ਸ਼ਰਾਬ ਦੇ 41 ਗਰੁੱਪਾਂ ''ਚ ਜਸਦੀਪ ਕੌਰ ਚੱਢਾ ਗਰੁੱਪ ਦਾ ਦਬਦਬਾ

Tuesday, Mar 27, 2018 - 07:00 AM (IST)

ਸ਼ਰਾਬ ਦੇ 41 ਗਰੁੱਪਾਂ ''ਚ ਜਸਦੀਪ ਕੌਰ ਚੱਢਾ ਗਰੁੱਪ ਦਾ ਦਬਦਬਾ

ਜਲੰਧਰ, (ਪਾਹਵਾ)— ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਚਲਦੇ ਰਹਿੰਦੇ ਹਨ ਪਰ ਮਹਿਲਾ ਸਸ਼ਕਤੀਕਰਨ ਦਾ ਇਕ ਵੱਡਾ ਉਦਾਹਰਣ  ਜਲੰਧਰ ਵਿਚ ਸ਼ਰਾਬ ਠੇਕਿਆਂ ਦੇ ਡਰਾਅ ਦੌਰਾਨ ਵੇਖਣ ਨੂੰ ਮਿਲਿਆ। ਡਰਾਅ ਦੌਰਾਨ ਮਹਿਲਾ ਅਧਿਕਾਰੀਆਂ ਨੇ ਡਰਾਅ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਜਿਨ੍ਹਾਂ ਦਾ ਡਰਾਅ ਨਿਕਲਿਆ ਉਨ੍ਹਾਂ ਵਿਚ ਵੀ ਔਰਤਾਂ ਦਾ ਹੀ ਨਾਂ ਸੀ। ਜਲੰਧਰ ਜ਼ਿਲਾ 1 ਅਤੇ 2 ਤਹਿਤ ਆਉਂਦੇ ਤਮਾਮ ਖੇਤਰ ਵਿਚ ਨਿਕਲੇ ਠੇਕਿਆਂ ਵਿਚ ਔਰਤਾਂ ਦਾ ਦਬਦਬਾ ਰਿਹਾ। ਜਲੰਧਰ ਨਗਰ ਨਿਗਮ 'ਚ ਤਾਂ 47 ਗਰੁੱਪਾਂ 'ਚੋਂ 43 ਗਰੁੱਪਾਂ ਵਿਚ ਔਰਤਾਂ ਨੂੰ ਸਫਲਤਾ ਮਿਲੀ। ਇਸਦਾ ਮਤਲਬ ਸ਼ਹਿਰ ਵਿਚ ਸ਼ਰਾਬ ਦੇ ਕਾਰੋਬਾਰ ਵਿਚ ਜ਼ਿਆਦਾਤਰ ਹਿੱਸੇਦਾਰੀ ਔਰਤਾਂ ਦੀ ਹੀ ਰਹੇਗੀ। 
ਅੱਜ ਜਲੰਧਰ ਦੇ ਰੈੱਡ ਕਰਾਸ ਭਵਨ ਵਿਚ ਜ਼ਿਲੇ ਭਰ ਦੇ ਠੇਕਿਆਂ ਦੀ ਹੋਈ ਨੀਲਾਮੀ ਨਾਲ ਸੂਬਾ ਸਰਕਾਰ ਨੂੰ 411.29 ਕਰੋੜ ਰੁਪਏ ਹਾਸਲ ਹੋਣਗੇ। ਠੇਕੇ ਦਾ ਪਹਿਲਾ ਡਰਾਅ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਨਿਕਲਿਆ। ਜ਼ਿਲੇ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੱਢੇ ਗਏ ਇਸ ਡਰਾਅ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਵਾਰ ਨਗਰ ਨਿਗਮ ਖੇਤਰ ਵਿਚ ਆਉਣ ਵਾਲੇ ਠੇਕਿਆਂ ਲਈ ਕਰ ਅਤੇ ਇਨਕਮ ਟੈਕਸ ਵਿਭਾਗ ਨੂੰ 2658 ਫਾਰਮ ਮਿਲੇ ਸਨ। 
