CM ਚੰਨੀ ਦੇ ਬਿਆਨ ’ਤੇ ਭੜਕੇ ਜਸਵੀਰ ਗੜ੍ਹੀ, ਕਿਹਾ-ਕਾਂਗਰਸ ਦੇ ਨੇਤਾ ਹੀ ਹਨ ਭਾਜਪਾ ਦੀ ਬੀ-ਟੀਮ

Saturday, Dec 18, 2021 - 04:11 PM (IST)

CM ਚੰਨੀ ਦੇ ਬਿਆਨ ’ਤੇ ਭੜਕੇ ਜਸਵੀਰ ਗੜ੍ਹੀ, ਕਿਹਾ-ਕਾਂਗਰਸ ਦੇ ਨੇਤਾ ਹੀ ਹਨ ਭਾਜਪਾ ਦੀ ਬੀ-ਟੀਮ

ਚੰਡੀਗੜ੍ਹ/ਜਲੰਧਰ (ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਅਕਾਲੀ ਦਲ ਕੋਲ ਵਿਕਾਊ ਹੋਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਉਨ੍ਹਾਂ ਦੀ ਬਦਹਵਾਸੀ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬਸਪਾ ਦਾ ਹਾਥੀ ਕਾਂਗਰਸ ਦੇ ਪੰਜੇ ਨੂੰ ਕੁਚਲ ਰਿਹਾ ਹੈ। ਬਸਪਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਸਾਲ 2016 ਤੋਂ ਲੈ ਕੇ 2021 ਤਕ ਕਾਂਗਰਸ ਪਾਰਟੀ ਦੇ ਕੁੱਲ 224 ਸੰਸਦ ਮੈਂਬਰ ਅਤੇ ਵਿਧਾਇਕ ਕਾਂਗਰਸ ਪਾਰਟੀ ਨੂੰ ਛੱਡ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਉਥੇ ਹੀ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਵੱਡੇ ਨੇਤਾ ਜਯੋਤਿਰਾਦਿੱਤਿਆ ਸਿੰਧੀਆ 27 ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਸਾਲ 2020 ’ਚ ਭਾਜਪਾ ਵਿਚ ਸ਼ਾਮਿਲ ਹੋਏ ਅਤੇ ਸੂਬੇ ’ਚ ਬਣੀ ਕਾਂਗਰਸ ਦੀ ਸਰਕਾਰ ਨੂੰ ਵੀ ਡੇਗ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਦੇ ਨੇਤਾ ਹੀ ਭਾਜਪਾ ਦੀ ਬੀ-ਟੀਮ ਹਨ।

ਇਹ ਵੀ ਪੜ੍ਹੋ : ਲੋਕਾਂ ਦੇ ਫਤਵੇ ਨੂੰ ਪੈਰਾਂ ’ਚ ਰੋਲ਼ ਰਹੀ ਹੈ ਕਾਂਗਰਸ ਸਰਕਾਰ : ਭਗਵੰਤ ਮਾਨ

ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ, ਜੋ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਤੋਂ ਵਿਧਾਇਕ ਹੈ, ਉਹ ਬੀਤੇ ਦਿਨੀਂ ਕਾਂਗਰਸ ਨੂੰ ਗੁੱਡਬਾਏ ਕਹਿ ਕੇ ਭਾਜਪਾ ’ਚ ਸ਼ਾਮਿਲ ਹੋ ਗਈ। ਪੰਜਾਬ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਪੀਂਘਾਂ ਝੂਟ ਰਿਹਾ ਹੈ। ਭਾਜਪਾ ਦਾ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਅੱਜ ਸੂਬੇ ਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ। ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਜ਼ਿਸ਼ ਤਹਿਤ ਬਸਪਾ ਨੂੰ ਤੋੜਨਾ ਚਾਹੁੰਦੀ ਹੈ ਪਰ ਉਸ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਜਸਵੀਰ ਸਿੰਘ ਗੜ੍ਹੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਨੁਸੂਚਿਤ ਜਾਤੀ ਭਾਈਚਾਰੇ ਦੇ ਹਮਦਰਦ ਹੋਣ ਦਾ ਢੋਂਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਤੱਕ ਆਪਣੇ ਜ਼ਿਲ੍ਹੇ ’ਚ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਸਥਾਨ ਤੱਕ ਜਾ ਨਹੀਂ ਸਕੇ। ਮੁੱਖ ਚੰਨੀ ਇੰਨਾ ਮਜਬੂਰ ਮੁੱਖ ਮੰਤਰੀ ਹੈ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ’ਚੋਂ ਨਿਯੁਕਤ ਕਾਰਜਕਾਰੀ ਪੁਲਸ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕੁਰਸੀ ਤੱਕ ਨਹੀਂ ਬਚਾ ਸਕੇ। ਗੜ੍ਹੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਬਸਪਾ ਨੇ ਹੁਣ ਤਕ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ’ਚ ਬਸਪਾ ਕੇਡਰ ਦੇ ਖੁਦ ਸੂਬਾ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ (ਨਵਾਂਸ਼ਹਿਰ ਤੋਂ ਡਾ ਨਛੱਤਰ ਪਾਲ, ਕਰਤਾਰਪੁਰ ਤੋਂ ਬਲਵਿੰਦਰ ਕੁਮਾਰ, ਮਹਿਲ ਕਲਾਂ ਤੋਂ ਚਮਕੌਰ ਸਿੰਘ), ਇਕ ਸੂਬਾ ਸਕੱਤਰ (ਪਾਇਲ ਤੋਂ ਡਾ. ਜਸਪ੍ਰੀਤ ਸਿੰਘ), ਇਕ ਪਾਰਲੀਮੈਂਟ ਜ਼ੋਨ ਇੰਚਾਰਜ (ਬੱਸੀ ਪਠਾਣਾਂ ਤੋਂ ਵਕੀਲ ਸ਼ਿਵ ਕਲਿਆਣ), ਇਕ ਬਾਮਸੇਫ ਆਗੂ (ਜਲੰਧਰ ਉੱਤਰੀ ਤੋਂ ਅਨਿਲ ਕੁਮਾਰ ਮਹੀਨੀਆਂ), ਇਕ ਜ਼ਿਲ੍ਹਾ ਪ੍ਰਧਾਨ (ਸ਼ਾਮਚੁਰਾਸੀ ਤੋਂ ਮਹਿੰਦਰ ਸੰਧਰਾ) ਆਦਿ ਅਹੁਦੇਦਾਰ ਸ਼ਾਮਿਲ ਹਨ। ਬਸਪਾ ਦੇ ਮੂਲ ਕੇਡਰ ਨੂੰ ਦਰਜਨ ਦੇ ਲੱਗਭਗ ਟਿਕਟਾਂ ਦੇਣਾ ਬਸਪਾ ਦੀ ਵੱਡੀ ਪ੍ਰਾਪਤੀ ਹੈ।

