ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 511ਵੇਂ ਟਰੱਕ ਦੀ ਰਾਹਤ ਸਮੱਗਰੀ

05/26/2019 4:40:04 PM

ਜਲੰਧਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਦੁੱਖਾਂ ਅਤੇ ਸਮੱਸਿਆਵਾਂ ਦਾ ਕੋਈ ਅੰਤ ਨਹੀਂ ਹੈ। ਇਕ ਪਾਸੇ ਉਹ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੇਕ ਸਹਿਣ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਕਈ ਪਰਿਵਾਰਕ ਮੈਂਬਰਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਦੂਜੇ ਪਾਸੇ ਸਰਹੱਦ ਪਾਰ ਤੋਂ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਉਨ੍ਹਾਂ ਦੇ ਜੀਵਨ ਸਾਹਮਣੇ ਸੁਆਲੀਆ ਚਿੰਨ੍ਹ ਲਗਾ ਦਿੱਤਾ ਹੈ। ਪਾਕਿਸਤਾਨ ਦੇ ਹੋਂਦ 'ਚ ਆਉਣ ਵੇਲੇ ਤੋਂ ਹੀ ਇਸ ਸੂਬੇ ਦੇ ਲੋਕਾਂ ਨੂੰ ਮਾਰ ਸਹਿਣੀ ਪੈ ਰਹੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਵੀ ਸਰਹੱਦੀ ਖੇਤਰਾਂ ਤੱਕ ਨਾ ਤਾਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਠੀਕ ਢੰਗ ਨਾਲ ਵਿਸਥਾਰ ਕਰ ਸਕੀ ਹੈ ਅਤੇ ਨਾ ਹੀ ਇਥੇ ਰਹਿਣ ਵਾਲੇ ਲੋਕਾਂ ਦੀ ਸਹਾਇਤਾ ਅਤੇ ਸੁਰੱਖਿਆ ਲਈ ਕੋਈ ਵਿਸ਼ੇਸ਼ ਕਦਮ ਚੁੱਕ ਸਕੀ ਹੈ।
ਦੁੱਖਾਂ-ਮੁਸੀਬਤਾਂ ਨਾਲ ਜੂਝ ਰਹੇ ਅਜਿਹੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈÎ। ਇਸ ਮੁਹਿੰਮ ਅਧੀਨ 511ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਸਾਂਬਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਚੰਡੀਗੜ੍ਹ ਤੋਂ ਜਵਾਹਰ ਲਾਲ ਨੰਦਾ ਅਤੇ ਵੇਦ ਨੰਦਾ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ, ਆਰ. ਕੇ. ਗੁਪਤਾ, ਸ਼ਾਮ ਸੁੰਦਰ, ਮਦਨ ਗੁਲਾਟੀ, ਮੰਜੂ ਜੈਨ, ਸ਼ਸ਼ੀ ਜੈਨ ਅਤੇ ਹੋਰ ਦੋਸਤਾਂ ਨੇ ਵੀ ਅਹਿਮ ਯੋਗਦਾਨ ਪਾਇਆ।
ਚੰਡੀਗੜ੍ਹ ਤੋਂ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਤੋਂ ਇਲਾਵਾ ਇਕ ਪੈਕਟ ਰਸੋਈ ਦਾ ਸਾਮਾਨ (ਦਾਲ, ਤੇਲ, ਖੰਡ, ਮਿਰਚਾਂ, ਹਲਦੀ, ਨਮਕ, ਚਾਹ-ਪੱਤੀ, ਮਾਚਸ, ਮੋਮਬੱਤੀਆਂ) ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਨੰਦਾ ਪਰਿਵਾਰ ਇਸ ਤੋਂ ਪਹਿਲਾਂ ਵੀ ਹੜ੍ਹ-ਪੀੜਤਾਂ ਲਈ ਦੋ ਟਰੱਕ ਕੰਬਲ ਭਿਜਵਾ ਚੁੱਕਾ ਹੈ। ਪ੍ਰਭਾਵਿਤ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇÎਠ ਜਾਣ ਵਾਲੀ ਟੀਮ ਵਿਚ ਜਲੰਧਰ ਤੋਂ ਲਾਲ ਕੇਸਰੀ ਸੰਸਥਾ ਦੇ ਮੁੱਖ ਪ੍ਰਬੰਧਕ ਸ਼੍ਰੀ ਜੁਗਿੰਦਰ ਕ੍ਰਿਸ਼ਨ ਸ਼ਰਮਾ, ਜਨਰਲ ਸਕੱਤਰ ਸੁਨੀਲ ਕਪੂਰ ਅਤੇ ਰੋਮੇਸ਼ ਸ਼ਰਮਾ ਵੀ ਸ਼ਾਮਲ ਸਨ।


shivani attri

Content Editor

Related News