ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਗਏ ਰੋਸ ਮਾਰਚ ’ਤੇ ਜਥੇਦਾਰ ਦਾਦੂਵਾਲ ਨੇ ਚੁੱਕੇ ਵੱਡੇ ਸਵਾਲ
Saturday, Oct 08, 2022 - 05:08 AM (IST)
ਲੁਧਿਆਣਾ (ਮੁੱਲਾਂਪੁਰੀ)-ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜੋ ਹਰਿਆਣਾ ’ਚ ਵੱਖਰੀ ਕਮੇਟੀ ਬਣਨ ’ਤੇ ਕਾਲੇ ਝੰਡੇ ਫੜ ਕੇ ਰੋਸ ਮਾਰਚ ਕੱਢਿਆ ਹੈ। ਅਸਲ ’ਚ ਇਹ ਇਨ੍ਹਾਂ ਨੂੰ ਡਰ ਹੈ ਕਿ ਸਰਕਾਰ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਦਾ ਐਲਾਨ ਕਰਨ ਜਾ ਰਹੀ ਹੈ, ਜਿਸ ਦੇ ਚਲਦੇ ਇਹ ਕਸਰਤ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਕੈਨੇਡਾ ’ਚ 20 ਘੰਟਿਆਂ ਤੋਂ ਜ਼ਿਆਦਾ ਕਰ ਸਕਣਗੇ ਕੰਮ
ਬਾਕੀ ਉਨ੍ਹਾਂ ਨੇ ਪ੍ਰੋ. ਧਾਮੀ ਤੇ ਸੁਖਬੀਰ ਨੂੰ ਵੱਡਾ ਸਵਾਲ ਕੀਤਾ ਹੈ ਕਿ ਉਹ ਦੱਸਣ ਜਦੋਂ 2015 ’ਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਕੋਟਕਪੂਰਾ ’ਚ ਗੋਲੀ ਚੱਲੀ ਸੀ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਧਾਨ ਕਮੇਟੀ ਨੂੰ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੱਢਣਾ ਯਾਦ ਨਹੀਂ ਆਇਆ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋ ਗਏ, ਹੁਣ ਤੱਕ ਥਹੁ-ਪਤਾ ਨਹੀਂ ਲੱਗਾ, ਉਦੋਂ ਕਾਲੇ ਝੰਡੇ ਕਿੱਥੇ ਸਨ?
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦੇ ਵੱਡੇ ਇਲਜ਼ਾਮ, ਕਿਹਾ-ਕੇਂਦਰ ਦੇ ਨਾਲ ਕਾਂਗਰਸ ਤੇ ‘ਆਪ’ ਸ਼੍ਰੋਮਣੀ ਕਮੇਟੀ ਨੂੰ ਬਣਾ ਰਹੀਆਂ ਨੇ ਨਿਸ਼ਾਨਾ
ਉਨ੍ਹਾਂ ਕਿਹਾ ਕਿ ਜੋ ਸਿੱਖ ਦੋ ਵੇਲੇ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਅਰਦਾਸ ਕਰਦਾ ਹੈ, ਜੇਕਰ ਹੁਣ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਸੇਵਾ ਮਿਲ ਗਈ ਤਾਂ ਇਹ ਕਿਉਂ ਦੁਖੀ ਹਨ? ਉਨ੍ਹਾਂ ਕਿਹਾ ਕਿ ਲੜਾਈ ਸਿਰਫ਼ ਗੁਰੂ ਦੀ ਗੋਲਕ ਦੀ ਹੈ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਭਰਾ ਹਰਿਆਣਾ ’ਚ ਵਸਦੇ ਸਿੱਖਾਂ ਦੀ ਮਦਦ ਲਈ ਹਾਅ ਦਾ ਨਾਅਰਾ ਮਾਰਨ।