ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 567ਵੇਂ ਟਰੱਕ ਦੀ ਰਾਹਤ ਸਮੱਗਰੀ
Friday, May 15, 2020 - 07:35 PM (IST)
ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਕਈ ਦਹਾਕਿਆਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਲੋਕਾਂ ਦੇ ਪਿੰਡੇ ਨੂੰ ਅਜਿਹੇ ਜ਼ਖਮ ਲਾ ਕੇ ਜਿਨ੍ਹਾਂ ਦੀ ਚੀਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਰੜਕਦੀ ਰਹੇਗੀ। ਇਸ ਦੇ ਨਾਲ ਵੀ ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜੀਆਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਅਣਗਿਣਤ ਬੇਦੋਸ਼ੇ ਲੋਕਾਂ ਦਾ ਖੂਨ ਵਹਾਇਆ ਹੈ।
ਸਰਹੱਦੀ ਦੇ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਨੂੰ ਕਾਰੋਬਾਰ ਅਤੇ ਰੋਜ਼ਗਾਰ ਵਾਰ-ਵਾਰ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਬੱਚਿਆਂ ਦੀ ਪੜ੍ਹਾਈ ਅਤੇ ਬੀਮਾਰ ਲੋਕਾਂ ਦੇ ਇਲਾਜ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਘਾਟ ਹੋਣ ਕਾਰਣ ਹੀ ਸਰਹੱਦੀ ਪਰਿਵਾਰਾਂ ਨੂੰ ਬਹੁਤ ਨੁਕਸਾਨ ਸਹਿਣ ਕਰਨਾ ਪੈਂਦਾ ਹੈ। ਆਰਥਿਕ ਮੰਦਹਾਲੀ ਨੇ ਇਨ੍ਹਾਂ ਲੋਕਾਂ ਦਾ ਜੀਵਨ ਕਦੇ ਵੀ ਆਮ ਵਾਂਗ ਤੁਰਨ ਹੀ ਨਹੀਂ ਦਿੱਤਾ। ਸਮੱਸਿਆਵਾਂ 'ਚ ਉਲਝੇ ਸਰਹੱਦੀ ਨਾਗਰਿਕਾਂ ਲਈ ਰੋਜ਼ੀ-ਰੋਟੀ ਦੀ ਸਮੱਸਿਆ ਨੂੰ ਵੀ ਵੱਡੀ ਚਿੰਤਾ ਬਣ ਜਾਂਦੀ ਹੈ।
ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਦਾ ਦੁੱਖ-ਦਰ ਦ ਵੰਡਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤਕ ਕਰੋੜਾਂ ਰੁਪਏ ਦੀ ਰਾਹਤ ਸਮੱਗਰੀ ਵੱਖ-ਵੱਖ ਖੇਤਰਾਂ ਦੇ ਪਰਿਵਾਰਾਂ ਤਕ ਪਹੁੰਚਾਈ ਜਾ ਚੁੱਕੀ ਹੈ। ਇਸ ਸਿਲਸਿਲੇ ਵਿਚ ਬੀਤੇ ਦਿਨੀਂ 567ਵੇਂ ਟਰੱਕ ਦੀ ਰਾਹਤ ਸਮੱਗਰੀ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਅਤੇ ਸਬੰਧਤ ਸਰਹੱਦੀ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਆਰ. ਕੇ. ਐੈੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ ਪਵਿੱਤਰ ਯਾਦ ਵਿਚ ਦਿੱਤਾ ਗਿਆ ਸੀ। ਇਸ ਪਵਿੱਤਰ ਕਾਰਜ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਸੰਜੀਵ ਸੂਦ ਅਤੇ ਪ੍ਰਧਾਨ ਸ਼੍ਰੀ ਰਾਜੀਵ ਸੂਦ ਨੇ ਵੱਡਮੁੱਲਾ ਯੋਗਦਾਨ ਪਾਇਆ। ਸੂਦ ਭਰਾਵਾਂ ਦੀ ਅਗਵਾਈ ਹੇਠ ਇਸ ਵਿੱਦਿਅਕ ਸੰਸਥਾ ਵਲੋਂ ਪਹਿਲਾਂ ਵੀ ਦੋ ਦਰਜਨ ਦੇ ਕਰੀਬ ਟਰੱਕਾਂ ਦੀ ਸਮੱਗਰੀ ਪੀੜਤ ਪਰਿਵਾਰਾਂ ਲਈ ਭਿਜਵਾਈ ਜਾ ਚੁੱਕੀ ਹੈ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 500 ਥੈਲੀ ਆਟਾ (ਪ੍ਰਤੀ ਥੈਲੀ 10 ਕਿਲੋ) ਸ਼ਾਮਲ ਸੀ। ਟਰੱਕ ਰਵਾਨਾ ਕਰਨ ਸਮੇਂ ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਅਤੇ ਕੋਟ ਈਸੇ ਖਾਂ ਦੇ ਲਵਲੀ ਸੰਧੂ ਵੀ ਮੌਜੂਦ ਸਨ।