ਅੰਗਰੇਜ਼ਾਂ ਦੇ ਇਸ ਅਫ਼ਸਰ ਨੇ 'ਜਲ੍ਹਿਆਂਵਾਲ਼ੇ ਬਾਗ਼' 'ਚ ਗੋਲ਼ੀ ਚਲਾਉਣ ਤੋਂ ਮਨਾ ਕਰਕੇ ਕੀਤੀ ਸੀ ਬਗਾਵਤ

Thursday, Apr 09, 2020 - 12:01 PM (IST)

ਅੰਗਰੇਜ਼ਾਂ ਦੇ ਇਸ ਅਫ਼ਸਰ ਨੇ 'ਜਲ੍ਹਿਆਂਵਾਲ਼ੇ ਬਾਗ਼' 'ਚ ਗੋਲ਼ੀ ਚਲਾਉਣ ਤੋਂ ਮਨਾ ਕਰਕੇ ਕੀਤੀ ਸੀ ਬਗਾਵਤ

ਡਾ. ਪਰਮਜੀਤ ਮੀਸ਼ਾ

ਸੱਚ ਨੂੰ ਜਾਣਨ ਤੇ ਖੋਜਣ ਦੀ ਚਾਹਤ ਮਨੁੱਖ ਦੀ ਸੁਭਾਵਕ ਬਿਰਤੀ ਹੈ। ਸੱਚ ਦੀ ਤਲਾਸ਼ ਨੇ ਹੀ ਮਨੁੱਖੀ ਇਤਿਹਾਸ ਦੇ ਕਈ ਪੁਰਾਤਨ ਤੱਥਾਂ ਨੂੰ ਸ਼ੱਕ ਦੇ ਕਟਹਿਰੇ ਤੱਕ ਪਹੁੰਚਾਇਆ ਹੈ। ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਕਈ ਇਤਿਹਾਸਕ ਪੰਨੇ ਅਜੇ ਵੀ ਨਿਰਪੱਖ ਖੋਜ ਦੀ ਉਡੀਕ ਵਿਚ ਹਨ। ਅਜਿਹੇ ਪੰਨਿਆਂ ਵਿਚੋਂ ਜਲ੍ਹਿਆਂਵਾਲਾ ਬਾਗ਼ ਦਾ ਸਾਕਾ, ਜਿੱਥੇ ਇਕ ਦਰਦਨਾਕ ਕਤਲੇਆਮ ਦੀ ਘਟਨਾ ਵਜੋਂ ਸਾਡੀਆਂ ਸਿਮਰਤੀਆਂ ਵਿਚ ਮੌਜੂਦ ਹੈ, ਉਥੇ ਹੀ 1857 ਦੇ ਗ਼ਦਰ ਤੋਂ ਬਾਅਦ ਇਕ ਅਜਿਹੀ ਦੂਜੀ ਵੱਡੀ ਬਗ਼ਾਵਤ ਵਜੋਂ ਮਾਨਤਾ ਰੱਖਦਾ ਹੈ, ਜਿਸਨੇ ਹਿੰਦੋਸਤਾਨ ਵਿਚੋਂ ਬ੍ਰਿਟਿਸ਼ ਰਾਜ ਦੇ ਖ਼ਾਤਮੇ ਦੀ ਨੀਂਹ ਰੱਖੀ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਆਮ ਲੋਕਾਂ ਦੇ ਦਿਲਾਂ ਵਿਚਲਾ ਰੋਸ ਰੋਹ ਅਤੇ ਨਫ਼ਰਤ ਵਿਚ ਤਬਦੀਲ ਹੋਣ ਲੱਗ ਪਿਆ।

