ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਕੀਤੀ ਮੁਲਾਕਾਤ
Monday, Mar 10, 2025 - 09:11 PM (IST)

ਜਲੰਧਰ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲਣ ਤੋਂ ਬਾਅਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗਿਆਨੀ ਸੁਲਤਾਨ ਸਿੰਘ ਨਾਲ ਵਿਚਾਰਾਂ ਕੀਤੀਆਂ। ਗਿਆਨੀ ਸੁਲਤਾਨ ਸਿੰਘ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਦੱਸ ਦਈਏ ਕਿ ਸ੍ਰੀ ਅੰਨਦਪੁਰ ਸਾਹਿਬ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਸੇਵਾ ਸੰਭਾਲ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ। ਇਸ ਦੌਰਾਨ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ।