ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 512ਵੇਂ ਟਰੱਕ ਦੀ ਰਾਹਤ ਸਮੱਗਰੀ

05/26/2019 5:32:18 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਕੰਢੇ ਸਥਿਤ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪਿੰਡਾਂ 'ਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਲਈ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਮੁਸ਼ਕਲ ਹਾਲਾਤ ਬਣੇ ਹੋਏ ਹਨ। ਪਾਕਿਸਤਾਨੀ ਸੈਨਿਕਾਂ ਵੱਲੋਂ ਅਕਸਰ ਗੋਲੀਬਾਰੀ ਕੀਤੀ ਜਾਂਦੀ ਹੈ, ਜਿਸ ਕਾਰਨ ਜਿੱਥੇ ਅਨੇਕਾਂ ਭਾਰਤੀ ਨਾਗਰਿਕਾਂ ਦਾ ਜਾਨੀ ਨੁਕਸਾਨ ਹੋਇਆ ਹੈ, ਉਥੇ ਹੀ ਬਹੁਤ ਸਾਰੇ ਅਪਾਹਜਾਂ ਵਾਲੀ ਜੂਨ ਹੰਢਾਅ ਰਹੇ ਹਨ। ਜੰਮੂ-ਕਸ਼ਮੀਰ ਦੇ ਸਰਹੱਦੀ ਲੋਕਾਂ ਨੂੰ ਤਾਂ ਪਾਕਿਸਤਾਨ ਵਲੋਂ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੇ ਹਮਲੇ ਵੀ ਸਹਿਣ ਕਰਨੇ ਪੈਂਦੇ ਹਨ, ਜਿਸ ਕਾਰਨ ਉਹ ਹਰ ਵੇਲੇ ਮੌਤ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਸਰਹੱਦ ਪਾਰ ਤੋਂ ਰਚੀਆਂ ਜਾਂਦੀਆਂ ਸਾਜ਼ਿਸ਼ਾਂ ਕਾਰਨ ਇਹ ਦੂਹਰੇ ਹਮਲੇ ਅੱਜ ਵੀ ਜਾਰੀ ਹਨ। ਇਸ ਦੇ ਨਤੀਜੇ ਵਜੋਂ ਲੱਖਾਂ ਲੋਕਾਂ ਦੇ ਕਾਰੋਬਾਰ, ਕੰਮ-ਧੰਦੇ ਅਤੇ ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਬਹੁਤ ਸਾਰੇ ਲੋਕਾਂ ਲਈ ਹਰ ਵੇਲੇ ਰੋਟੀ ਦਾ ਸੰਕਟ ਬਣਿਆ ਰਹਿੰਦਾ ਹੈ।
ਸਰਹੱਦੀ ਖੇਤਰਾਂ ਦੇ ਅਜਿਹੇ ਪ੍ਰਭਾਵਿਤ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਦਾ ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 512ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਜ਼ਿਲਾ ਰਿਆਸੀ ਨਾਲ ਸਬੰਧਤ ਦੂਰ-ਦੁਰਾਡੇ ਪਹਾੜੀ ਪਿੰਡਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਪੰਜਾਬ ਨਾਲ ਸਬੰਧਤ ਵੱਖ-ਵੱਖ ਥਾਵਾਂ ਦੇ ਦਾਨੀ ਸੱਜਣਾਂ ਵੱਲੋਂ ਦਿੱਤਾ ਗਿਆ ਸੀ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਜ਼ਨਾਨਾ, ਮਰਦਾਨਾ ਅਤੇ ਬੱਚਿਆਂ ਦੇ ਕੱਪੜਿਆਂ ਤੋਂ ਇਲਾਵਾ ਸ਼ਾਲ, ਤੌਲੀਏ ਅਤੇ ਕੰਬਲ ਵੀ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਜ਼ਿਲਾ ਜਲੰਧਰ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ ਅਤੇ ਜਲੰਧਰ ਦੇ ਐੱਸ. ਡੀ. ਐੱਮ. ਸੰਜੀਵ ਸ਼ਰਮਾ ਵੀ ਮੌਜੂਦ ਸਨ। ਰਾਹਤ ਵੰਡ ਟੀਮ ਦੇ ਆਗੂ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ 'ਚ ਜਾਣ ਵਾਲੇ ਮੈਂਬਰਾਂ 'ਚ ਜਨਹਿੱਤ ਵੈੱਲਫੇਅਰ ਸੋਸਾਇਟੀ ਦੀ ਚੇਅਰਪਰਸਨ ਡੌਲੀ ਹਾਂਡਾ, ਕਮਲੇਸ਼ ਤੁਲੀ, ਵੀਨਾ ਸ਼ਰਮਾ ਅਤੇ ਕਟੜਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਅਮਿਤ ਸ਼ਰਮਾ ਵੀ ਸ਼ਾਮਲ ਸਨ।


shivani attri

Content Editor

Related News