ਜਸਪ੍ਰੀਤ ਕੌਰ ਨੇ ਪੁਲਸ ਸਾਹਮਣੇ ਕੀਤਾ ਸਰੰਡਰ, ਭੇਜੀ ਜੇਲ
Monday, Jul 30, 2018 - 01:42 AM (IST)

ਅੰਮ੍ਰਿਤਸਰ, (ਰਮਨ)- ਜਗ ਬਾਣੀ ਵੱਲੋਂ ਦਸੰਬਰ ਮਹੀਨੇ ’ਚ ਪੀ. ਐੱਫ. ਘਪਲੇ ਨੂੰ ਉਜਾਗਰ ਕੀਤਾ ਗਿਆ ਸੀ, ਉਦੋਂ ਤੋਂ ਨਿਗਮ ਵਿਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨਿਗਮ ’ਚ ਕਰਮਚਾਰੀਆਂ ਦੇ ਖਾਤਿਆਂ ਦੀ ਬਜਾਏ ਅਕਾਊਂਟ ਬ੍ਰਾਂਚ ਸਬੰਧਤ ਕਰਮਚਾਰੀ ਆਪਣੇ ਖਾਤਿਆਂ ’ਚ ਪੈਸੇ ਪਾ ਰਹੇ ਸਨ। ਇਸ ਘਪਲੇਬਾਜ਼ੀ ਨੂੰ ਲੈ ਕੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਕੋਲ ਜਦੋਂ ਇਹ ਯੂਨੀਅਨ ਨੇਤਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਉਦੋਂ ਤੋਂ ਇਸ ਮਾਮਲੇ ਦੀ ਜਾਂਚ ਜੁਆਇੰਟ ਕਮਿਸ਼ਨਰ ਸੌਰਵ ਅਰੋਡ਼ਾ, ਐੱਸ. ਈ. ਪ੍ਰਦੁਮਨ ਸਿੰਘ, ਡੀ. ਸੀ. ਐੱਫ. ਏ. ਮਨੂ ਸ਼ਰਮਾ, ਅਸ਼ਵਨੀ ਭਗਤ ਤੇ ਸੁਪਰਡੈਂਟ ਆਸ਼ੀਸ਼ ਕੁਮਾਰ ਨੂੰ ਸੌਂਪੀ ਗਈ ਸੀ, ਜਿਸ ਦੇ ਨਾਲ ਉਕਤ ਕਮੇਟੀ ਮੈਂਬਰਾਂ ਵੱਲੋਂ ਬਾਰੀਕੀ ਨਾਲ ਜਾਂਚ ਤੋਂ ਬਾਅਦ ਰਿਪੋਰਟ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ। ਜਾਂਚ ਵਿਚ ਮਹਿਲਾ ਕਲਰਕ ਜਸਪ੍ਰੀਤ ਕੌਰ ਵੱਲੋਂ ਰਿਕਾਰਡ ਟੈਂਪਰਿੰਗ ਕੀਤਾ ਗਿਆ ਸੀ, ਜਿਸ ਵੱਲੋਂ ਨਿਗਮ ਖਾਤਿਆਂ ਵਿਚ 63 ਲੱਖ ਦੇ ਲਗਭਗ ਘਪਲੇ ਦੀ ਰਕਮ ਜਮ੍ਹਾ ਹੋ ਚੁੱਕੀ ਹੈ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਘਪਲੇ ਦੀ ਰਕਮ 1 ਕਰੋਡ਼ ਰੁਪਏ 20 ਲੱਖ ਤੋਂ ਉਪਰ ਪਹੁੰਚ ਚੁੱਕੀ ਹੈ। ਨਿਗਮ ਦੀ ਮਹਿਲਾ ਕਲਰਕ ਜਸਪ੍ਰੀਤ ਕੌਰ ਵੱਲੋਂ 20 ਜੁਲਾਈ ਨੂੰ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ ਗਿਆ, ਜਿਸ ਨੂੰ ਪੁਲਸ ਨੇ 5 ਦਿਨਾਂ ਦਾ ਰਿਮਾਂਡ ਲਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਮਹਿਲਾ ਕਲਰਕ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ ਤੇ ਉਸ ਵਿਚ 2 ਅਧਿਕਾਰੀਆਂ ਦਾ ਹੋਰ ਨਾਂ ਲਿਆ ਹੈ, ਜਿਸ ਨੂੰ ਲੈ ਕੇ ਪੁਲਸ ਅਧਿਕਾਰੀਆਂ ਵੱਲੋਂ ਇਸ ਕੇਸ ਵਿਚ ਜਾਂਚ ਨੂੰ ਲੈ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਬਿਠਾ ਦਿੱਤੀ ਗਈ ਹੈ, ਜਿਸ ਸਬੰਧੀ ਏ. ਡੀ. ਸੀ. ਪੀ. ਗੌਰਵ ਤੂਰਾ ਇਸ ਦੀ ਜਾਂਚ ਕਰਨਗੇ।
ਨਿਗਮ ਦੀ ਜਾਂਚ ਕਮੇਟੀ ’ਤੇ ਉਠਦੇ ਰਹੇ ਹਨ ਹਮੇਸ਼ਾ ਸਵਾਲ
ਨਿਗਮ ਗਲਿਆਰੇ ਵਿਚ ਚਰਚਾ ਦਾ ਵਿਸ਼ਾ ਹੈ ਕਿ ਜਿਨ੍ਹਾਂ ਕਰਮਚਾਰੀਆਂ ’ਤੇ ਵੀ ਸਵਾਲੀਆ ਨਿਸ਼ਾਨ ਸਨ ਤੇ ਉਹੀ ਅਧਿਕਾਰੀ ਇਸ ਜਾਂਚ ਕਮੇਟੀ ਵਿਚ ਸ਼ਾਮਿਲ ਸਨ, ਜਿਸ ਕਾਰਨ ਕਰਮਚਾਰੀਆਂ ਨੇ ਆਪਣਾ ਨਾਂ ਨਾ ਛਾਪਣ ’ਤੇ ਦੱਸਿਆ ਕਿ ਨਿਗਮ ਵਿਚ ਦੁੱਧ ਦੀ ਰਾਖੀ ’ਤੇ ਬਿੱਲੀਆਂ ਨੂੰ ਬਿਠਾ ਦਿੱਤਾ ਹੋਇਆ ਹੈ। ਨਿਗਮ ਦੇ ਸਥਾਨਕ ਸਰਕਾਰਾਂ ਵਿਭਾਗ ਵਿਚ ਕਮਿਸ਼ਨਰ ਦੀ ਰਿਪੋਰਟ ਜਾਣ ਤੋਂ ਬਾਅਦ ਵੀ ਕਿਸੇ ’ਤੇ ਕੋਈ ਕਾਰਵਾਈ ਨਹੀਂ ਹੋਈ, ਉਥੇ ਹੀ ਪਿਛਲੇ ਸਮੇਂ ਵਿਚ ਮੰਤਰੀ ਸਿੱਧੂ ਵੀ ਪੀ. ਐੱਫ. ਘਪਲੇਬਾਜ਼ੀ ਖਿਲਾਫ ਬੋਲ ਚੁੱਕੇ ਹਨ ਪਰ ਕਾਰਵਾਈ ਨਾ ਹੋਣਾ ਵੱਡੀ ਗੱਲ ਹੈ।
ਕੇਸ ਨੂੰ ਦਬਾਉਣ ਦੀ ਹੋ ਰਹੀ ਕੋਸ਼ਿਸ਼
