੀ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬੁਖਾਰ, ਉਲਟੀ, ਦਸਤ ਅਤੇ ਪੀਲੀਆ ਵਰਗੀਆਂ ਬੀਮਾਰੀਆਂ ਲੱਗ ਰਹੀਆਂ ਹਨ। ਸ਼ਹਿਰ ਵਾਸੀਆਂ ਮੁਤਾਬਕ ਜਦੋਂ ਪਾਣੀ ਦੀ ਸਪਲਾਈ ਆਉਂਦੀ ਹੈ ਤਾਂ ਪਹਿਲਾਂ ਬਹੁਤ ਦੇਰ ਗੰਦਾ ਪਾਣੀ ਆਉਂਦਾ ਹੈ, ਜਿਵੇਂ ਇਸ 'ਚ ਸੀਵਰੇਜ ਦਾ ਪਾਣੀ ਮਿਲਿਆ ਹੋਵੇ ਅਤੇ ਲੋਕਾਂ 'ਚ ਬੀਮਾਰੀਆਂ ਲੱਗਣ ਦਾ ਵੀ ਇਹੀ ਮੁੱਖ ਕਾਰਨ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ 'ਸਵੱਛ ਭਾਰਤ' ਮੁਹਿੰਮ ਦੀ ਗੱਲ ਕਰ ਰਹੀ ਹੈ ਤਾਂ ਦੂਜੇ ਪਾਸੇ ਗੰਦੇ ਪਾਣੀ ਦਾ ਤਲਾਬ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸਭ ਤੋਂ ਜ਼ਿਆਦਾ ਮਰੀਜ਼ ਕੰਗ ਮੁਹੱਲਾ, ਦੁਰਲਭ ਨਗਰ ਅਤੇ ਹਿੰਮਤ ਨਗਰ ਤੋਂ ਸਾਹਮਣੇ ਆ ਰਹੇ ਹਨ। ਇਸ ਬਾਰੇ ਜਦੋਂ ਸ਼ਹਿਰ ਦੇ ਕਲੀਨਿਕ ਚਲਾਉਣ ਵਾਲੇ ਡਾਕਟਰ ਸੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਉਨ੍ਹਾਂ ਕੋਲ 15 ਦੇ ਕਰੀਬ ਪੀਲੀਆ ਦੀ ਸ਼ਿਕਾਇਤ ਦੇ ਮਰੀਜ਼ ਆ ਚੁੱਕੇ ਹਨ।
ਬੀਮਾਰੀ ਫੈਲਣ ਤੋਂ ਬਾਅਦ ਜਾਗਿਆ ਸਿਹਤ ਵਿਭਾਗ
ਸ਼ਹਿਰ 'ਚ ਪੂਰੀ ਤਰ੍ਹਾਂ ਬੀਮਾਰੀ ਫੈਲਣ ਤੋਂ ਬਾਅਦ ਸੁੱਤੇ ਹੋਏ ਸਿਹਤ ਵਿਭਾਗ ਦੀ ਅੱਖ ਖੁੱਲ੍ਹੀ ਹੈ, ਜਿਸ ਤੋਂ ਬਾਅਦ ਵਿਭਾਗ ਵਲੋਂ ਪਾਣੀ ਦੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਪੀਲੀਆ ਫੈਲ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਪੂਰੇ ਸ਼ਹਿਰ 'ਚ ਸਰਵੇ ਟੀਮਾਂ ਨੂੰ ਭੇਜਿਆ ਹੈ ਅਤੇ ਲੋਕਾਂ ਨੂੰ ਪੀਣ ਵਾਲੀ ਪਾਣੀ ਨਾਲ ਫੈਲ ਰਹੀ ਪੀਲੀਆ ਦੀ ਬੀਮਾਰੀ ਬਾਰੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੀ ਕਹਿਣਾ ਹੈ ਐੱਸ. ਐੱਮ. ਓ. ਦਾ
ਇਸ ਬਾਰੇ ਜਦੋਂ ਸਮਰਾਲਾ ਦੀ ਐੱਸ. ਐੱਮ. ਓ. ਗੀਤਾ ਕਟਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਉਨ੍ਹਾਂ ਕੋਲ ਜਿੰਨੇ ਪੀਲੀਆ ਦੇ ਮਰੀਜ਼ ਆਏ ਹਨ, ਉਨ੍ਹਾਂ 'ਚੋਂ ਸਿਰਫ 3 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਾਣੀ ਦੇ ਨੂਮਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਵੀ ਇਸ ਬਾਰੇ ਲਿਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਲਾਇਕ ਬਣਾਉਣ ਬਾਰੇ ਵੀ ਦੱਸਿਆ ਜਾ ਰਿਹਾ ਹੈ।