ਸੱਚ ਤੱਕ ਪੁੱਜਣ ਦੀ ਸੁਭਾਵਕ ਚਾਹਤ ਨੇ ਮੈਨੂੰ ਇਕ ਅਜਿਹੇ ਸਫ਼ਰ 'ਤੇ ਚੱਲਣ ਦਾ ਮੌਕਾ ਓਦੋਂ ਪ੍ਰਦਾਨ ਕੀਤਾ, ਜਦੋਂ ਮੈ ਪਾਕਿਸਤਾਨੀ ਪੰਜਾਬੀ ਅਦੀਬ ਨੈਣ ਸੁੱਖ ਦੀ ਕਿਤਾਬ 'ਆਈ ਪੁਰੇ ਦੀ ਵਾਅ' ਵਿਚਲੀ ਕਹਾਣੀ 'ਕੰਮ ਵਾਲੀ' ਪੜ੍ਹਣੀ ਸ਼ੁਰੂ ਕੀਤੀ। ਇਹ ਕਹਾਣੀ ਪਾਕਿਸਤਾਨੀ ਰੇਡੀਓ, ਟੀ.ਵੀ. ਅਤੇ ਫ਼ਿਲਮੀ ਆਰਟਿਸਟ ਆਲੀਆ ਬੇਗਮ ਬਾਰੇ ਸੀ, ਜਿਸਨੇ ਆਪਣੀ ਹਯਾਤੀ ਦਾ ਸਫ਼ਰ ਕੰਮ ਵਾਲੀ ਤੋਂ ਘਰ ਵਾਲੀ ਅਤੇ ਫਿਰ ਘਰ ਵਾਲੀ ਤੋਂ ਕੰਮ ਵਾਲੀ ਤੱਕ ਕਿਵੇਂ ਤੇ ਕਿੰਨੀ ਵਾਰ ਹੰਢਾਇਆ। ਪਰ ਮੇਰਾ ਸਾਰਾ ਧਿਆਨ ਕਹਾਣੀ ਵਿਚਲੇ ਅਣਵੰਡੇ ਹਿੰਦੋਸਤਾਨ ਨਾਲ ਸਬੰਧਿਤ ਉਨ੍ਹਾਂ ਤੱਥਾਂ ਵੱਲ ਸੀ, ਜਿੰਨਾਂ ਬਾਰੇ ਭਾਰਤੀ ਇਤਿਹਾਸਕਾਰ ਜਾਂ ਤਾਂ ਅਨਜਾਣ ਸਨ ਜਾਂ ਰਾਜਨੀਤਿਕ ਕਾਰਨਾਂ ਕਰਕੇ ਅੱਜ ਤੱਕ ਚੁੱਪ ਹਨ । 

