ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ

Tuesday, Apr 07, 2020 - 01:09 PM (IST)

ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ

ਹਰਪ੍ਰੀਤ ਸਿੰਘ ਕਾਹਲੋਂ

{ 1919-2019 ਜਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਨੂੰ 100 ਸਾਲ ਹੋ ਗਏ ਸਨ। ਸ਼ਤਾਬਦੀ ਦੇ ਰੂਬਰੂ ਖੜ੍ਹਾ ਸਾਡਾ ਖ਼ੂਨੀ ਇਤਿਹਾਸ 101 ਸਾਲ ਦਾ ਹੋ ਗਿਆ ਹੈ। ਇਸ ਸਿਲਸਿਲੇ 'ਚ ਜਗਬਾਣੀ ਦੀ ਵਿਸ਼ੇਸ਼ ਲੜੀ ਤਹਿਤ ਇਹ ਪਹਿਲੀ ਕਿਸ਼ਤ ਹੈ }

ਜ਼ਿਲ੍ਹੇ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲ੍ਹੇ ਦੇ ਲੋਕਾਂ ਨੂੰ ਬਹੁਤ ਫ਼ਖ਼ਰ ਮਹਿਸੂਸ ਹੋਇਆ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਲ੍ਹਿਆਂਵਾਲ਼ੇ ਬਾਗ਼ ਦੇ ਸਰਦਾਰ ਹਿੰਮਤ ਸਿੰਘ ਉਨ੍ਹਾਂ ਦੇ ਪਿੰਡ ਦੇ ਸਨ। ਇਹ ਖ਼ਬਰ ਸਭ ਤੋਂ ਪਹਿਲਾਂ ਜਗਬਾਣੀ 'ਚ ਮੈਂ ਸਾਕਾ ਸ਼ਤਾਬਦੀ ਵੇਲੇ ਕੀਤੀ ਸੀ। ਇਸ ਖ਼ਬਰ ਤੋਂ ਬਾਅਦ ਹੋਰ ਵੀ ਕਈ ਪਹਿਲੂ ਸਾਹਮਣੇ ਆਏ।

ਇਤਿਹਾਸ ਦਾ ਇਕ ਜ਼ਿਕਰ ਹੈ ਕਿ ਜਲ੍ਹਿਆਂਵਾਲਾ ਬਾਗ਼ ਪੰਡਿਤ ਜੱਲ੍ਹੇ ਦਾ ਸੀ ਪਰ ਇਤਿਹਾਸ ਦੇ ਸਫ਼ੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਅਤੇ ਬਲਾਕ ਦਾ ਪਿੰਡ ਜੱਲ੍ਹਾ ਅਤੇ ਜਲ੍ਹਿਆਂਵਾਲੇ ਬਾਗ਼ ਦਾ ਰਿਸ਼ਤਾ ਖਾਸ ਹੈ। ਫ਼ਤਿਹਗੜ੍ਹ ਸਾਹਿਬ ਤੋਂ 14 ਕਿਲੋਮੀਟਰ 'ਤੇ ਪੈਂਦਾ ਇਹ ਪਿੰਡ ਸਰਹਿੰਦ-ਭਾਦਸੋਂ ਸੜਕ 'ਤੇ ਹੈ।

