ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ‘ਬੰਦੀ ਛੋੜ ਦਿਵਸ’ ’ਤੇ ਹਉਮੈ ਦੀ ਬੰਦੀ ਤੋਂ ਮੁਕਤ ਹੋਣ ਦਾ ਦਿੱਤਾ ਸੁਨੇਹਾ
Monday, Oct 24, 2022 - 04:54 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ‘ਚ ਕੌਮ ਦੇ ਨਾਮ ਸੰਦੇਸ਼ ਪੜ੍ਹਿਆ। ਇਸ ਤੋਂ ਪਹਿਲਾਂ ਜਥੇਦਾਰ ਮੰਡ ਨੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕੀਤੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਹੇਠਾਂ ਬੈਠ ਕੇ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਕੌਮ ਦੇ ਨਾਮ ਆਪਣੇ ਸੰਦੇਸ਼ ‘ਚ ਜਥੇਦਾਰ ਮੰਡ ਨੇ ਜਿੱਥੇ ਸੰਗਤਾਂ ਨੂੰ ‘ਬੰਦੀ ਛੋੜ ਦਿਵਸ’ ਦੀ ਵਧਾਈ ਦਿੱਤੀ ਓਥੇ ਲੰਮੇ ਸਮੇਂ ਤੋਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ਼ ਨਾ ਮਿਲਣ ਕਾਰਣ ਅਫ਼ਸੋਸ ਵੀ ਜ਼ਾਹਿਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਦੀਵਾਲੀ ਮੌਕੇ ਜਥੇਦਾਰ ਹਵਾਰਾ ਦਾ ਸੰਦੇਸ਼ : ਪੰਥਕ ਧਿਰਾਂ ਨੂੰ ਦਿੱਤਾ ਇਹ ਸੁਨੇਹਾ
ਅੱਜ ਦੇ ਦਿਨ ਦਾਤਾ ਬੰਦੀ ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ‘ਚੋਂ ਆਜ਼ਾਦ ਕਰਵਾਇਆ ਸੀ, ਕਿੰਨਾ ਚੰਗਾ ਹੁੰਦਾ ਜੇ ਸਰਕਾਰ ਵੀ ਅੱਜ ਦੇ ਦਿਨ ਦੇ ਮਹੱਤਵ ਨੂੰ ਸਮਝਦੀ ਹੋਈ ਲੋਕਾਂ ਦੇ ਹੱਕਾਂ ਨੂੰ ਆਜ਼ਾਦ ਕਰ ਦਿੰਦੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਜਿੱਥੇ ਸਰਕਾਰਾਂ ਅਤੇ ਸਰਕਾਰੀ ਏਜੰਸੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰ ਰਹੀਆਂ ਹਨ, ਉਥੇ ਸਿੱਖ ਕੌਮ ਦੋ ਵੱਖ-ਵੱਖ ਸੰਸਥਾਵਾਂ 'ਚ ਅੱਗੇ ਹੋ ਕੇ ਵਿਚਰਣ ਵਾਲੇ ਆਗੂ ਵੀ ਵੋਟਾਂ ਦੀ ਇਲਤ ਕਰਕੇ ਇਸ ਨਾਇਨਸਾਫ਼ੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਸਮੁੱਚੀਆਂ ਸਿੱਖ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਹੋਰ ਤੋਂ ਆਸ ਰੱਖਣੀ ਛੱਡ ਕੇ ਮੂੰਹ ਗੁਰੂ ਵੱਲ ਕਰਦਿਆਂ ਸਭ ਤੋਂ ਪਹਿਲਾਂ ਹਉਮੈ ਦੀਆਂ ਪ੍ਰਤੀਕ ਜਥੇਬੰਦੀਆਂ ਨੂੰ ਭੰਗ ਕਰਕੇ ਖਾਲਸਾਈ ਨਿਸ਼ਾਨ ਥੱਲੇ ਇਕੱਤਰ ਹੋਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਕੌਮ ਆਪਣੇ ਏਜੰਡੇ ਆਪਣੀ ਮਰਜ਼ੀ ਨਾਲ ਬਣਾਏ ਤਾਂ ਜੋ ਉਨ੍ਹਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕੀਤਾ ਜਾ ਸਕੇ।