ਜਥੇਦਾਰ ਹਿੱਤ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ’ਤੇ ਵੱਡਾ ਇਲਜ਼ਾਮ, ਕਿਹਾ ਮਾਂ ਪਾਰਟੀ ਨਾਲ ਕੀਤਾ ਧੋਖਾ

Friday, May 13, 2022 - 05:43 PM (IST)

ਜਲੰਧਰ/ਨਵੀਂ ਦਿੱਲੀ (ਚਾਵਲਾ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਖਾਨਦਾਨੀ ਗੱਦਾਰ ਦੱਸਦਿਆਂ ਉਨ੍ਹਾਂ ’ਤੇ ਆਪਣੀ ਮਾਂ ਪਾਰਟੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਸਿੱਖ ਵਿਰੋਧੀ ਤਾਕਤਾਂ ਅੱਗੇ ਗੋਢੇ ਟੇਕ ਕੇ ਦਿੱਲੀ ਕਮੇਟੀ ਦੇ ਜ਼ਬਰਦਸਤੀ ਪ੍ਰਧਾਨ ਬਣੇ ਹਨ ਅਤੇ  ਇਸ 'ਤੇ ਅਦਾਲਤ ਵਿਖੇ ਕੇਸ ਚਲ ਰਿਹਾ ਹੈ ਅਤੇ ਜਲਦ ਹੀ ਉਸ ’ਤੇ ਫੈਸਲਾ ਆਵੇਗਾ।

ਇਹ ਵੀ ਪੜੋ :- ਅਫੀਮ ਤਸਕਰੀ ਮਾਮਲੇ ’ਚ ਰਾਜਸਥਾਨ ਦੇ ਹਰਨੂਰ ਨੇ ਮੰਗੀ ਜ਼ਮਾਨਤ, ਪੁਲਸ ’ਤੇ ਵੀ ਅਗਵਾ ਦਾ ਕੇਸ ਦਰਜ

ਬੀਤੇ ਦਿਨੀਂ ਦਿੱਲੀ ਵਿਖੇ ਜੱਥੇਦਾਰ ਅਵਤਾਰ ਸਿੰਘ ਹਿੱਤ ਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਸਾਂਝੇ ਤੌਰ ’ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਹਰਮੀਤ ਸਿੰਘ ਕਾਲਕਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਿਹੜਾ ਮਾਮਲਾ 2005 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਧਿਆਨ ਵਿਚ ਆਉਣ ਮਗਰੋਂ ਸਮਾਪਤ ਹੋ ਚੁੱਕਿਆ ਹੈ ਉਸ ਨੂੰ ਮੁੜ ਚੁੱਕਦੇ ਹੋਏ ਸੱਚ ਨਾਲ ਝੂਠ ਜੋੜਦਿਆਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਕਰਦਿਆਂ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਹੈ।

ਕੁਲਮੋਹਨ ਸਿੰਘ ਨੇ ਦੱਸਿਆ ਕਿ ਜੱਥੇਦਾਰ ਅਵਤਾਰ ਸਿੰਘ ਹਿੱਤ ਅਤੇ ਉਨ੍ਹਾਂ ਦੀ ਕਮੇਟੀ 2002 ’ਚ ਹੀ ਹਟ ਗਈ ਸੀ ਅਤੇ 2005 ਵਿਚ ਪਰਮਜੀਤ ਸਿੰਘ ਸਰਨਾ ਦੀ ਕਮੇਟੀ ਸੀ। ਉਸ ਦੌਰਾਨ ਦਿੱਲੀ ਦੇ 2 ਬੰਦਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਨੂ ਮੁਰਤੀ ਦੇ ਖਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਨ੍ਹਾਂ ਵੱਲੋਂ ਤੇਲਗੂ ਸਮੇਤ ਹੋਰਨਾਂ ਭਾਸ਼ਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਜਾ ਰਿਹਾ ਸੀ। ਜਿਵੇਂ ਹੀ ਇਹ ਮਾਮਲਾ ਪਰਮਜੀਤ ਸਿੰਘ ਸਰਨਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਜਲਦ ਹੀ ਉਸ ’ਤੇ ਰੋਕ ਲਾ ਦਿੱਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸਮਾਪਤ ਹੋ ਗਿਆ ਸੀ ਪਰ ਕੱਲ ਜਦੋਂ ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕਜੁੱਟ ਹੋਇਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਿਸ ਤਰ੍ਹਾਂ ਹੋਵੇ ਉਸ ’ਤੇ ਚਰਚਾ ਕੀਤੀ ਗਈ ਸੀ। ਉਸ ਵੇਲੇ ਕਾਲਕਾ ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਪੰਥਕ ਇਕਜੁਟਤਾ ਤੋਂ ਮੀਡੀਆ ਅਤੇ ਸਮੁੱਚੀ ਕੌਮ ਦਾ ਧਿਆਨ ਭਟਕਾਉਣ ਦੇ ਇਰਾਦੇ ਨਾਲ ਬਿਨ੍ਹਾਂ ਵਜ੍ਹਾ ਦਾ ਮੁੱਦਾ ਜੱਥੇਦਾਰ ਹਿੱਤ ਖ਼ਿਲਾਫ਼ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਕੌਮ ਕਾਲਕਾ ਨੂੰ ਕਦੇ ਵੀ ਮਾਫ਼ ਨਹੀਂ ਕਰੇਗੀ।

ਇਹ ਵੀ ਪੜੋ :- ਵੈਸਟ ਹਲਕੇ ’ਚ ਆਗੂ ਦੇਣ ਲੱਗੇ ਲਾਟਰੀ ਤੇ ਦੜਾ-ਸੱਟਾ ਕਾਰੋਬਾਰੀਆਂ ਨੂੰ ਖੁੱਲ੍ਹੀ ਸਰਪ੍ਰਸਤੀ

ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸ਼ਿਕਾਇਤ ਭੇਜੀ ਹੈ ਜਿਨ੍ਹਾਂ ਨੇ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਦੀ ਆਸਥਾ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਝੂਠੇ ਤੇ ਬੇਬੁਨਿਆਦ ਦਸਤਾਵੇਜ਼ ਪੇਸ਼ ਕਰ ਕੇ ਗੁੰਮਰਾਹ ਕਰਨਾ ਦਾ ਯਤਨ ਕੀਤਾ ਹੈ ਜਿਸ ਦੇ ਚਲਦੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਲਗਾਉਣੀ ਚਾਹੀਦੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News