ਜਲ੍ਹਿਆਂਵਾਲੇ ਬਾਗ਼ ਨੂੰ ਜਾਂਦੀ ਗਲੀ

PunjabKesari

ਇਹ ਪਿੰਡ ਮਹਾਰਾਜਾ ਪਟਿਆਲਾ ਦੇ ਪ੍ਰੋਹਤ ਪੰਡਤ ਜਲ੍ਹੇ ਨੇ ਵਸਾਇਆ ਸੀ। 450 ਸਾਲਾ ਪੁਰਾਣੇ ਇਸ ਪਿੰਡ ਦੀ ਜਗੀਰ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ। ਸਰਦਾਰ ਹਿੰਮਤ ਸਿੰਘ (ਮੌਤ 1829) ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਇ ਬੈਂਸ ਜੱਟ ਦਾ ਮੁੰਡਾ ਸੀ, ਜਿਸ ਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ (1759) 'ਤੇ ਕੀਤੀ ਕਾਰਵਾਈ 'ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ। ਇਸ ਪਿੰਡ ਤੋਂ ਸਰਦਾਰ ਹਿੰਮਤ ਸਿੰਘ ਜਲ੍ਹੇਵਾਲੀਆ ਸਰਦਾਰ ਜਾਂ ਜੱਲ੍ਹਾ ਵਾਸੀ ਵੱਜਣ ਲੱਗ ਪਏ।

ਇਸ ਪਿੰਡ 'ਚ ਵੱਸਣ ਵੇਲੇ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ 'ਚ ਸੇਵਾਵਾਂ ਦਿੰਦੇ ਸਨ। ਸਰਦਾਰ ਹਿੰਮਤ ਸਿੰਘ ਹੁਣਾਂ ਨੂੰ ਪਟਿਆਲਾ ਅਤੇ ਜੀਂਦ ਰਿਆਸਤ ਵਲੋਂ ਜ਼ਮੀਨ ਵੀ ਬਤੌਰ ਮਾਲਕੀ ਦਿੱਤੀ ਗਈ ਸੀ। ਇਸ ਜ਼ਮੀਨ ਦੀ ਸਲਾਨਾ ਆਮਦਨ 20,000 ਰੁਪਏ ਸੀ।

ਸੰਨ 1812 ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ 'ਚ ਸ਼ਾਮਲ ਕਰ ਲਿਆ। ਇਨ੍ਹਾਂ ਸੇਵਾਵਾਂ ਦੇ ਬਦਲੇ ਸਰਦਾਰ ਹਿੰਮਤ ਸਿੰਘ ਜਲ੍ਹੇਵਾਲੀਆ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ 'ਤੇ ਪੈਂਦਾ ਹੈ) ਅਤੇ ਅੰਮ੍ਰਿਤਸਰ ਦੇ ਬਾਗ਼ ਵਾਲੀ ਥਾਂ ਇਨਾਮ ਵਜੋਂ ਦਿੱਤੀ। ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ 1812 ਵਿਚ ਪਠਾਨਾਂ ਨੂੰ ਹਰਾ ਕੇ ਜਿੱਤਿਆ ਸੀ। ਇਸ ਇਲਾਕੇ ਦੀ ਸਲਾਨਾ ਆਮਦਨ 1,20,000 ਰੁਪਏ ਸੀ, ਜੋ ਅੱਗੇ ਜਾ ਕੇ 3 ਲੱਖ ਦੀ ਸਲਾਨਾ ਆਮਦਨ ਵਾਲਾ ਇਲਾਕਾ ਬਣਿਆ।

