ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 564ਵੇਂ ਟਰੱਕ ਦੀ ਰਾਹਤ ਸਮੱਗਰੀ

03/12/2020 5:09:48 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ ਜ਼ਿਲੇ ਨਾਲ ਸਬੰਧਤ ਅਰਨੀਆ ਅਤੇ ਆਰ. ਐੱਸ. ਪੁਰਾ ਅਜਿਹੇ ਇਲਾਕੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਸਭ ਤੋਂ ਵੱਧ ਮਾਰ ਪਈ ਹੈ। ਸਾਲ 2018-19 ਇਨ੍ਹਾਂ ਖੇਤਰਾਂ ਲਈ ਕਹਿਰ ਦਾ ਸਮਾਂ ਬਣ ਗਿਆ ਅਤੇ ਇਕ ਮੌਕਾ ਅਜਿਹਾ ਵੀ ਆਇਆ ਜਦੋਂ ਭਾਰੀ ਗੋਲੀਬਾਰੀ ਕਾਰਨ ਇਥੋਂ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ 80 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੇ ਘਰਾਂ 'ਚੋਂ ਪਲਾਇਨ ਕਰਨਾ ਪਿਆ ਸੀ। ਅਰਨੀਆ ਅਤੇ ਆਸ-ਪਾਸ ਦੇ ਪਿੰਡ 'ਭੂਤਾਂ ਦੇ ਵਾੜੇ' ਬਣ ਗਏ ਸਨ, ਜਿੱਥੇ ਕੋਈ ਟਾਵਾਂ-ਟਾਵਾਂ ਵਿਅਕਤੀ ਹੀ ਰਹਿ ਗਿਆ ਸੀ ਅਤੇ ਜਾਂ ਪੁਲਸ ਵਾਲੇ ਆਪਣੀ ਡਿਊਟੀ ਦੇ ਰਹੇ ਸਨ।
ਪਾਕਿਸਤਾਨ ਵੱਲੋਂ ਇਨ੍ਹਾਂ ਖੇਤਰਾਂ 'ਤੇ ਗੋਲੀਬਾਰੀ ਦਾ ਕਹਿਰ ਅੱਜ ਵੀ ਜਾਰੀ ਹੈ, ਜਿਸ ਕਾਰਣ ਇਥੋਂ ਦੇ ਬਾਸ਼ਿੰਦੇ ਕਦੇ ਵੀ ਆਮ ਵਰਗਾ ਜੀਵਨ ਨਹੀਂ ਗੁਜ਼ਾਰ ਸਕਦੇ। ਖੇਤੀਬਾੜੀ, ਸਕੂਲਾਂ ਦੀ ਪੜ੍ਹਾਈ, ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਹੋਰ ਕੰਮ- ਧੰਦੇ ਅਕਸਰ ਗੋਲੀਬਾਰੀ ਕਾਰਣ ਪ੍ਰਭਾਵਿਤ ਹੁੰਦੇ ਰਹਿੰਦੇ ਹਨ।

ਅੱਤਵਾਦ ਅਤੇ ਗੋਲੀਬਾਰੀ ਨੇ ਜਿੱਥੇ ਇਨ੍ਹਾਂ ਖੇਤਰਾਂ ਨਾਲ ਸਬੰਧਤ ਪਰਿਵਾਰਾਂ ਨੂੰ ਡੂੰਘੇ ਜ਼ਖਮ ਲਾਏ ਹਨ, ਉਥੇ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਮਸਲਾ ਵੀ ਬਣ ਜਾਂਦਾ ਹੈ। ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਦੇ ਮਕਸਦ ਨਾਲ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਾਨਵੀ ਸੇਵਾ ਦੇ ਇਸ ਕੁੰਭ ਅਧੀਨ ਹੁਣ ਤੱਕ ਲੱਖਾਂ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਚੁੱਕੀ ਹੈ।