ਇਸੇ ਤਰ੍ਹਾਂ ਜਲੰਧਰ-2 ਅਧੀਨ ਆਉਣ ਵਾਲੇ ਆਦਮਪੁਰ, ਕਰਤਾਰਪੁਰ, ਭੋਗਪੁਰ, ਅਲਾਵਲਪੁਰ, ਕਾਲਾ ਬੱਕਰਾ, ਕਠਾਰ, ਨਕੋਦਰ, ਸ਼ੰਕਰ, ਸ਼ਾਹਕੋਟ, ਲੋਹੀਆਂ, ਨੂਰਮਹਿਲ, ਬਿਲਗਾ, ਜੰਡਿਆਲਾ, ਜੰਡੂਸਿੰਘਾ, ਲਾਂਬੜਾ ਅਤੇ ਹੋਰ ਲਈ 1056 ਫਾਰਮ ਆਏ ਸਨ। ਜਦੋਂਕਿ ਜਲੰਧਰ-1 ਤਹਿਤ ਆਉਂਦੇ ਫਿਲੌਰ ਅਤੇ ਗੁਰਾਇਆ ਲਈ 578 ਫਾਰਮ ਹਾਸਲ ਹੋਏ। ਇਨ੍ਹਾਂ ਵਿਚ ਡੀ. ਈ. ਟੀ. ਸੀ. ਜਸਪਿੰਦਰ ਸਿੰਘ ਜੁਆਇੰਟ ਕਮਿਸ਼ਨਰ ਐੱਸ. ਪੀ. ਐੱਸ. ਘੋਤਰਾ,  ਏ. ਈ. ਟੀ. ਸੀ. ਹਰਦੀਪ ਭੰਵਰਾ ਅਤੇ ਦਲਬੀਰ ਰਾਜ ਵੀ ਸ਼ਾਮਲ ਹੋਏ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਡਾ. ਭੁਪਿੰਦਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਆਫ ਪੁਲਸ ਗੁਰਮੀਤ ਸਿੰਘ ਵੀ ਇਸ ਮੌਕੇ ਹਾਜ਼ਰ ਹੋਏ। ਪੰਜਾਬ ਸਰਕਾਰ ਨੂੰ ਇਨ੍ਹਾਂ ਠੇਕਿਆਂ ਦੀ ਨੀਲਾਮੀ ਨਾਲ ਨਿਗਮ ਦੇ ਖੇਤਰ ਵਿਚ 253 ਕਰੋੜ ਰੁਪਏ, ਜਦਕਿ ਜਲੰਧਰ-2 ਤੋਂ 116.49 ਕਰੋੜ ਅਤੇ ਜਲੰਧਰ-1 (ਪਿੰਡ) ਤੋਂ 41.80 ਕਰੋੜ ਰੁਪਏ ਹਾਸਲ ਹੋਣਗੇ। 
ਚੱਢਾ ਗਰੁੱਪ ਦਾ ਦਬਦਬਾ
ਜਲੰਧਰ ਨਗਰ ਨਿਗਮ ਖੇਤਰ ਵਿਚ ਇਸ ਵਾਰ ਰਿਕਾਰਡਤੋੜ ਫਾਰਮ ਆਏ ਸਨ। 2658 ਫਾਰਮਾਂ ਵਿਚੋਂ ਕਰੀਬ 2000 ਫਾਰਮ ਜਸਦੀਪ ਕੌਰ ਚੱਢਾ ਦੇ ਸਨ। ਜਦੋਂ ਡਰਾਅ ਕੱਢਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਸ ਸਮੇਂ ਵੀ ਰੈੱਡਕਰਾਸ ਭਵਨ ਦੇ ਅੰਦਰ ਜਸਦੀਪ ਕੌਰ ਚੱਢਾ ਦਾ ਨਾਂ ਹੀ ਦੁਹਰਾਇਆ ਜਾਂਦਾ ਰਿਹਾ। ਉਨ੍ਹਾਂ ਦੇ ਨਾਂ ਤੋਂ 39 ਡਰਾਅ ਕੱਢੇ, ਜਦਕਿ ਊਸ਼ਾ ਸਿੰਗਲਾ ਦੇ ਨਾਂ ਤੋਂ 2, ਲਕਸ਼ਮੀ ਸਹਿਗਲ ਦੇ ਨਾਂ ਤੋਂ 1 ਅਤੇ ਸ਼ਬਨਮ ਬੱਤਰਾ ਦੇ ਨਾਂ ਤੋਂ ਇਕ ਡਰਾਅ ਨਿਕਲਿਆ। ਕੁਲ 47 ਗਰੁੱਪ ਵਿਚੋਂ 43 'ਤੇ ਮਹਿਲਾਵਾਂ ਦਾ ਕਬਜ਼ਾ ਰਿਹਾ। 