ਲੈਪਲ ਗ੍ਰੀਫਨ ਦੀ ਕਿਤਾਬ ਦਾ ਪਹਿਲਾਂ ਸਫ਼ਾ

PunjabKesari

ਸਰਦਾਰ ਹਿੰਮਤ ਸਿੰਘ ਦਾ ਵੱਡਾ ਮੁੰਡਾ ਸਰਦਾਰ ਅਲਬੇਲ ਸਿੰਘ 1825 ਈਸਵੀ 'ਚ ਜੇਹਲਮ ਦੇ ਕੰਢੇ ਮਾਰਿਆ ਗਿਆ। ਇਸ ਤੋਂ ਬਾਅਦ ਸਰਦਾਰ ਹਿੰਮਤ ਸਿੰਘ ਦੀ ਮੌਤ 1829 'ਚ ਹੋਈ। ਪਿੰਡ ਅਲਵਾਰਪੁਰ ਅਤੇ ਬਾਕੀ ਜਾਗੀਰ 1832 ਵਿਚ ਸਰਦਾਰ ਹਿੰਮਤ ਸਿੰਘ ਦੇ ਪੋਤਰੇ ਅਚਲ ਸਿੰਘ ਅਤੇ ਨਿੱਕੇ ਮੁੰਡੇ ਕਿਸ਼ਨ ਸਿੰਘ ਵਿਚ ਵੰਡੀ ਗਈ। ਇੰਝ ਪਿੰਡ ਅਲਾਵਰਪੁਰ ਅਤੇ ਡੋਗਰੀ ਜਲੰਧਰ ਜ਼ਿਲੇ ਵਿਚ ਦੋ ਜਗੀਰਾਂ ਜਲ੍ਹੇਵਾਲੀਆ ਸਰਦਾਰਾਂ ਦੇ ਨਾਮ ਬੋਲਦੀਆਂ ਸੀ। ਇਸ ਤੋਂ ਬਾਅਦ ਸਰਦਾਰ ਕਿਸ਼ਨ ਸਿੰਘ 1841 ਵਿਚ ਸ਼ਹੀਦ ਹੋ ਗਿਆ।

ਪਿੰਡ ਅਲਾਵਰਪੁਰ ਵਾਂਗੂ ਹੀ ਸਰਦਾਰ ਹਿੰਮਤ ਸਿੰਘ ਹੁਣਾਂ ਨੂੰ ਅੰਮ੍ਰਿਤਸਰ ਥਾਂ ਜਗੀਰ ਵਜੋਂ ਮਿਲੀ ਸੀ,  ਜਿੱਥੇ ਸਰਦਾਰਾਂ ਵਲੋਂ ਬਾਗ਼ ਲਵਾਇਆ ਗਿਆ, ਜੋ ਜਲ੍ਹਿਆਂਵਾਲੇ ਸਰਦਾਰਾਂ ਦਾ ਬਾਗ਼ ਵੱਜਦਾ ਸੀ। ਸਰਦਾਰ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ 'ਚ ਵੰਡ ਦਿੱਤੀ ਗਈ।

13 ਅਪ੍ਰੈਲ 1919 ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਹ ਜਲ੍ਹਿਆਂਵਾਲਾਂ ਬਾਗ਼ ਸਿਰਫ ਨਾਮ ਦਾ ਹੀ ਬਾਗ਼ ਸੀ। ਇੱਥੇ ਬਾਗ਼ ਉੱਜੜ ਗਿਆ ਸੀ ਅਤੇ ਸ਼ਹਿਰ 'ਚ ਫੈਲੀ ਸਿਰਫ ਖਾਲੀ ਥਾਂ ਹੀ ਸੀ। ਇੱਥੇ ਸਾਕੇ ਦੀ ਤਾਰੀਖ਼ ਨੂੰ ਸਿਰਫ ਇਨ੍ਹਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇਕ ਖ਼ੂਹ ਸੀ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ।

ਪਿੰਡ ਜੱਲ੍ਹੇ ਦੇ ਲੋਕਾਂ ਨੂੰ ਆਪਣੇ ਇਸ ਇਤਿਹਾਸ ਬਾਰੇ ਪੂਰੀ ਤਰ੍ਹਾਂ ਸਾਫ ਸਪੱਸ਼ਟ ਨਹੀਂ ਹੈ। ਪਿੰਡ ਵਾਲਿਆਂ ਮੁਤਾਬਕ ਪਿੰਡ 'ਚ ਸਰਦਾਰਾਂ ਦੀ ਸਮਾਧਾਂ ਵੀ ਹਨ ਅਤੇ ਇਹ ਵੀ ਮੰਨਿਆਂ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੱਥੇ ਵਿਆਹੇ ਸਨ। ਮਹਾਰਾਜਾ ਰਣਜੀਤ ਦੇ ਵਿਆਹੇ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਜਲ੍ਹਿਆਂਵਾਲੇ ਬਾਗ਼ ਦੇ ਸਰਦਾਰ ਇਸ ਪਿੰਡ ਦੇ ਹੀ ਸਨ।