ਕਹਾਣੀ ਦੀ ਨਾਇਕਾ ਆਲੀਆ ਬੇਗਮ ਦੀ ਵੱਡੀ ਭੈਣ ਬਸ਼ੀਰ ਬੇਗਮ ਲਾਹੌਰ ਦੇ ਇਕ ਆਨਰੇਰੀ ਮੈਜਿਸਟਰੇਟ ਅਸਲਮ ਬੇਗ ਨਾਲ ਵਿਆਹੀ ਹੋਈ ਸੀ। ਤੁਰਕੀ ਪਿਛੋਕੜ ਦਾ ਵਿਖਾਵਾ ਕਰਨ ਵਾਲਾ ਇਹ ਜੱਜ ਲੁਕਵੇਂ ਢੰਗ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਿਆਸੀ ਕੈਦੀਆਂ ਦੀ ਜੇਲ ਵਿਚ ਮਦਦ ਕਰਦਾ ਸੀ। ਉਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਂਦਾ ਸੀ ਅਤੇ ਗੰਗਾਧਰ ਦੇ ਨਾਂ ਹੇਠ ਫ਼ਰੰਗੀ ਸਰਕਾਰ ਖ਼ਿਲਾਫ਼ ਤਿੱਖੇ ਲੇਖ ਵੀ ਲਿਖਦਾ ਸੀ। 'ਮਿਲਾਪ' ਅਖ਼ਬਾਰ ਦੇ ਦਫ਼ਤਰ ਵਿਚੋਂ ਇਸ ਜੱਜ ਦੇ ਖ਼ਿਲਾਫ਼ ਮੁਖ਼ਬਰੀ ਹੋਈ ਅਤੇ ਜਿੰਨੀ ਦੇਰ ਵਿਚ ਖ਼ੁਫ਼ੀਆ ਪੁਲਸ ਗੰਗਾਧਰ ਨੂੰ ਦਬੋਚਣ ਲਈ ਜੱਜ ਸਾਹਿਬ ਦੀ ਹਵੇਲੀ 'ਚ ਪਹੁੰਚਦੀ। ਓਨੀ ਦੇਰ 'ਚ ਅਸਲਮ ਬੇਗ ਆਪਣੀ ਬੀਵੀ ਤੇ ਸਾਲੀ ਸਮੇਤ ਫ਼ਰਾਰ ਹੋ ਗਿਆ। ਇਹ ਤਿੰਨੋ ਮਫ਼ਰੂਰ ਲੁਕਦੇ-ਛੁਪਦੇ ਲਾਹੌਰੋਂ ਮੁਲਤਾਨ, ਹੈਦਰਾਬਾਦ, ਸਿੰਧ, ਮੀਰਪੁਰ ਖ਼ਾਸ, ਜੋਧਪੁਰ, ਪਾਲਨਪੁਰ, ਹੁੰਦੇ ਹੋਏ ਅਹਿਮਦਾਬਾਦ ਪੁੱਜੇ। ਅਗਲੇ ਸਫ਼ਰ ਲਈ ਭਾੜਾ ਨਾ ਹੋਣ ਕਾਰਨ ਲਾਵਾਰਸਾਂ  ਹਾਰ ਸਟੇਸ਼ਨ 'ਤੇ ਬੈਠਿਆਂ ਨੂੰ ਕੁਲੀ ਅਬਦੁੱਲ ਰਹਿਮਾਨ ਨੇ ਸਹਾਰਾ ਦਿੱਤਾ। ਜੱਜ (ਅਸਲਮ ਬੇਗ) ਤੇ ਕੁਲੀ (ਅਬਦੁੱਲ ਰਹਿਮਾਨ) ਦੀ ਦੁਸ਼ਮਣ-ਦੋਸਤੀ ਓਦੋਂ ਰਿਸ਼ਤੇਦਾਰੀ ਵਿਚ ਤਬਦੀਲ ਹੋ ਗਈ, ਜਦੋਂ ਇਹ ਰਾਜ਼ ਖੁੱਲ੍ਹਾ ਕਿ ਅਬਦੁੱਲ ਰਹਿਮਾਨ ਅਸਲ ਵਿਚ ਜੇਮਜ਼ ਵਿਲੀਅਮ ਮੈਸੀ ਹੈ। ਬਰਤਾਨਵੀ ਫ਼ੌਜ ਦੀ ਫ਼ਸਟ ਗੈਰੀਸਨ ਬਟਾਲੀਅਨ ਦਾ ਉਹ ਆਇਰਸ਼ ਅਫ਼ਸਰ ਜਿਹੜਾ ਕਿਸੇ ਸਮੇਂ ਅੰਮ੍ਰਿਤਸਰ ਦਾ ਕਮਾਂਡਿੰਗ ਅਫ਼ਸਰ ਸੀ। ਇਸੇ ਅਫ਼ਸਰ ਨੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿਖੇ ਰੌਲਟ ਐਕਟ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਲੋਕਾਂ ਉਪਰ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ। ਇਸ ਨਾਫ਼ਰਮਾਨੀ ਕਾਰਨ ਉਸਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਅਤੇ ਕੈਦ ਹੋਣ ਉਪਰੰਤ ਉਸਨੇ ਫ਼ਰਾਰ ਹੋ ਕੇ, ਭੇਸ ਬਦਲ ਬ੍ਰਿਟਿਸ਼ ਕਾਫ਼ਲਿਆਂ ਨੂੰ ਲੁੱਟਣ ਅਤੇ ਭਾਰਤੀ ਅਜ਼ਾਦੀ ਘੁਲਾਟੀਆਂ ਦੀ ਮਦਦ ਕਰਨ ਨੂੰ ਆਪਣਾ ਜੀਵਨ ਮਕਸਦ ਬਣਾ ਲਿਆ।

ਪੜ੍ਹੋ ਇਹ ਵੀ ਖਬਰ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁੰਕਮਲ ਕਹਾਣੀ

ਜਨਰਲ ਡਾਇਰ ਦੇ ਉਸ ਅਣਮਨੁੱਖੀ ਹੁਕਮ ਕਾਰਨ ਵਾਪਰੇ ਦੁਖਾਂਤ ਤੋਂ 100 ਸਾਲ ਬਾਅਦ ਅੱਜ ਕੈਪਟਨ ਮੈਸੀ ਦੇ ਸਤਿਕਾਰ ਵਿਚ ਮੇਰਾ ਸਿਰ ਇਸ ਲਈ ਝੁਕ ਰਿਹਾ ਹੈ ਕਿ 13 ਅਪ੍ਰੈਲ 1919 ਦੀ ਵਿਸਾਖੀ ਨੂੰ 'ਖ਼ੂਨੀ ਵਿਸਾਖੀ' ਬਣਾਉਣ ਵਾਲੇ ਜਨਰਲ ਡਾਇਰ ਨੂੰ ਸ੍ਰ੍ਰੀ ਹਰਿਮੰਦਰ ਸਾਹਿਬ ਤੋਂ (30 ਅਪ੍ਰੈਲ 1919) ਸਿਰੋਪਾ ਦਵਾਉਣ ਵਾਲੇ ਸ. ਅਰੂੜ ਸਿੰਘ ਬਾਰੇ ਤਾਂ ਸਾਡੇ ਕੋਲ ਜਾਣਕਾਰੀ ਮੌਜੂਦ ਹੈ ਪਰ ਉਸ ਕਤਲੇਆਮ ਦਾ ਭਾਗੀਦਾਰ ਬਣਨ ਤੋਂ ਇਨਕਾਰ ਕਰਨ ਵਾਲੇ ਦੀ ਜੁਰਅੱਤ ਸਬੰਧੀ ਇਕ ਅੱਖਰ ਮੌਜੂਦ ਨਹੀਂ।