ਕੈਸ਼ਲੈੱਸ ਰਹੀ ਠੇਕੇਦਾਰਾਂ ਦੀ ਬੋਲੀ
ਸ਼ਰਾਬ ਠੇਕਿਆਂ ਦੇ ਡਰਾਅ ਦੌਰਾਨ ਜਿਸ ਅਲਾਟੀ ਦਾ ਡਰਾਅ ਨਿਕਲਦਾ ਹੈ। ਉਸਨੂੰ ਜਮ੍ਹਾ ਕਰਵਾਉਣ ਵਾਲੀ ਰਕਮ ਵਜੋਂ ਕੁਲ ਠੇਕੇ ਦੀ ਵੈਲਿਊ ਦਾ 3 ਫੀਸਦੀ ਮੌਕੇ 'ਤੇ ਜਮ੍ਹਾ ਕਰਵਾਉਣਾ ਹੁੰਦਾ ਹੈ। ਅੱਜ ਦੇ ਡਰਾਅ ਦੌਰਾਨ ਸ਼ਹਿਰੀ  ਗਰੁੱਪਾਂ ਵਿਚ 5 ਕਰੋੜ ਦੇ ਠੇਕਿਆਂ ਲਈ ਕਰੀਬ 15 ਲੱਖ ਰੁਪਏ ਦੀ ਰਕਮ ਡਰਾਫਟ ਦੇ ਤੌਰ 'ਤੇ ਹੀ ਜਮ੍ਹਾ ਕਰਵਾਈ ਗਈ। ਕੈਸ਼ ਨਾਲ ਇਸਦਾ ਭੁਗਤਾਨ ਕਰਨ ਵਾਲੇ ਕਾਫੀ ਘੱਟ ਸਨ। 
ਮਹਿਲਾ ਨਾਲ ਸ਼ੁਰੂ ਅਤੇ ਮਹਿਲਾ ਨਾਲ ਖਤਮ ਹੋਇਆ ਡਰਾਅ
ਜਲੰਧਰ ਵਿਚ ਦੁਪਹਿਰ ਕਰੀਬ 1 ਵਜੇ ਜਦੋਂ ਸ਼ਰਾਬ ਠੇਕਿਆਂ ਦੀ ਨੀਲਾਮੀ ਲਈ ਡਰਾਅ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ  ਡੀ. ਸੀ. ਵਰਿੰਦਰ ਸ਼ਰਮਾ ਨੇ ਪਹਿਲੀ ਪਰਚੀ ਕੱਢੀ। ਕਰਤਾਰਪੁਰ ਲਈ ਕੱਢੀ ਗਈ ਪਹਿਲੀ ਪਰਚੀ ਜਸਦੀਪ ਕੌਰ ਚੱਢਾ ਦੇ ਨਾਂ ਰਹੀ। ਇਸੇ ਤਰ੍ਹਾਂ ਦੇਰ ਸ਼ਾਮ ਜਦੋਂ ਡਰਾਅ ਵਿਚ ਆਖਰੀ ਪਰਚੀ ਜਲੰਧਰ ਨਿਗਮ  ਖੇਤਰ ਦੀ ਕੱਢੀ ਗਈ ਤਾਂ ਉਹ ਵੀ ਜਸਦੀਪ ਕੌਰ ਚੱਢਾ ਦੇ ਨਾਂ ਰਹੀ। 
ਮਹਿਲਾ ਅਧਿਕਾਰੀਆਂ ਨੇ ਨਿਭਾਈ ਜ਼ਿੰਮੇਵਾਰੀ
ਜਲੰਧਰ ਵਿਚ ਸ਼ਰਾਬ ਠੇਕਿਆਂ ਦੀ ਨੀਲਾਮੀ ਦੌਰਾਨ ਵਿਵਸਥਾ ਵਿਚ ਜ਼ਿਲਾ ਇਨਕਮ ਟੈਕਸ  ਅਫਸਰ  ਹਰਦੀਪ ਕੌਰ ਭੰਵਰਾ ਅਤੇ ਦਲਬੀਰ ਰਾਜ ਦੀ ਅਹਿਮ ਭੂਮਿਕਾ ਰਹੀ। ਮਹਿਲਾ ਅਧਿਕਾਰੀਆਂ ਨੇ ਆਪਣੇ-ਆਪਣੇ ਖੇਤਰ ਤਹਿਤ ਆਉਂਦੇ ਡਰਾਅ ਨੂੰ ਜ਼ਿੰਮੇਵਾਰੀ ਨਾਲ ਸਫਲ ਬਣਾਇਆ। ਇਸ ਦੌਰਾਨ ਹਰਦੀਪ ਕੌਰ ਭੰਵਰਾ ਨੇ ਕਿਹਾ ਕਿ ਸ਼ਰਾਬ ਠੇਕੇਦਾਰਾਂ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ। 


Related News