ਅੰਮ੍ਰਿਤਸਰ ਏਅਰਪੋਰਟ ਦੀ ਸੁਰੱਖਿਆ ਵਧਾਈ, ਕਮਾਂਡੋ ਤੇ ਪੈਰਾਮਿਲਟਰੀ ਫੋਰਸ ਤਾਇਨਾਤ
Wednesday, Sep 25, 2019 - 06:49 PM (IST)

ਅੰਮ੍ਰਿਤਸਰ : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਦੇਸ਼ 'ਚ ਪ੍ਰਮੁੱਖ ਧਾਰਮਿਕ ਸਥਾਨਾਂ, ਏਅਰਪੋਰਟਾਂ, ਮੁੰਬਈ, ਬੈਂਗਲੁਰੂ ਸਮੇਤ 16 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਏਅਰ ਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਏਅਰ ਪੋਰਟ ਦੀ ਸੁਰੱਖਿਆ ਲਈ ਕਮਾਂਡੋ ਅਤੇ ਪੈਰਾਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੱਪੇ ਚੱਪੇ 'ਤੇ ਪੁਲਸ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਰ ਆਉਣ ਜਾਣ ਵਾਲੀ ਗੱਡੀ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਉਧਰ ਅੱਤਵਾਦੀ ਸੰਗਠਨ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਇੰਟੈਲੀਜੈਂਸ ਦੀ ਰਿਪੋਰਟ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਿਉਹਾਰੀ ਸੀਜ਼ਨ ਦੌਰਾਨ ਹੀ ਅੱਤਵਾਦੀ ਸੰਗਠਨ ਵਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਧਮਕੀ ਭਰੇ ਪੱਤਰ ਭੇਜੇ ਗਏ ਹਨ। ਇਨ੍ਹਾਂ ਧਮਕੀ ਭਰੇ ਪੱਤਰ ਵਿਚ ਇਲਾਕਾ ਕਮਾਂਡਰਾਂ ਵਲੋਂ ਦੇਸ਼ ਭਰ ਵਿਚ ਖੂਨ ਖਰਾਬਾ ਕਰਕੇ ਆਪਣਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ।
ਅੱਤਵਾਦੀ ਸੰਗਠਨਾਂ ਨੇ ਧਮਕੀ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ 'ਚੋਂ ਧਾਰਾ 370 ਖਤਮ ਕਰਕੇ ਉਥੇ ਰਹਿਣ ਵਾਲੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਜਿਸ ਕਾਰਨ ਉਥੇ ਦੇ ਲੋਕਾਂ ਦੇ ਜਨ ਜੀਵਨ ਪ੍ਰਭਾਵਤ ਹੋ ਗਿਆ ਹੈ, ਜਦਕਿ ਭਾਰਤ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਆਏ ਦਿਨ ਉਨ੍ਹਾਂ ਦੇ ਸੰਗਠਨ ਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਇਸ ਦਾ ਬਦਲਾ ਲੈਣ ਲਈ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾਵੇਗੀ।