ਜਥੇਦਾਰ ਮੰਡ ਵੱਲੋਂ ਕੈਬਨਿਟ ਮੰਤਰੀ ਰੰਧਾਵਾ, ਤ੍ਰਿਪਤ ਬਾਜਵਾ ਸਮੇਤ 3 ਵਿਧਾਇਕ ਅਕਾਲ ਤਖ਼ਤ ਸਾਹਿਬ ਤਲਬ
Saturday, Jul 24, 2021 - 12:31 PM (IST)
ਅੰਮ੍ਰਿਤਸਰ (ਜ.ਬ) : ਸਰਬੱਤ ਖਾਲਸਾ ਦੌਰਾਨ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਾਂਗਰਸ ਦੇ ਦੋ ਮੰਤਰੀਆਂ ਤੇ 3 ਵਿਧਾਇਕਾਂ ਨੂੰ ਬਰਗਾੜੀ ਮੋਰਚੇ ਦੌਰਾਨ ਕੀਤੇ ਵਾਅਦੇ ਨਾ ਨਿਭਾਉਣ ਦੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਹੈ। ਜਥੇਦਾਰ ਮੰਡ ਨੇ 2 ਅਗਸਤ ਨੂੰ ਸਵੇਰੇ 11 ਵਜੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਕੁਲਬੀਰ ਸਿੰਘ ਜ਼ੀਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਖ਼ਤ ਚਿਤਾਵਨੀ
ਜਥੇਦਾਰ ਮੰਡ ਨੇ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸ਼ਹੀਦ ਸਿੰਘਾਂ ਲਈ ਇਨਸਾਫ਼ ਮੰਗਣ ਲਈ ਜੋ ਮੋਰਚਾ ਲਗਾਇਆ ਗਿਆ ਸੀ, ਉਸ ਸਬੰਧੀ ਉਕਤ ਦੋਵੇਂ ਮੰਤਰੀ ਤੇ ਤਿੰਨੇ ਵਿਧਾਇਕਾਂ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਬਰਗਾੜੀ ਮੋਰਚੇ ਨਾਲ ਸਬੰਧਤ ਸਭ ਕੁਝ ਪ੍ਰਵਾਨ ਹੈ ਤੇ ਇਨ੍ਹਾਂ ’ਤੇ ਯਕੀਨ ਕਰਦਿਆਂ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਸੀ। ਪ੍ਰੰਤੂ 9 ਦਸੰਬਰ 2018 ਤੋਂ ਬਾਅਦ ਅੱਜ ਤੱਕ ਸਰਕਾਰ ਆਪਣੇ ਵਾਅਦੇ ’ਤੇ ਖਰੀ ਨਹੀਂ ਉਤਰੀ, ਸਗੋਂ ਮੁੱਕਰ ਚੁੱਕੀ ਹੈ। ਇਸ ਲਈ 2 ਅਗਸਤ ਨੂੰ ਉਕਤ ਪੰਜੇ ਵਿਅਕਤੀਆਂ ਨੂੰ ਮੇਰੇ ਸਮੇਤ ਬਾਬਾ ਨਛੱਤਰ ਸਿੰਘ, ਭਾਈ ਗੁਰਭੇਜ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰਜਤਿੰਦਰ ਸਿੰਘ ’ਤੇ ਭਾਈ ਬੂਟਾ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਸਪੱਸ਼ਟੀਕਰਨ ਦੇਣਾ ਹੋਵੇਗਾ। ਜੇਕਰ ਉਕਤ ਵਿਅਕਤੀ ਪੇਸ਼ ਨਹੀਂ ਹੁੰਦੇ ਤਾਂ ਫਿਰ ਗੁਰਮਰਿਆਦਾ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਜਥੇਦਾਰ ਧਿਆਨ ਸਿੰਘ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਤੇ ਹੋਰ ਆਗੂਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟਣ ਅਤੇ ਮੂੰਹ ’ਚ ਸ਼ਰਾਬ ਪਾਉਣ ਦਾ ਜਥੇਦਾਰ ਹਰਪ੍ਰੀਤ ਸਿੰਘ ਨੇ ਲਿਆ ਸਖ਼ਤ ਨੋਟਿਸ
ਨੋਟ : ਬੇਅਦਬੀ ਦੇ ਮਾਮਲੇ 'ਚ ਇਨਸਾਫ਼ ਨਾ ਮਿਲਣਾ , ਕੀ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਵੱਡਾ ਸੁਆਲੀਆ ਨਿਸ਼ਾਨ ਹੈ?