ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ  515ਵੇਂ ਟਰੱਕ ਦੀ ਰਾਹਤ ਸਮੱਗਰੀ

06/15/2019 5:34:05 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਜਿਹੜੇ ਇਲਾਕੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ, ਉੱਥੋਂ ਦੇ ਲੋਕਾਂ ਨੂੰ ਦੇਸ਼ ਦੀ ਵੰਡ ਸਮੇਂ ਤੋਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ-ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਇਲਾਕਿਆਂ ਨੂੰ ਤਾਂ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਇਹ ਕਹਿਰ ਵਰਤਾਉਣ ਵਾਲੇ ਅੱਤਵਾਦੀਆਂ ਨੂੰ ਪਾਕਿਸਤਾਨ ਵੱਲੋਂ ਨਾ ਸਿਰਫ ਖੁੱਲ੍ਹੀ ਸ਼ਹਿ ਮਿਲਦੀ ਰਹੀ, ਸਗੋਂ ਸਿਖਲਾਈ, ਅਗਵਾਈ, ਪੈਸਾ ਅਤੇ ਗੋਲਾ-ਬਾਰੂਦ ਵੀ ਮੁਹੱਈਆ ਕਰਵਾਇਆ ਜਾਂਦਾ ਰਿਹਾ ਹੈ। 

ਅੱਤਵਾਦ ਦੀ ਮਾਰ ਤੋਂ ਬਿਨਾਂ ਸਰਹੱਦੀ ਖੇਤਰਾਂ ਦੇ ਪਰਿਵਾਰਾਂ 'ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਕਈ ਸਾਲਾਂ ਤੋਂ ਗੋਲੀਬਾਰੀ ਵੀ ਲਗਾਤਾਰ ਕੀਤੀ ਜਾਂਦੀ ਰਹੀ ਹੈ। ਇਨ੍ਹਾਂ ਦੂਹਰੇ ਹਮਲਿਆਂ ਦੀ ਮਾਰ ਕਾਰਣ ਅਨੇਕਾਂ ਸੁਹਾਗਣਾਂ ਦੇ ਸੰਧੂਰ ਮਿਟ ਗਏ ਅਤੇ ਕਈ ਮਾਵਾਂ ਦੀ ਗੋਦ ਸੱਖਣੀ ਹੋ ਗਈ। ਹਜ਼ਾਰਾਂ ਪਸ਼ੂ ਮਾਰੇ ਗਏ ਜਾਂ ਗੋਲੀਆਂ ਲੱਗਣ ਕਾਰਣ ਜ਼ਖਮੀ ਹੋ ਗਏ। ਹੁਣ ਵੀ ਹਰ ਵੇਲੇ ਸਰਹੱਦੀ ਖੇਤਰਾਂ ਦੇ ਲੋਕਾਂ 'ਤੇ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਸਹਿਣ  ਕਰ ਰਹੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ 'ਪੰਜਾਬ ਕੇਸਰੀ' ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸ ਦੌਰਾਨ 515ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। 

ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸ਼੍ਰੀ ਸ਼੍ਰੀ 1008 ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਮਹਾਰਾਜ ਸ਼ਿਵ ਮੰਦਰ ਸਰਥਲੀ (ਜ਼ਿਲਾ ਰੋਪੜ) ਵਾਲਿਆਂ ਵੱਲੋਂ ਦਿੱਤਾ ਗਿਆ ਸੀ। 'ਜਗ ਬਾਣੀ' ਦੇ ਪ੍ਰਤੀਨਿਧੀ ਸੰਜੀਵ ਭੰਡਾਰੀ ਦੇ ਯਤਨਾਂ ਸਦਕਾ ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਚੌਧਰੀ ਛਿੰਦਰਪਾਲ ਚੌਹਾਨ ਟੇਡੇਵਾਲ, ਸੰਜੇ ਭੂਤ ਵਾਈਸ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਤਪਾ ਮੰਡੀ, ਇੰਸਪੈਕਟਰ ਰਾਜੀਵ ਚੌਧਰੀ ਐੱਸ. ਐੱਚ. ਓ. ਨੂਰਪੁਰਬੇਦੀ ਅਤੇ ਹੋਰ ਸੰਗਤਾਂ ਨੇ ਅਹਿਮ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਮਹੰਤ ਮੋਹਨ ਗਿਰੀ ਜੀ ਮਹਾਰਾਜ ਇਸ ਤੋਂ ਪਹਿਲਾਂ ਵੀ ਰਾਹਤ ਸਮੱਗਰੀ ਦੇ 10 ਟਰੱਕ ਭਿਜਵਾ ਚੁੱਕੇ ਹਨ, ਜਿਸ ਵਿਚ ਦੂਨ ਵੈੱਲਫੇਅਰ ਸੋਸਾਇਟੀ ਨੂਰਪੁਰਬੇਦੀ ਦੇ ਸਾਬਕਾ ਪ੍ਰਧਾਨ ਪੰਡਤ ਰਾਮ ਤੀਰਥ ਦਾ ਵੀ ਵਡਮੁੱਲਾ ਸਹਿਯੋਗ ਰਿਹਾ।

ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਸਰਥਲੀ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 2 ਕਿੱਲੋ ਚਾਵਲ, ਇਕ ਕੰਬਲ ਅਤੇ ਇਕ ਸੂਟ ਸ਼ਾਮਲ ਸੀ। ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਜਲੰਧਰ ਤੋਂ ਵੀਨਾ ਸ਼ਰਮਾ, ਰਜਿੰਦਰ ਸ਼ਰਮਾ (ਭੋਲਾ ਜੀ), ਕੁਰੂਕਸ਼ੇਤਰ ਤੋਂ ਐਡਵੋਕੇਟ ਨਰਿੰਦਰ ਆਂਚਲ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਲੁਧਿਆਣਾ ਤੋਂ ਸੁਭਾਸ਼ ਜੈਨ, ਨੀਲਮ ਜੈਨ, ਮੀਨਾ-ਭੂਸ਼ਣ ਜੈਨ, ਰਮਾ-ਰਾਕੇਸ਼ ਜੈਨ, ਕੁਲਦੀਪ ਜੈਨ, ਰਿਧੀ ਜੈਨ, ਮੰਜੂ-ਰਵਿੰਦਰ ਜੈਨ, ਨਵਨੀਤ ਜੈਨ, ਰਾਜੀਵ ਜੈਨ ਅਤੇ ਜੈਨ ਪਰਿਵਾਰ ਨਾਲ ਸਬੰਧਤ ਹੋਰ ਮੈਂਬਰ ਵੀ ਸ਼ਾਮਲ ਸਨ।


shivani attri

Content Editor

Related News