ਜਦੋਂ 6 ਡਿਗਰੀ ਤਾਪਮਾਨ ’ਚ ਕਿਸਾਨਾਂ ਦਾ ਹੌਸਲਾ ਵੇਖਣ ਆਏ ਲੋਕ, ਜਸਬੀਰ ਜੱਸੀ ਨੇ ਸਾਂਝੀ ਕੀਤੀ ਵੀਡੀਓ

Thursday, Dec 17, 2020 - 07:04 PM (IST)

ਜਦੋਂ 6 ਡਿਗਰੀ ਤਾਪਮਾਨ ’ਚ ਕਿਸਾਨਾਂ ਦਾ ਹੌਸਲਾ ਵੇਖਣ ਆਏ ਲੋਕ, ਜਸਬੀਰ ਜੱਸੀ ਨੇ ਸਾਂਝੀ ਕੀਤੀ ਵੀਡੀਓ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਟਵਿਟਰ ’ਤੇ ਕਾਫੀ ਸਰਗਰਮ ਹਨ। ਜਸਬੀਰ ਜੱਸੀ ਵਲੋਂ ਸਰਕਾਰਾਂ ਦੀਆਂ ਅੱਖਾਂ ਖੋਲ੍ਹਣ ਲਈ ਨਿੱਤ ਦਿਨ ਕੁਝ ਨਾ ਕੁਝ ਪੋਸਟ ਕੀਤਾ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੂਬ ਪਸੰਦ ਕਰ ਦੇ ਹਨ। ਹਾਲ ਹੀ ’ਚ ਵੀ ਜਸਬੀਰ ਜੱਸੀ ਵਲੋਂ ਇਕ ਅਜਿਹੀ ਹੀ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਉਹ 6 ਡਿਗਰੀ ਤਾਪਮਾਨ ’ਚ ਕਿਸਾਨਾਂ ਦੇ ਹੌਸਲੇ ਨੂੰ ਦੇਖ ਕੇ ਬਾਗੋ-ਬਾਗ ਹੋ ਗਏ ਹਨ।

ਜਸਬੀਰ ਜੱਸੀ ਵੀਡੀਓ ਸਾਂਝੀ ਕਰਦਿਆਂ ਲਿਖਦੇ ਹਨ, ‘ਮਾਣਯੋਗ ਸਰਕਾਰ ਜੀ, ਦਿੱਲੀ ਦੇ ਬਹੁਤ ਸਾਰੇ ਲੋਕ ਇੰਨੀ ਠੰਡ ’ਚ ਜਦੋਂ ਰਾਤ ਦਾ ਪਾਰਾ 6 ਡਿਗਰੀ ਤਕ ਡਿੱਗ ਰਿਹਾ ਹੈ। ਰਾਤ ਨੂੰ ਕਿਸਾਨਾਂ ਦਾ ਭਾਈਚਾਰਾ, ਰੌਣਕਾਂ ਦੇਖਣ ਜਾਂ ਲੰਗਰ ਖਾਣ ਸਿੰਘੂ ਬਾਰਡਰ ’ਤੇ ਜਾਂਦੇ ਹਨ। ਤੁਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਲਿਆ ਪਰ ਦਿੱਲੀ ਨੂੰ ਨਹੀਂ ਰੋਕ ਸਕਦੇ ਕਿਸਾਨਾਂ ਕੋਲ ਜਾਣ ਲਈ।’

ਦੱਸਣਯੋਗ ਹੈ ਕਿ ਜਸਬੀਰ ਜੱਸੀ ਵਲੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਵੀਡੀਓ ਸਾਂਝੀ ਕੀਤੀ ਗਈ ਸੀ। ਇਸ ਵੀਡੀਓ ’ਚ ਪੀ. ਐੱਮ. ਮੋਦੀ ਨੂੰ ਜੱਸੀ ਨੇ ਅਪੀਲ ਕੀਤੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਲੋਕਾਂ ਲਈ ਮਾਪਿਆਂ ਸਮਾਨ ਹੁੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਯਾਨੀ ਕਿ ਦੇਸ਼ ਦੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਤੰਗ ਕਰਨਾ ਚਾਹੀਦਾ ਹੈ।

ਜਸਬੀਰ ਜੱਸੀ ਨੇ ਅੱਗੇ ਕਿਹਾ ਕਿ ਕਿਸਾਨ ਅੰਦੋਲਨ ’ਤੇ ਪੀ. ਐੱਮ. ਮੋਦੀ ਨੂੰ ਆਪਣੇ ਮੰਤਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਘਰ ਛੱਡ ਕੇ ਦਿੱਲੀ ਬੈਠੇ ਕਿਸਾਨ ਖੁਸ਼ੀ-ਖੁਸ਼ੀ ਘਰ ਵਾਪਸੀ ਕਰ ਸਕਣ।

ਨੋਟ- ਜਸਬੀਰ ਜੱਸੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News