ਬ੍ਰਹਮਪੁਰਾ ਮਾਲਵੇ ਤੇ ਸੁਖਬੀਰ ਮਾਝੇ ''ਚ ਇਕ-ਦੂਜੇ ਦਾ ਸਿਆਸੀ ਕਿਲਾ ਢਾਹੁਣ ਲਈ ਸਰਗਰਮ

Saturday, Feb 02, 2019 - 12:50 PM (IST)

ਬ੍ਰਹਮਪੁਰਾ ਮਾਲਵੇ ਤੇ ਸੁਖਬੀਰ ਮਾਝੇ ''ਚ ਇਕ-ਦੂਜੇ ਦਾ ਸਿਆਸੀ ਕਿਲਾ ਢਾਹੁਣ ਲਈ ਸਰਗਰਮ

ਜੰਡਿਆਲਾ ਗੁਰੂ (ਬੱਲ)— ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਨ੍ਹਾਂ ਦੇ ਗੜ੍ਹ ਮਾਝੇ ਖਾਸ ਕਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਹੀ ਘੇਰਨ ਦੀ ਰਣਨੀਤੀ ਅਖਤਿਆਰ ਕੀਤੀ ਹੈ। ਸੁਖਬੀਰ ਬਾਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਬ੍ਰਹਮਪੁਰਾ ਦੇ ਖਾਸਮ-ਖਾਸ ਸਾਬਕਾ ਕੈਬਨਿਟ ਮੰਤਰੀ ਡਾ. ਰਤਨ ਸਿੰਘ ਦੇ ਵਿਧਾਨ ਸਭਾ ਹਲਕਾ ਅਜਨਾਲਾ 'ਚ ਜਿਥੇ ਆਪਣੇ ਅਹਿਲਕਾਰਾਂ ਨੂੰ ਸਰਗਰਮੀ ਨਾਲ ਵਿਚਰਨ ਦੇ ਨਿਰਦੇਸ਼ ਦਿੱਤੇ ਹਨ, ਉਥੇ ਹੀ ਇਨ੍ਹਾਂ ਇਲਾਕਿਆਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਨੇੜਤਾ ਵਧਾਉਣ ਲਈ ਉਹ ਖੁਦ ਵੀ ਇਨ੍ਹਾਂ ਹਲਕਿਆਂ 'ਚ ਪੁੱਜ ਕੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਉਹ ਇਕ ਪਾਸੇ ਜਿੱਥੇ ਅਕਾਲੀ ਵਰਕਰਾਂ ਨੂੰ ਅਕਾਲੀ ਦਲ ਬਾਦਲ ਨਾਲ ਡਟੇ ਰਹਿਣ ਅਤੇ ਟਕਸਾਲੀ ਅਕਾਲੀ ਦਲ ਦਾ ਸਾਥ ਨਾ ਦੇਣ ਲਈ ਬੇਨਤੀਆਂ ਕਰ ਰਹੇ ਹਨ, ਉਥੇ ਹੀ ਹਰ ਸਿਆਸੀ ਦਾਅ-ਪੇਚ ਵਰਤ ਕੇ ਲੋਕਾਂ ਨੂੰ ਟਕਸਾਲੀ ਆਗੂਆਂ ਤੋਂ ਦੂਰ ਰੱਖਣ ਦਾ ਵੀ ਯਤਨ ਕਰ ਰਹੇ ਹਨ।

ਦੂਜੇ ਪਾਸੇ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤੇਜ਼ੀ ਨਾਲ ਵੱਧ ਰਹੇ ਸਿਆਸੀ ਕਦਮਾਂ 'ਚ ਬੇੜੀਆਂ ਪਾਉਣਾ ਸੁਖਬੀਰ ਬਾਦਲ ਲਈ ਸੌਖਾ ਨਹੀਂ ਹੋਵੇਗਾ ਕਿਉਂਕਿ ਬ੍ਰਹਮਪੁਰਾ ਵੀ ਸਿਆਸਤ ਦੇ ਮਾਹਿਰ ਤੇ ਮੰਨੇ-ਪ੍ਰਮੰਨੇ ਖਿਡਾਰੀ ਹਨ, ਜੋ ਅਤੀਤ 'ਚ ਕਈ ਸਿਆਸੀ ਜਰਨੈਲਾਂ ਨੂੰ ਧੂੜ ਚਟਾ ਚੁੱਕੇ ਹਨ। ਟਕਸਾਲੀ ਅਕਾਲੀ ਦਲ ਵੱਲੋਂ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਆਪਣੇ ਨਾਲ ਤੋਰ ਲੈਣ ਤੋਂ ਬਾਅਦ ਬ੍ਰਹਮਪੁਰਾ ਵੱਲੋਂ ਮਾਲਵੇ 'ਚ ਬਾਦਲ ਦੇ ਸਿਆਸੀ ਕਿਲੇ 'ਚ ਹੀ ਸੰਨ੍ਹ ਲਾ ਕੇ ਉਸ ਖਿੱਤੇ ਦੇ ਨਿਰਾਸ਼ ਕਈ ਟਕਸਾਲੀ ਆਗੂਆਂ ਨਾਲ ਸੰਪਰਕ ਸਾਧਿਆ ਜਾ ਚੁੱਕਾ ਹੈ, ਜਿਸ ਦੇ ਸੰਦਰਭ 'ਚ ਸੇਵਾ ਸਿੰਘ ਸੇਖਵਾਂ ਜਨਤਕ ਤੌਰ 'ਤੇ ਕਹਿ ਵੀ ਚੁੱਕੇ ਹਨ ਕਿ ਮਾਲਵੇ ਦੇ ਕਈ ਦਿੱਗਜ ਆਗੂ ਟਕਸਾਲੀ ਅਕਾਲੀ ਦਲ 'ਚ ਸ਼ਾਮਿਲ ਹੋ ਕੇ ਸਿਆਸੀ ਧਮਾਕਾ ਕਰਨਗੇ। ਮਾਝੇ ਦਾ ਮੌਜੂਦਾ ਸਿਆਸੀ ਆਲਮ ਇਹ ਹੈ ਕਿ ਇਸ ਖਿੱਤੇ ਦੇ ਕਈ ਦਿੱਗਜ ਅਕਾਲੀ ਲੀਡਰ ਜੋ ਬਾਦਲ ਦਲ 'ਚ ਆਪਣੀ ਪੁੱਛ-ਪ੍ਰਤੀਤ ਘੱਟ ਹੋਣ ਕਰ ਕੇ ਨਿਰਾਸ਼ ਬੈਠੇ ਸਨ, ਹੁਣ ਉਹ ਵੀ ਟਕਸਾਲੀ ਅਕਾਲੀ ਦਲ 'ਚ ਸ਼ਾਮਿਲ ਹੋ ਕੇ ਸੁਖਬੀਰ ਬਾਦਲ ਦੀਆਂ ਸਿਆਸੀ ਮੁਸ਼ਕਿਲਾਂ 'ਚ ਖਾਸਾ ਵਾਧਾ ਕਰ ਸਕਦੇ ਹਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ 'ਚ ਮਾਝੇ ਦੇ ਲੋਕਾਂ ਨੇ ਅਤੀਤ 'ਚ ਜ਼ਿਕਰਯੋਗ ਯੋਗਦਾਨ ਪਾਇਆ ਸੀ।


author

cherry

Content Editor

Related News