ਰਾਸ਼ਟਰਪਤੀ ਨੇ ਭਾਸ਼ਣ ਦੌਰਾਨ ਦੇਸ਼ ਦੀਆਂ ਮੁਸ਼ਕਿਲਾਂ ਦੱਸਣ ਤੋਂ ਵੱਟਿਆ ਪਾਸਾ : ਡਿੰਪਾ

02/03/2020 5:10:29 PM

ਬਾਬਾ ਬਕਾਲਾ ਸਾਹਿਬ (ਰਾਕੇਸ਼) :ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੱਲ ਸੈਂਟਰਲ ਹਾਲ 'ਚ ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਨੂੰ ਸੰਬੋਧਨ ਕਰਦਿਆਂ ਜੋ ਭਾਸ਼ਣ ਦਿੱਤਾ, ਉਸ 'ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਸੋਧ ਪੇਸ਼ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਸਾਹਮਣੇ ਮੌਜੂਦਾ ਜੋ ਅਹਿਮ ਮੁਸ਼ਕਿਲਾਂ ਹਨ, ਤੋਂ ਪਾਸਾ ਵੱਟਿਆ ਗਿਆ ਹੈ। ਰਾਸ਼ਟਰਪਤੀ ਵੱਲੋਂ ਦੇਸ਼ ਦੇ ਖਾਲੀ ਖਜ਼ਾਨੇ, ਬੇਰੋਜ਼ਗਾਰੀ, ਮਾੜੀ ਵਿੱਤੀ ਹਾਲਤ, ਜੀ. ਡੀ. ਪੀ. ਦਾ ਹੇਠਾਂ ਜਾਣਾ, ਵੱਡੀ ਗਿਣਤੀ 'ਚ ਸਨਅਤਾਂ ਦਾ ਬੰਦ ਹੋਣਾ ਅਤੇ 5 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੇ ਜਾਣਾ ਬਾਰੇ ਨਾ ਬੋਲਣ 'ਤੇ ਲੋਕ ਸਭਾ ਦੇ ਸਪੀਕਰ ਨੂੰ ਲਿਖਤੀ ਰੂਪ 'ਚ ਸੋਧ ਪੇਸ਼ ਕਰਦਿਆਂ ਡਿੰਪਾ ਨੇ ਕਿਹਾ ਕਿ ਇਸ ਸਰਕਾਰ ਨੇ ਦੇਸ਼ 'ਚ ਸਹਿਮ ਤੇ ਡਰ ਦਾ ਮਾਹੌਲ ਪੈਦਾ ਕਰ ਕੇ ਦੇਸ਼ ਨੂੰ ਟੁਕੜੇ-ਟੁਕੜੇ ਕਰ ਦਿੱਤਾ ਹੈ। ਸਰਕਾਰ ਵੱਲੋਂ ਦੇਸ਼ ਹਿੱਤ ਦੀ ਬਜਾਏ ਪਾਰਟੀ ਹਿੱਤ ਬਾਰੇ ਹੀ ਸੋਚਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀਆਂ 'ਤੇ ਜ਼ੁਲਮ ਹੋ ਰਹੇ ਹਨ ਤੇ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ। ਡਿੰਪਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਪਹਿਲਾਂ ਈਸਾਈ ਤੇ ਹੁਣ ਮੁਸਲਮਾਨ ਨਿਸ਼ਾਨੇ 'ਤੇ ਹਨ, ਜਦਕਿ ਇਸ ਤੋਂ ਬਾਅਦ ਸਿੱਖ ਵੀਰ ਵੀ ਇਨ੍ਹਾਂ ਦੇ ਨਿਸ਼ਾਨੇ 'ਤੇ ਹੋਣਗੇ। ਡਿੰਪਾ ਨੇ ਕਿਹਾ ਕਿ ਸਰਹੱਦੀ ਜ਼ਿਲਿਆਂ ਨੂੰ ਇਸ ਸਾਲ ਕੁਝ ਨਹੀਂ ਦਿੱਤਾ ਗਿਆ, ਜਦਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਭਰੋਸਾ ਦੇਣ ਤੋਂ ਬਾਅਦ ਵੀ ਬਿਆਸ ਦਰਿਆ ਦੇ ਕੰਢੇ 'ਤੇ ਧੁੱਸੀ ਬੰਨ੍ਹ ਲਈ ਕੋਈ ਪੈਸਾ ਨਹੀਂ ਰੱਖਿਆ ਤੇ ਨਾ ਹੀ ਕੋਈ ਵੱਡੀ ਫੈਕਟਰੀ ਲਾਉਣ ਦਾ ਹੀ ਕਿਹਾ ਗਿਆ। ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਜੀ. ਐੱਸ. ਟੀ. ਨੂੰ ਵੀ ਘਟਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਬਾਰਡਰ ਖੇਤਰ 'ਚ ਪੱਟੀ ਤੋਂ ਫਿਰੋਜ਼ਪੁਰ, ਬਿਆਸ ਤੋਂ ਕਾਦੀਆਂ ਤੱਕ ਰੇਲਵੇ ਲਾਈਨ ਲਈ ਵੀ ਕੋਈ ਫੰਡ ਨਹੀਂ ਰੱਖਿਆ।


Anuradha

Content Editor

Related News