ਬੇਅਦਬੀ ਮਾਮਲੇ ਦੇ ਦੋਸ਼ਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਸ਼ੁਰੂ

Sunday, May 05, 2019 - 05:27 PM (IST)

ਬੇਅਦਬੀ ਮਾਮਲੇ ਦੇ ਦੋਸ਼ਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਸ਼ੁਰੂ

ਫਰੀਦਕੋਟ (ਜਗਤਾਰ, ਅਮਿਤ) - ਬਰਗਾੜੀ ਮੋਰਚੇ 'ਚ ਸ਼ਾਮਲ ਸਿੱਖ ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਦੇ ਦੋਸ਼ਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਰੋਸ ਮਾਰਚ ਕੀਤਾ ਜਾ ਰਿਹਾ ਹੈ। ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਇਕੱਠੀਆਂ ਹੋ ਰਹੀਆਂ ਸਿੱਖ ਜਥੇਬੰਦੀਆਂ ਵਲੋਂ ਸ਼ੁਰੂ ਕੀਤਾ ਗਿਆ ਇਹ ਰੋਸ ਮਾਰਚ ਕੋਟਕਪੂਰਾ ਚੌਕ 'ਚੋਂ ਬਠਿੰਡਾ ਜਾਵੇਗਾ। ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਚੌਕ 'ਚੋਂ ਸ਼ੁਰੂ ਹੋਇਆ ਰੋਸ ਮਾਰਚ ਬਠਿੰਡਾ ਤੋਂ ਹੁੰਦਾ ਹੋਇਆ ਸ੍ਰੀ ਦਮਦਮਾ ਸਾਹਿਬ ਜਾ ਕੇ ਖਤਮ ਹੋ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਖਿਲਾਫ ਸਿੱਖ ਜਥੇਬੰਦੀਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਅਕਾਲੀ ਦਲ ਨੂੰ ਵੋਟ ਨਾ ਪਾਉਣ ਦੀ ਸਲਾਹ ਦਿੱਤੀ।

PunjabKesari

ਜ਼ਿਕਰਯੋਗ ਹੈ ਕਿ ਇਹ ਕੋਟਕਪੂਰਾ ਦਾ ਉਹ ਮੇਨ ਚੌਕ ਹੈ, ਜਿੱਥੇ ਸਿੱਖ ਸੰਗਤਾਂ 'ਤੇ ਪੁਲਸ ਵਲੋਂ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਸਨ। ਇਸ ਮੌਕੇ ਧਿਆਨ ਸਿੰਘ ਮੰਡ, ਪਰਮਜੀਤ ਸਿੰਘ ਸਹੌਲ਼ੀ, ਅਤੇ ਕੋਟਕਪੂਰਾ ਤੋਂ ਆਮ ਆਦਮੀਂ ਪਾਰਟੀ ਦੇ ਐੱਮ.ਐੱਲ.ਏ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਹੋਏ ਹਨ। ਉਪਰੰਤ ਗੱਲਬਾਤ ਕਰਦਿਆਂ ਭਾਈ ਮੰਡ ਨੇ ਕਿਹਾ ਕਿ ਮਾਰਚ ਦੌਰਾਨ ਕੌਮ ਨੂੰ ਸੱਦਾ ਦਿੱਤਾ ਗਿਆ ਹੈ ਕਿ ਜੋ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਅਤੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਦਾ ਹੈ, ਉਹ ਆਗਾਮੀ ਲੋਕ ਸਭਾ ਚੋਣਾਂ 'ਚ ਗੁਰੂ ਗ੍ਰੰਥ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਨੂੰ ਵੋਟ ਨਾ ਪਾਵੇ ਅਤੇ ਵੋਟਾਂ ਦਾ ਬਾਈਕਾਟ ਕਰੇ। ਜਥੇ. ਮੰਡ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ । ਉਨ੍ਹਾਂ ਦਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣ ਅਤੇ ਗੁਰੂ ਜੀ ਦਾ ਮਾਣ-ਸਤਿਕਾਰ ਤੇ ਮਾਣ-ਮਰਿਯਾਦਾ ਕਾਇਮ ਰੱਖਣਾ ਹੈ। ਰੋਸ ਮਾਰਚ 'ਚ ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ), ਪਰਮਜੀਤ ਸਿੰਘ ਸਹੌਲੀ, ਸਤਨਾਮ ਸਿੰਘ ਮਨਾਵਾਂ ਆਦਿ ਸ਼ਾਮਲ ਸਨ।

 


author

rajwinder kaur

Content Editor

Related News