ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ ਦਾ ਦਿਹਾਂਤ

02/01/2020 10:20:00 AM

ਮੋਗਾ (ਪਰਮੀਤ ਗੋਪੀ ਰਾਊਕੇ): ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਅੱਜ ਸਵੇਰੇ 8 ਵਜੇ ਆਖਰੀ ਸਾਹ ਲਏ ਹਨ।ਡਾ. ਕੰਵਲ ਦਾ ਸਸਕਾਰ ਅੱਜ ਦੁਪਹਿਰੇ ਕਰੀਬ ਢਾਈ ਵਜੇ ਪਿੰਡ ਢੁੱਡੀਕੇ ਵਿਖੇ ਕੀਤਾ ਜਾਵੇਗਾ।ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਇਹ ਵੀ ਖਾਸ ਗੱਲ ਹੈ ਕਿ ਡਾ. ਕੰਵਲ ਨੇ ਪਿਛਲੇ ਵਰ੍ਹੇ ਹੀ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ।ਦੱਸ ਦੇਈਏ ਕਿ ਸਰੀਰਕ ਪੱਖ ਤੋਂ ਤੰਦਰੁਸਤ ਕੰਵਲ ਨੂੰ ਸਿਰਫ ਸੁਣਨ 'ਚ ਥੋੜ੍ਹੀ ਦਿੱਕਤ ਆਉਂਦੀ ਸੀ, ਉਂਝ ਉਹ ਢੁੱਡੀਕੇ ਦੀਆਂ ਗਲੀਆਂ 'ਚ ਪੁਰਾਣੇ ਘਰ ਤੋਂ ਨਵੇਂ ਘਰ ਆਪਣੇ ਆਪ ਘੁੰਮਦੇ ਮਿਲ ਜਾਂਦੇ ਸਨ। 100 ਵਰ੍ਹਿਆਂ ਦੀ ਉਮਰ 'ਚ ਵੀ ਜਸਵੰਤ ਸਿੰਘ ਕੰਵਲ ਨੇ ਹੱਥਾਂ 'ਚ ਕਲਮ ਫੜ੍ਹੀ ਹੋਈ ਸੀ ਅਤੇ ਉਨ੍ਹਾਂ ਲਿਖਣਾ ਤੇ ਪੜ੍ਹਨਾ ਨਹੀਂ ਛੱਡਿਆ ਸੀ।
ਨਾਵਲਕਾਰ ਜਸਵੰਤ ਸਿੰਘ ਕੰਵਲ ਨੇ 102 ਦੇ ਕਰੀਬ ਕਿਤਾਬਾਂ ਅਤੇ ਨਾਵਲ ਲਿਖੇ ਹਨ। ਪੂਰਨਮਾਸ਼ੀ, ਪਾਲੀ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਤੋਸ਼ਾਲੀ ਦੀ ਹੰਸੋ, ਹਾਣੀ, ਬਰਫ਼ ਦੀ ਅੱਗ, ਲਹੂ ਦੀ ਲੋਅ, ਜ਼ਿੰਦਗੀ ਦੂਰ ਨਹੀਂ ਉਨ੍ਹਾਂ ਦੇ ਚਰਚਿਤ ਨਾਵਲ ਸਨ।

ਜ਼ਿਕਰਯੋਗ ਹੈ ਕਿ 100 ਵਰ੍ਹਿਆਂ ਦੀ ਉਮਰ ਪਾਰ ਕਰ ਚੁੱਕੇ ਜਸਵੰਤ ਸਿੰਘ ਕੰਵਲ ਨੇ ਕਈ ਨਾਵਲਾਂ ਸਮੇਤ ਲਗਭਗ 100 ਕਿਤਾਬਾਂ ਦੀ ਰਚਨਾ ਕਰ ਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਨਾਮਵਰ ਪੰਜਾਬੀ ਲੇਖਕ ਨੇ ਆਪਣਾ ਜੀਵਨ ਪੰਜਾਬ ਮਾਂ-ਬੋਲੀ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਦੀਆਂ ਲਿਖਤਾਂ ਪੇਂਡੂ ਜੀਵਨ ਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਧੁਰ ਅੰਦਰਲੀ ਤਸਵੀਰ ਪੇਸ਼ ਕਰਦੀਆਂ ਹਨ।


Shyna

Content Editor

Related News