ਇਸ ਰਾਹਤ ਮੁਹਿੰੰਮ ਅਧੀਨ ਹੀ ਪਿਛਲੇ ਦਿਨੀਂ 564ਵੇਂ ਟਰੱਕ ਦੀ ਰਾਹਤ ਸਮੱਗਰੀ ਅਰਨੀਆ ਸੈਕਟਰ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਜ਼ੀਰਾ ਹਲਕੇ ਨਾਲ ਸਬੰਧਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਮਾਜ ਸੇਵੀ ਸ. ਸੁਰਿੰਦਰ ਸਿੰਘ ਜੌੜਾ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਕਾਰਜ ਵਿਚ ਜ਼ੀਰਾ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ. ਦਵਿੰਦਰ ਸਿੰਘ ਅਕਾਲੀਆਂ ਵਾਲਾ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸਰਪੰਚ ਨਿਸ਼ਾਨ ਸਿੰਘ ਚਾਂਬਾਂ, ਵਿਨੋਦ ਕਟਾਰੀਆ, ਸੁਖਵਿੰਦਰ ਛਿੰਦਾ, ਕੁਲਵੰਤ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਮੱਲਾਂਵਾਲਾ, ਅੰਗਰੇਜ ਸਿੰਘ ਸਰਪੰਚ ਕਰੀਮ ਵਾਲਾ, ਜਸਵੰਤ ਸਿੰਘ ਸਾਬਕਾ ਸਰਪੰਚ ਸ਼ੀਹਾਂਪਾੜੀ, ਰੇਸ਼ਮ ਸਿੰਘ ਸਾਬਕਾ ਸਰਪੰਚ ਮਲੰਗ ਸ਼ਾਹਵਾਲਾ, ਕੁਲਵਿੰਦਰ ਸਿੰਘ, ਦਲਜੀਤ ਸਿੰਘ, ਸਾਹਿਬ ਸਿੰਘ ਸੁਧਾਰਾ, ਸੁੱਖਾ ਸਿੰਘ ਨੰਬਰਦਾਰ ਜੌੜਾ, ਮਿਹਰ ਸਿੰਘ ਸਰਪੰਚ ਜੌੜਾ, ਆਜ਼ਾਦ ਸਿੰਘ ਸੰਧੂ ਠੱਠਾ ਸਾਹਿਬ, ਡਾ. ਅੰਗਰੇਜ਼ ਸਿੰਘ ਸੰਧੂ, ਡਾ. ਬਲਜਿੰਦਰ ਸਿੰਘ, ਸਰਵਣ ਸਿੰਘ ਜੌੜਾ, ਸੁਰਜੀਤ ਸਿੰਘ ਜੌੜਾ, ਲਵਪ੍ਰੀਤ ਸਿੰਘ ਆੜ੍ਹਤੀ ਮੱਲ੍ਲਾਂਵਾਲਾ, ਗੁਰਮੀਤ ਸਿੰਘ ਪ੍ਰਧਾਨ, ਸਰਵਪ੍ਰੀਤ ਦੇਵਾ-ਬਾਬਾ ਸੋਨੂੰ ਸ਼ਾਹ ਹਰੀਕੇ, ਰਿੰਕੂ ਦੇਵਾ ਅਤੇ ਵਿਜੇ ਧੀਰ ਮੋਗਾ ਨੇ ਵੀ ਲੋੜੀਂਦਾ ਸਹਿਯੋਗ ਦਿੱਤਾ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਿਵਚ 300 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਦੇ ਪ੍ਰਧਾਨ ਸ਼੍ਰੀ ਗੌਰਵ ਸ਼ਰਮਾ, ਵਿਜੇ ਬਤਰਾ, ਗੌਰਵ ਦਾਬੜਾ, ਸਾਵਨ ਅਰੋੜਾ, ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਹਰਦਿਆਲ ਸਿੰਘ, ਪ੍ਰਗਟ ਸਿੰਘ ਭੁੱਲਰ ਅਤੇ ਨੰਬਰਦਾਰ ਬਲਬੀਰ ਸਿੰਘ ਉੱਪਲ ਵੀ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਰਾਮਗੜ੍ਹ (ਸਾਂਬਾ) ਤੋਂ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਅਤੇ ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਡੇਰੇ 'ਤੇ ਛਾਪਾ ਮਾਰਨ ਗਈ ਪੁਲਸ ਤੇ ਨਿਹੰਗ ਸਿੰਘਾਂ ਵਿਚਕਾਰ ਹੋਈ ਖੂਨੀ ਝੜਪ


Related News