ਸ਼੍ਰੋਮਣੀ ਅਕਾਲੀ ਦਲ ਅਸਲ ਵਿੱਚ ਹੁਣ ਬਣਿਆ ਬਾਦਲ ਪਰਿਵਾਰ ਪਾਰਟੀ : ਜਥੇਦਾਰ ਦਾਦੂਵਾਲ
Thursday, Jul 28, 2022 - 05:18 PM (IST)
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਗੁਰਬਾਣੀ ਨਿੱਤਨੇਮ , ਸਾਧਾ ਸਿੱਖ ਲਿਬਾਸ , ਸਾਢੇ ਤਿੰਨ ਫੁੱਟ ਦੀ ਕਿਰਪਾਨ, ਸਿਧਾਂਤਕ ਜੀਵਨ ਅਤੇ ਤੇਜਸਵੀ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਦੀ ਪਹਿਚਾਣ ਰਿਹਾ ਹੈ । ਦੁਸ਼ਮਨ ਤਾਕਤਾਂ ਵਲੋਂ ਜਦੋਂ ਵੀ ਪੰਥ 'ਤੇ ਕੋਈ ਹਮਲਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਭੂਮਿਕਾ ਨਿਭਾ ਕੇ ਮੋਰਚੇ ਜੇਲ੍ਹਾਂ ਮੁਕੱਦਮੇ ਅਤੇ ਜਾਨਾਂ ਵਾਰਨ ਦੀ ਪਰਵਾਹ ਨਹੀਂ ਕੀਤੀ। ਕੁਰਬਾਨੀਆਂ ਦਾ ਲੰਮਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਸਰਮਾਇਆ ਹੈ ਪਰ ਹੁਣ ਚਾਪਲੂਸ਼ ਲੋਕਾਂ ਵਲੋਂ ਇਸ ਨੂੰ ਬਾਦਲ ਪਰਿਵਾਰ ਪਾਰਟੀ ਵਿਚ ਬਦਲ ਦਿੱਤਾ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ।
ਇਹ ਵੀ ਪੜ੍ਹੋ- ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸਰਦਾਰ ਸੁਰਮੁਖ ਸਿੰਘ ਝਬਾਲ ਅਤੇ ਜਥੇਦਾਰ ਮੋਹਣ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ। ਇਨ੍ਹਾਂ ਸਿੱਖ ਆਗੂਆਂ ਦਾ ਨਾਂ ਲੈਂਦਿਆਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਪਰ ਜਦੋਂ ਵਾਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਆਉਂਦੀ ਹੈ ਤਾਂ ਫਿਰ ਹੈਰਾਨੀ ਹੁੰਦੀ ਹੈ ਕੇ ਆਖਿਰ ਕਿਸ ਤਰ੍ਹਾਂ ਅਜਿਹੇ ਲੋਕਾਂ ਨੇ ਇਸ ਕੁਰਬਾਨੀ ਵਾਲੀ ਪਾਰਟੀ 'ਤੇ ਕਾਬਜ਼ ਹੋ ਕੇ ਇਸ ਨੂੰ ਆਪਣੀ ਪਰਿਵਾਰਕ ਪਾਰਟੀ ਵਿਚ ਬਦਲ ਦਿੱਤਾ ਹੈ ਅਤੇ ਅਕਾਲੀ ਪਾਰਟੀ ਦਾ ਭੋਗ ਪਾ ਕੇ ਪਰਿਵਾਰਕ ਪਾਰਟੀ ਬਣਾ ਦਿੱਤੀ ਹੈ। ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਕੁਰਬਾਨੀ ਵਾਲੇ ਟਕਸਾਲੀ ਅਕਾਲੀ ਆਗੂ ਅੱਜ ਬਾਦਲ ਪਾਰਟੀ ਨੂੰ ਛੱਡ ਚੁੱਕੇ ਹਨ ਅਤੇ ਰਹਿੰਦੇ ਕੁਝ ਆਗੂ ਵੀ ਬਗਾਵਤੀ ਸੁਰਾਂ ਵਿੱਚ ਹਨ ਜੋ ਕਿਸੇ ਵੇਲੇ ਵੀ ਬਾਦਲ ਪਰਿਵਾਰ ਪਾਰਟੀ ਦਾ ਤਿਆਗ ਕਰਕੇ ਪੰਥਕ ਪਿੜ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਕੇ ਅਸਲ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਪਾਰਟੀ ਕਿਹਾ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।