ਪੀ. ਐੱਫ. ਕੇਸ ਨਾਲ ਜਿਥੇ ਨਗਰ ਨਿਗਮ ਦੀ ਫਜ਼ੀਹਤ ਹੋਈ ਹੈ, ਉਥੇ ਹੀ ਅਧਿਕਾਰੀ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਵੀ ਲੱਗੇ ਹੋਏ ਹਨ ਕਿ ਕਿਸੇ ਤਰੀਕੇ ਨਾਲ ਇਹ ਕੇਸ ਦਬ ਜਾਵੇ। ਗਡ਼ਬਡ਼ੀ ਪ੍ਰਗਟ ਹੋਣ ਤੋਂ ਬਾਅਦ ਤੇ ਜਾਂਚ ਦੌਰਾਨ ਦਸੰਬਰ ਮਹੀਨੇ ਅਧਿਕਾਰੀਆਂ ਦੀ ਸਸਪੈਂਸ਼ਨ ਨੂੰ ਲੈ ਕੇ ਕਮਿਸ਼ਨਰ ਨਗਰ ਨਿਗਮ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਵੀ ਲਿਖਿਆ ਸੀ ਪਰ ਕਿਸੇ ਅਧਿਕਾਰੀ ਨੂੰ ਸਸਪੈਂਡ ਨਹੀਂ ਕੀਤਾ ਗਿਆ। ਅਧਿਕਾਰੀ ਅਜੇ ਤੱਕ ਆਪਣੀ ਰਾਜਨੀਤਕ ਪਹੁੰਚ ਕਾਰਨ ਹਰ ਜਗ੍ਹਾ ਤੋਂ ਬਚਦੇ ਆ ਰਹੇ ਹਨ। ਮਹਿਲਾ ਕਲਰਕ ਆਪ ਜਗ ਬਾਣੀ ਦਫਤਰ ’ਚ ਆ ਕੇ ਆਪਣੇ ਬਿਆਨ ਦੇ ਚੁੱਕੀ ਹੈ ਕਿ ਉਹ ਤਾਂ ਸਿਰਫ ਮੋਹਰਾ ਸੀ ਅਤੇ ਉਨ੍ਹਾਂ ਅਧਿਕਾਰੀਆਂ ਦੇ ਨਾਂ ਵੀ ਲੈ ਚੁੱਕੀ ਹੈ। ਉਥੇ ਹੀ ਇਕ ਅਧਿਕਾਰੀ ਦੇ ਅਕਾਊਂਟ ਵਿਚ ਇਕ ਵਾਰ ਮਹਿਲਾ ਕਲਰਕ ਦੇ ਅਕਾਊਂਟ ਤੋਂ ਪੈਸੇ ਵੀ ਟਰਾਂਸਰਫਰ ਹੋਏ ਹਨ।
ਅਧਿਕਾਰੀਆਂ ਵੱਲੋਂ ਹੀ ਖਾਤੇ ਵਿਚ ਪੈਸੇ ਪਾਏ ਜਾਂਦੇ ਸਨ, ਉਹ ਤਾਂ ਸਿਰਫ ਮੋਹਰਾ ਸੀ : ਮਹਿਲਾ ਕਲਰਕ
ਮਹਿਲਾ ਕਲਰਕ ਨੇ ਜਗ ਬਾਣੀ ਨੂੰ ਪਹਿਲਾਂ ਦੱਸਿਆ ਸੀ ਕਿ ਉਕਤ ਅਧਿਕਾਰੀਆਂ ਵੱਲੋਂ ਹੀ ਉਨ੍ਹਾਂ ਦੇ ਖਾਤੇ ਵਿਚ ਪੈਸੇ ਪਾਏ ਜਾਂਦੇ ਸਨ, ਉਹ ਤਾਂ ਸਿਰਫ ਮੋਹਰਾ ਸੀ, ਉਸ ਨੂੰ ਕੁਝ ਫ਼ੀਸਦੀ ਹੀ ਮਿਲਦਾ ਸੀ, ਬਾਕੀ ਸਭ ਅਧਿਕਾਰੀ ਲੈ ਕੇ ਜਾਂਦੇ ਸਨ। ਉਸ ਨੇ ਇਹ ਵੀ ਦੱਸਿਆ ਕਿ ਜਦੋਂ ਇਸ ਕੇਸ ਵਿਚ ਉਹ ਫਸੀ ਸੀ ਤਾਂ ਉਕਤ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਗੇ, ਨਿਗਮ ਵਿਚ ਜੋ ਬਿਆਨ ਕਰਵਾਏ ਗਏ, ਉਹ ਵੀ ਧੋਖੇ ਨਾਲ ਕਰਵਾਏ ਗਏ ਹਨ।