ਸ. ਹਿੰਮਤ ਸਿੰਘ ਜਲ੍ਹੇਵਾਲੀਆ ਦੇ ਪਰਿਵਾਰ ਦਾ ਟ੍ਰੀ ਮੈਪ 

PunjabKesari

ਇਸ ਬਾਰੇ ਬਹੁਤ ਸਾਰੇ ਹਵਾਲੇ ਹੇਠ ਲਿਖੇ ਮਿਲਦੇ ਹਨ :- 
1. ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (1890) ਮੁਤਾਬਕ ਵੀ ਇਹ ਰਿਕਾਰਡ ਬੋਲਦਾ ਹੈ।
2. ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼ ਵਿਚ ਵੀ ਹਵਾਲਾ ਮਿਲਦਾ ਹੈ।
3. ਡਾ. ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਵਿਚ ਹਵਾਲੇ ਮੌਜੂਦ ਹਨ।
4. ਪ੍ਰੋ.ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (1469-1979) 'ਚ ਵੀ ਇਨ੍ਹਾਂ ਸਰਦਾਰਾਂ ਦਾ ਅਤੇ ਬਾਗ਼ ਦਾ ਇਤਿਹਾਸਕ ਹਵਾਲਾ ਮਿਲਦਾ ਹੈ।
5. ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ 'ਨਾਜ਼' ਹੁਣਾਂ ਦੀ ਕਿਤਾਬ 'ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ, ਕਸਬੇ ਅਤੇ ਪਿੰਡ ਸੰਖੇਪ ਇਤਿਹਾਸਕ ਜਾਣਕਾਰੀ 'ਚ ਵੀ ਪਿੰਡ ਜਲ੍ਹੇ ਅਤੇ ਜਲ੍ਹਿਆਂਵਾਲੇ ਬਾਗ਼ ਦੇ ਰਿਸ਼ਤੇ ਦੀ ਕਹਾਣੀ ਸਾਹਮਣੇ ਆਉਂਦੀ ਹੈ।

ਪਿੰਡ ਜੱਲ੍ਹੇ ਦਾ ਨਗਰ ਖੇੜਾ-ਜ਼ਿਲ੍ਹਾ ਫਤਿਹਗੜ੍ਹ ਸਾਹਿਬ

PunjabKesari

13 ਅਪ੍ਰੈਲ 1919 ਦੇ ਖ਼ੂਨੀ ਸਾਕੇ ਤੋਂ ਬਾਅਦ ਇਕ ਯਾਦਗਾਰ ਕਮੇਟੀ ਹੋਂਦ 'ਚ ਆਈ। ਇਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਮਾਲਵੀਆ ਅਤੇ ਸਕੱਤਰ ਮੁਕਰਜੀ ਸਨ। ਇਸ ਬਾਗ਼ ਨੂੰ 1923 'ਚ ਇਸ ਦੇ 34 ਮਾਲਕਾਂ ਕੋਲੋਂ 5 ਲੱਖ 65 ਹਜ਼ਾਰ ਰੁਪਏ 'ਚ ਖਰੀਦਿਆ ਸੀ।

ਹੁਣ ਸਵਾਲ ਵੱਡਾ ਇਹ ਹੈ ਕਿ 101 ਸਾਲ ਬਾਅਦ ਇਸ ਬਾਗ਼ ਨੂੰ ਵੇਖਦਿਆਂ ਇਹ ਕਿਤੇ ਸੈਰ ਸਪਾਟਾ ਅਤੇ ਸੈਲਫੀਆਂ ਖਿੱਚਣ ਲਈ ਥਾਂ ਤਾਂ ਨਹੀਂ ਬਣ ਗਈ। ਇਤਿਹਾਸ ਦੇ ਵੱਡੇ ਖ਼ੂਨੀ ਸਾਕੇ ਪ੍ਰਤੀ ਇੰਨੀ ਉਦਾਸੀਨਤਾ ਕਿਉਂ ਹੈ?


author

rajwinder kaur

Content Editor

Related News