ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 568ਵੇਂ ਟਰੱਕ ਦੀ ਰਾਹਤ ਸਮੱਗਰੀ
Tuesday, May 19, 2020 - 11:41 AM (IST)
ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ 'ਤੇ ਹਰ ਸਮੇਂ ਮੁਸੀਬਤਾਂ ਦੇ ਝੱਖੜ ਝੁੱਲਦੇ ਰਹਿੰਦੇ ਹਨ। ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਜਿੱਥੇ ਸੂਬੇ ਦੇ ਲੱਖਾਂ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ, ਉਥੇ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਨੇ ਸਰਹੱਦੀ ਇਲਾਕੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ੀ-ਰੋਟੀ ਤੋਂ ਵਾਂਝੇ ਕਰ ਦਿੱਤਾ ਹੈ।
ਸਰਹੱਦੀ ਖੇਤਰਾਂ 'ਚ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ ਜਦੋਂ ਪਾਕਿਸਤਾਨ ਵੱਲੋਂ ਫਾਇਰਿੰਗ ਨਾ ਹੁੰਦੀ ਹੋਵੇ। ਇਸ ਸਭ ਦੇ ਨਾਲ ਹੀ ਹੁਣ ਤਾਂ ਸਰਹੱਦੀ ਪਰਿਵਾਰਾਂ ਨੂੰ ਕੋਰੋਨਾ ਦੇ ਹਮਲੇ ਦਾ ਸੇਕ ਵੀ ਸਹਿਣ ਕਰਨਾ ਪੈ ਰਿਹਾ ਹੈ। ਦੇਸ਼ 'ਚ ਹਜ਼ਾਰਾਂ ਦੀ ਗਿਣਤੀ 'ਚ ਕੋਰੋਨਾ ਪੀੜਤਾਂ ਅਤੇ ਕਈਆਂ ਦੀਆਂ ਮੌਤਾਂ ਕਾਰਨ ਲਾਗੂ ਕੀਤੇ ਗਏ ਲਾਕ ਡਾਊਨ ਅਤੇ ਕਰਫਿਊ ਨੇ ਲੋਕਾਂ ਦੇ ਜੀਵਨ ਸਾਹਮਣੇ ਸੁਆਲੀਆ ਚਿੰਨ੍ਹ ਲਾ ਦਿੱਤਾ ਹੈ।
ਸਰਹੱਦੀ ਪਿੰਡਾਂ 'ਚ ਤਾਂ ਆਮ ਹਾਲਾਤ ਦੌਰਾਨ ਵੀ ਰੋਜ਼ੀ-ਰੋਟੀ ਚਲਾਉਣੀ ਵੱਡੀ ਮੁਸ਼ੱਕਤ ਦਾ ਕੰਮ ਬਣ ਜਾਂਦਾ ਹੈ, ਉਥੇ ਤੀਹਰੇ ਹਮਲਿਆਂ ਦੀ ਸਥਿਤੀ 'ਚ ਤਾਂ ਲੋਕਾਂ ਨੂੰ ਹਰ ਵੇਲੇ ਅੱਖਾਂ ਅੱਗੇ ਮੌਤ ਨੱਚਦੀ ਨਜ਼ਰ ਆਉਂਦੀ ਹੈ। ਅਜਿਹੇ ਪੀੜਤ ਸਰਹੱਦੀ ਪਰਿਵਾਰਾਂ ਦੀ ਹਾਲਤ ਨੂੰ ਸਮਝਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ, ਜਿਸ ਅਧੀਨ ਲੱਖਾਂ ਲੋਕਾਂ ਤਕ ਖਾਣ-ਪੀਣ ਦੀ ਸਮੱਗਰੀ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ ਪਹੁੰਚਾਈਆਂ ਜਾ ਚੁੱਕੀਆਂ ਹਨ। ਇਸ ਸਿਲਸਿਲੇ ਵਿਚ ਹੀ ਪਿਛਲੇ ਦਿਨੀਂ 568ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਆਰ. ਐੈੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਟਰੱਕ ਦੀ ਰਾਹਤ ਸਮੱਗਰੀ ਦਾ ਯੋਗਦਾਨ ਲੁਧਿਆਣਾ ਤੋਂ ਸਮੂਹ ਪ੍ਰਭਾਕਰ ਪਰਿਵਾਰ ਦੇ ਵਿਸ਼ੇਸ਼ ਯਤਨਾਂ ਸਦਕਾ ਸਵ. ਰਮੇਸ਼ ਲਾਲ ਪ੍ਰਭਾਕਰ ਅਤੇ ਸਵ. ਕਮਲਾ ਰਾਣੀ ਦੀ ਯਾਦ ਵਿਚ ਦਿੱਤਾ ਗਿਆ ਸੀ। ਇਸ ਪਵਿੱਤਰ ਕਾਰਜ ਵਿਚ ਸ਼੍ਰੀ ਚੰਦਰ ਸ਼ੇਖਰ ਪ੍ਰਭਾਕਰ (ਪ੍ਰਸਿੱਧ ਵੈਕਸ ਮੂਰਤੀਕਾਰ) ਵੀਨਾ ਪ੍ਰਭਾਕਰ, ਸੁਰਿੰਦਰ ਵਿਜੇ ਪ੍ਰਭਾਕਰ, ਨੀਨਾ ਪ੍ਰਭਾਕਰ, ਰਾਜ ਸ਼ਰਮਾ, ਸੁਨੀਲ ਪ੍ਰਭਾਕਰ, ਰੇਖਾ ਪ੍ਰਭਾਕਰ, ਆਸ਼ੂਤੋਸ਼ ਪ੍ਰਭਾਕਰ, ਫਲਕ ਪ੍ਰਭਾਕਰ, ਯੁਵਰਾਜ ਪ੍ਰਭਾਕਰ ਅਤੇ ਕੁੰਵਰ ਪ੍ਰਤਾਪ ਪ੍ਰਭਾਕਰ ਨੇ ਅਹਿਮ ਭੂਮਿਕਾ ਨਿਭਾਈ। ਇਸ ਕਾਰਜ ਵਿਚ ਡਾ. ਸੁਮਨ ਕੁਮਾਰ ਪ੍ਰਭਾਕਰ ਅਤੇ ਮੰਜੂ ਪ੍ਰਭਾਕਰ (ਯੂ. ਐੈੱਸ.ਏ.) ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਰਵਾਨਾ ਕੀਤੇ (ਕਰਫਿਊ ਤੋਂ ਪਹਿਲਾਂ) ਗਏ ਇਸ ਟਰੱਕ ਦੀ ਸਮੱਗਰੀ ਵਿਚ 305 ਰਜਾਈਆਂ ਸ਼ਾਮਲ ਸਨ। ਇਸ ਤੋਂ ਇਲਾਵਾ ਸ਼ਹਿਰੀਆਂ ਦੇ ਸਹਿਯੋਗ ਸਦਕਾ ਪੀੜਤ ਪਰਿਵਾਰਾਂ ਲਈ ਕੁਝ ਕੱਪੜਿਆਂ ਦੇ ਸੈੱਟਵੀ ਭਿਜਵਾਏ ਗਏ। ਟਰੱਕ ਰਵਾਨਾ ਕਰਨ ਸਮੇਂ ਸ਼੍ਰੀ ਵਿਨੋਦ ਪਰਾਸ਼ਰ, ਸ਼ੈਲੀ ਪਰਾਸ਼ਰ, ਵਾਸੂ, ਦੀਪਾ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦਿਨੇਸ਼ ਸੋਨੂ, ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।