ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 527ਵੇਂ ਟਰੱਕ ਦੀ ਸਮੱਗਰੀ

10/19/2019 5:58:53 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਲਈ ਜੀਵਨ ਕਦੇ ਵੀ ਆਮ ਵਰਗਾ ਨਹੀਂ ਰਹਿੰਦਾ। ਇਨ੍ਹਾਂ ਲੋਕਾਂ ਲਈ ਦੁਸਹਿਰੇ, ਦੀਵਾਲੀ ਵਰਗੇ ਤਿਉਹਾਰ ਵੀ ਭਰਪੂਰ ਖੁਸ਼ੀਆਂ ਵਾਲੇ ਨਹੀਂ, ਸਗੋਂ ਚਿੰਤਾ ਦੀਆਂ ਲਕੀਰਾਂ 'ਚ ਘਿਰੇ ਹੁੰਦੇ ਹਨ। ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਲੋਕ-ਜੀਵਨ ਅਤੇ ਕਾਰ-ਵਿਹਾਰ ਹਮੇਸ਼ਾ ਗੋਲੀਆਂ ਦੇ ਸਾਏ ਹੇਠ ਚੱਲਦਾ ਹੈ। ਦੇਸ਼ ਦੀ ਵੰਡ ਸਮੇਂ ਤੋਂ ਹੀ ਪਾਕਿਸਤਾਨ ਅਜਿਹੀਆਂ ਸਾਜ਼ਿਸ਼ਾਂ ਰਚਦਾ ਰਿਹਾ ਹੈ, ਜਿਸ ਕਾਰਣ ਬੇਦੋਸ਼ੇ ਅਤੇ ਮਾਸੂਮ ਭਾਰਤੀ ਨਾਗਰਿਕਾਂ ਦੇ ਜੀਵਨ ਨੂੰ ਗ੍ਰਹਿਣ ਲੱਗਾ ਰਿਹਾ। ਅੱਤਵਾਦ, ਗੋਲੀਬਾਰੀ, ਜਾਅਲੀ ਕਰੰਸੀ ਅਤੇ ਨਸ਼ਿਆਂ ਦੀ ਸਮੱਗਲਿੰਗ ਦੇ ਰੂਪ 'ਚ ਪਾਕਿਸਤਾਨ ਵਲੋਂ ਭਾਰਤ ਖਿਲਾਫ ਚਾਲਾਂ ਚੱਲੀਆਂ ਗਈਆਂ, ਜਿਨ੍ਹਾਂ ਦਾ ਨੁਕਸਾਨ ਹੋਰ ਲੋਕਾਂ ਦੇ ਮੁਕਾਬਲੇ ਸਰਹੱਦੀ ਪਰਿਵਾਰਾਂ ਨੂੰ ਜ਼ਿਆਦਾ ਭੁਗਤਣਾ ਪਿਆ। ਲੋਕਾਂ ਦੇ ਸਿਰ 'ਤੇ ਹਰ ਵੇਲੇ ਖਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਡਰ ਅਤੇ ਸਹਿਮ ਦੇ ਮਾਹੌਲ ਵਿਚ ਹੀ ਆਪਣੇ ਕੰਮ-ਧੰਦੇ ਚਲਾਉਣੇ ਪੈਂਦੇ ਹਨ। ਉਹ ਜਿਸ ਤਰ੍ਹਾਂ ਦੀ ਤਰਸਯੋਗ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਉਸ ਦਾ ਅਹਿਸਾਸ ਸਰਹੱਦੀ ਖੇਤਰਾਂ ਵਿਚ ਜਾਣ ਉਪਰੰਤ ਹੀ ਹੁੰਦਾ ਹੈ।

ਸਰਹੱਦੀ ਖੇਤਰਾਂ ਦੇ ਮੁਸ਼ਕਲਾਂ ਨਾਲ ਜੂਝ ਰਹੇ ਪਰਿਵਾਰਾਂ ਦਾ ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਰਹਿਣ ਵਾਲੇ ਲੱਖਾਂ ਲੋਕਾਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸੇ ਸਿਲਸਿਲੇ ਵਿਚ 527ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਰਾਜ ਜੈਨ ਫੈਬਰਿਕਸ ਦੇ ਮਾਲਕ ਅਤੇ ਰਾਸ਼ਟਰੀ ਸੰਸਥਾ ਲਿਗਾ ਪਰਿਵਾਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਵਿਪਨ ਜੈਨ (ਸਵਰਗਵਾਸੀ ਪਿਤਾ ਰਾਜ ਕੁਮਾਰ ਜੈਨ ਅਤੇ ਮਾਤਾ ਬਿਮਲਾਵੰਤੀ ਜੈਨ) ਦੇ ਜਨਮ ਦਿਨ ਦੇ ਮੌਕੇ 'ਤੇ ਧਰਮਪਤਨੀ ਰੇਨੂੰ ਜੈਨ, ਅਨਮੋਲ-ਤਨੀਸ਼ਾ ਜੈਨ (ਪੁੱਤਰ-ਨੂੰਹ) ਅਤੇ ਪਰਿਵਾਰ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਕਾਰਜ ਵਿਚ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਮੁੱਖ ਸੂਤਰਧਾਰ ਸਨ।

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਸਨਮਾਨ ਸਮਾਰੋਹ ਮੌਕੇ ਕਬਾਨਾ ਕਲੱਬ ਜਲੰਧਰ ਤੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਸਰਦੀਆਂ ਦੀਆਂ  ਜੈਕਟਾਂ, ਕਮੀਜ਼ਾਂ ਅਤੇ ਸੂਟ ਆਦਿ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਚੰਦਰ ਪ੍ਰਕਾਸ਼ ਗੰਗਾ, ਕਾਂਗਰਸ ਨੇਤਾ ਸ਼੍ਰੀਮਤੀ ਰਜਿੰਦਰ ਕੌਰ ਭੱਠਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜ਼ਿਲਾ ਜਲੰਧਰ ਭਾਜਪਾ ਦੇ ਪ੍ਰਧਾਨ ਰਮਨ ਪੱਬੀ ਵੀ ਮੌਜੂਦ ਸਨ। ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ ਵਿਚ ਲੁਧਿਆਣਾ ਤੋਂ ਵਿਪਨ ਜੈਨ, ਸ਼੍ਰੀਮਤੀ ਅਤੇ ਸ਼੍ਰੀ ਰਾਕੇਸ਼ ਜੈਨ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਰਾਜੇਸ਼ ਭਗਤ ਅਤੇ ਵਿਨੋਦ ਸ਼ਰਮਾ ਵੀ ਸ਼ਾਮਲ ਸਨ।


Related News