ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਸੁਣਾਈ ਧਾਰਮਿਕ ਸਜ਼ਾ

Monday, Jul 15, 2024 - 03:04 PM (IST)

ਅੰਮ੍ਰਿਤਸਰ (ਸਰਬਜੀਤ)- ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਿੱਥੇ ਹੁਕਮਨਾਮਾ ਜਾਰੀ ਕੀਤਾ, ਉੱਥੇ ਹੀ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਧਾਰਮਿਕ ਸੇਵਾ ਤੋਂ ਇਲਾਵਾ ਦੋ ਹੋਰਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਹੁਕਮਨਾਮਾ ਜਾਰੀ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਅਣਦੇਖੀ ਕਰਨ ’ਤੇ ਧਾਰਮਿਕ ਸਜ਼ਾ ਲਗਾਈ ਹੈ।

ਗਿਆਨੀ ਰਘਬੀਰ ਸਿੰਘ ਨੇ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਲਗਾਤਾਰ 11 ਦਿਨ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਦੇ ਨਿਤਨੇਮ ਤੋਂ ਇਲਾਵਾ 11 ਪਾਠ ਜਪੁਜੀ ਸਾਹਿਬ ਅਤੇ ਇਕ ਘੰਟਾ ਗੁਰਬਾਣੀ ਕੀਰਤਨ ਸੁਣਨ ਦੀ ਧਾਰਮਿਕ ਸੇਵਾ ਲਗਾਈ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਦੋਵੇਂ ਹੱਥ ਜੋੜ ਕੇ ਖੜ੍ਹੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨੂੰ ਕਬੂਲ ਕਰਦੇ ਹੋਏ ਮਰਿਆਦਾ ਅਨੁਸਾਰ 11 ਦਿਨ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ ਦੇ ਪਾਠ ਅਤੇ ਇਕ ਘੰਟਾ ਕੀਰਤਨ ਸੁਣਨਗੇ। ਇਹ ਸੇਵਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ’ਤੇ ਆ ਕੇ ਲਿਖਤੀ ਰੂਪ ਵਿਚ ਆਪਣੀ ਸਜ਼ਾ ਪੂਰੀ ਹੋਣ ਬਾਰੇ ਵੀ ਦੱਸਣਗੇ।

ਇਹ ਵੀ ਪੜ੍ਹੋ- ਹੈਰੋਇਨ ਸਮੱਗਲਿੰਗ ਦਾ ਟੁੱਟਿਆ ਰਿਕਾਰਡ, 5 ਮਹੀਨਿਆਂ ’ਚ 126 ਡਰੋਨ ਤੇ 750 ਕਰੋੜ ਦੀ ਹੈਰੋਇਨ ਜ਼ਬਤ

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਦਰਸ਼ਨ ਸਿੰਘ ਗੁੰਮਟਾਲਾ ਵੱਲੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਕੁਝ ਸੰਗਤਾਂ ਵੱਲੋਂ ਪਰਾਈ ਇਸਤਰੀ ਨਾਲ ਸੰਗ ਕਰਨ ਦੀ ਸ਼ਿਕਾਇਤ ਨੂੰ ਮਨਜ਼ੂਰ ਕਰਦਿਆਂ ਸਾਰੀ ਸੰਗਤ ਵਿਚ ਆਪਣਾ ਗੁਨਾਹਾ ਕਬੂਲ ਕੀਤਾ ਹੈ। ਸਿੰਘ ਸਾਹਿਬ ਵੱਲੋਂ ਪੁੱਛੇ ਗਏ ਸਵਾਲ ’ਤੇ ਦੁਬਾਰਾ ਅੰਮ੍ਰਿਤ ਛਕਣ ਦੀ ਪ੍ਰਕਿਰਿਆ ਦਾ ਹਾਂ-ਪੱਖੀ ਜਵਾਬ ਦਿੱਤਾ। ਉਸ ਉਪਰੰਤ ਸਿੰਘ ਸਾਹਿਬ ਨੇ ਦਰਸ਼ਨ ਸਿੰਘ ਗੁੰਮਟਾਲਾ ਨੂੰ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਅੰਮ੍ਰਿਤ ਛਕਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਸੱਦਣ ਦੇ ਹੁਕਮ ਜਾਰੀ ਕੀਤੇ ਜਾਣਗੇ।

ਜਗਜੀਤ ਸਿੰਘ ਨੂੰ ਰੋਜ਼ਾਨਾ ਜਪੁਜੀ ਸਾਹਿਬ ਦੇ ਪਾਠ ਤੇ ਗੁਰਦੁਆਰਾ ਸਾਹਿਬ ਵਿਖੇ ਭਾਂਡੇ ਮਾਂਜਣ ਦੀ ਸੇਵਾ

ਇਸ ਦੌਰਾਨ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਗਜੀਤ ਸਿੰਘ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਰੁੱਧ ਦੁਨਿਆਵੀ ਅਦਾਲਤ ਵਿਚ ਕੇਸ ਲਗਾਉਣ ਸਬੰਧੀ ਅੱਜ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ। ਗਿਆਨੀ ਰਘਬੀਰ ਸਿੰਘ ਨੇ ਜਗਜੀਤ ਸਿੰਘ ਨੂੰ ਧਾਰਮਿਕ ਸੇਵਾ ਵਿਚ ਰੋਜ਼ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਤੋਂ ਇਲਾਵਾ ਇਕ ਪਾਠ ਜਪੁਜੀ ਸਾਹਿਬ ਅਤੇ ਭਾਂਡੇ ਮਾਂਜਣ ਦੀ ਸੇਵਾ ਦੀ ਸਜ਼ਾ ਸੁਣਾਈ ਹੈ।

ਜੰਮੂ ਦੇ ਪੰਜ ਸਿੱਖਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਦੇ ਹੁਕਮ

ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਹੋਏ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਰਣਜੀਤ ਸਿੰਘ, ਜਗਪਾਲ ਸਿੰਘ, ਸੋਮਨਾਥ ਸਿੰਘ, ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਨੇ ਆਪਣੇ ਨਿੱਜੀ ਸਵਾਰਥਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਰਾਗੀ ਦਰਸ਼ਨ ਸਿੰਘ ਵੱਲੋਂ ਕੀਰਤਨ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ, ਜਿਨਾਂ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਅੱਜ ਆਪਣਾ ਸਪੱਸ਼ਟੀਕਰਨ ਦੇਣ ਲਈ ਲਿਖਤੀ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਜ਼ੀ ਦੇਣ ਦੇ ਹੁਕਮ ਕੀਤੇ ਗਏ।

ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News