ਇਹ ਵੀ ਪੜ੍ਹੋ : BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਸਰਹੱਦ ’ਤੇ ਫੜੀ 1 ਅਰਬ 33 ਕਰੋੜ ਦੀ ਹੈਰੋਇਨ

ਬਸਪਾ ਦੇ ਮੂਲ ਕੇਡਰ ਤੋਂ ਇਲਾਵਾ ਬਸਪਾ ਨੇ ਸਾਰੇ ਜਾਤੀ ਧਰਮਾਂ ਦਾ ਖਿਆਲ ਰੱਖ ਕੇ ਭਵਿੱਖ ਦਾ ਸੰਗਠਨ ਢਾਂਚਾ ਬਣਾਉਣ ਦੇ ਸਪੱਸ਼ਟ ਸੰਕੇਤ ਦਿੱਤੇ ਹਨ, ਜਿਸ ’ਚ ਸਾਰੇ ਭਾਈਚਾਰੇ ਸ਼ਾਮਿਲ ਹੋਣਗੇ, ਇਸ ਤਹਿਤ ਟਿਕਟ ਵੰਡ ’ਚ ਦਸੂਹਾ ਤੋਂ ਬ੍ਰਾਹਮਣ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ, ਬੱਸੀ ਪਠਾਣਾਂ ਤੋਂ ਵਾਲਮੀਕਿ, ਅੰਮ੍ਰਿਤਸਰ ਸੈਂਟਰਲ ਤੋਂ ਮਜ਼੍ਹਬੀ ਸਿੱਖ, ਕਪੂਰਥਲਾ ਤੋਂ ਜੱਟ, ਉੜਮੁੜ ਤੇ ਜਲੰਧਰ ਉੱਤਰੀ ਤੋਂ ਲੁਬਾਣਾ ਸਿੱਖ, ਭੌਆ ਤੇ ਦੀਨਾਨਗਰ ਤੋਂ ਮਹਾਸ਼ਾ, ਜਲੰਧਰ ਪੱਛਮੀ ਤੋਂ ਸਿਆਲਕੋਟੀ, ਬਾਕੀ ਸੀਟਾਂ ਤੋਂ ਆਦਿਧਰਮੀ ਰਵਿਦਾਸੀਆ ਤੇ ਰਾਮਦਾਸੀਆ ਭਾਈਚਾਰੇ ਨੂੰ ਟਿਕਟ ਦਿੱਤੀ ਹੈ। ਵੱਖ-ਵੱਖ ਭਾਈਚਾਰਿਆਂ ਨੂੰ ਟਿਕਟ ਦੇ ਕੇ ਨਿਵਾਜਣਾ ਕਾਂਗਰਸ ਦੀ ਤਕਲੀਫ਼ ਹੈ, ਜੋ ਬਸਪਾ ਦੇ ਆਧਾਰ ਨੂੰ ਸਿਰਫ ਜਾਤੀ ਵਿਸ਼ੇਸ਼ ਤੱਕ ਰੱਖਣਾ ਚਾਹੁੰਦੀ ਹੈ। ਗੜ੍ਹੀ ਨੇ ਕਿਹਾ ਕਿ ਬਸਪਾ ਦਾ ਉਦੇਸ਼ ‘ਸਰਵਜਨ ਹਿਤਾਏ ਸਰਵਜਨ ਸੁਖਾਏ’ ਦੇ ਆਧਾਰ ’ਤੇ ਸਰਬ ਜਾਤੀ ਸਰਬ ਧਰਮ ਦੇ ਸਾਰੇ ਲੋਕਾਂ ਦੇ ਭਲੇ ਲਈ ਰਾਜਸੱਤਾ ਦੀ ਚਾਬੀ ’ਤੇ ਕਬਜ਼ਾ ਕਰਨਾ ਹੈ, ਜੋ ਹੁਣ ਕਾਂਗਰਸ ਦੇ ਰੋਕਿਆਂ ਬਸਪਾ ਨੂੰ ਨਹੀਂ ਰੋਕਿਆ ਜਾ ਸਕਦਾ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News