ਜਦੋਂ ਇਸ ਸਬੰਧੀ ਕੁਝ ਵਧੇਰੇ ਜਾਣਨ ਦੀ ਇੱਛਾ ਅਧੀਨ ਸਬੰਧਿਤ ਸਮੱਗਰੀ ਨੂੰ ਘੋਖਿਆ-ਫਰੋਲਿਆ ਤਾਂ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਬ੍ਰਿਗੇਡੀਅਰ ਜਨਰਲ ਰੇਗੀਨਲਡ ਡਾਇਰ ਨੂੰ ਉਸ ਸਮੇਂ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਨਜ਼ਰਅੰਦਾਜ਼ ਕਰਕੇ ਚੁਣਿਆ ਸੀ। 

10 ਅਪੈਲ 1919 ਨੂੰ ਡਾ. ਸੈਫ਼ੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀ ਰਿਹਾਈ ਖ਼ਾਤਿਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲਜ਼ ਇਰਵਿੰਗ ਨੂੰ ਮਿਲਣ ਲਈ ਹਾਲ ਬਜ਼ਾਰ ਵਲੋਂ ਸਿਵਲ ਲਾਇਨਜ਼ ਵੱਲ ਵਧਦੀ ਭੀੜ ਅਤੇ ਫ਼ੌਜ ਦਰਮਿਆਨ ਝੜਪਾਂ ਹੋਈਆਂ ਤਾਂ ਭੰਨ-ਤੋੜ ਦੀਆਂ ਘਟਵਾਨਾਂ ਕਾਰਨ ਅੰਮ੍ਰਿਤਸਰ ਦਾ ਚਾਰਜ ਸ਼ਾਮ ਨੂੰ 4 ਵਜੇ ਮੇਜਰ ਮੈਕਡੋਨਲਡ ਨੂੰ ਸੌਂਪਣਾ ਪਿਆ। ਨਿਗੇਲ ਕੋਲਿਟ ਦੀ ਪੁਸਤਕ 'ਦ ਬੁੱਚਰ ਔਫ਼ ਅੰਮ੍ਰਿਤਸਰ' ਵਿਚ ਦਰਜ ਕੈਪਟਨ ਮੈਸੀ ਦੀ ਲਿਖਤੀ ਸਟੇਟਮੈਂਟ ਅੰਮ੍ਰਿਤਸਰ ਸ਼ਹਿਰ ਲਈ "ਦੀ ਸਿਚੂਏਸ਼ਨ ਵਾਸ ਕੁਆਇਟ" ਸ਼ਬਦਾਂ ਦੀ ਵਰਤੋਂ ਕਰਦੀ ਹੈ, ਜਿਸਦੀ ਤਸਦੀਕ ਮੇਜਰ ਮੈਕਡੋਨਲਡ ਵੀ ਕਰਦਾ ਹੈ। ਓਡਵਾਇਰ ਤਾਂ ਸ਼ਾਇਦ ਕੁਝ ਹੋਰ ਹੀ ਸੋਚ ਰਿਹਾ ਸੀ।

11 ਅਪ੍ਰੈਲ ਨੂੰ ਮੇਜਰ ਮੈਕਡੋਨਲਡ ਤੋਂ 124 ਬਲੋਚ ਬਟਾਲੀਅਨ ਦੇ ਕਰਨਲ ਮੌਰਗਨ ਨੂੰ ਚਾਰਜ ਦੇਣਾ ਪੈਂਦਾ ਹੈ, ਕਿਉਂਕਿ ਮੈਕਡੋਨਲਡ ਉਹ ਕੁਝ ਕਰਨ ਲਈ ਹਿਚਕਚਾਹਟ ਜ਼ਾਹਰ ਕਰ ਰਿਹਾ ਸੀ, ਜੋ ਸਰਕਾਰ ਚਾਹੁੰਦੀ ਸੀ। ਮੌਰਗਨ ਦੇ ਪਹੁੰਚਣ ਤੋਂ ਪਹਿਲਾਂ ਜਨਰਲ ਡਾਇਰ 16ਵੀਂ ਡਵੀਯਨ (ਲਾਹੌਰ) ਦੇ ਮੇਜਰ ਜਨਰਲ ਸਰ ਵਿਲੀਅਮ ਬੈਨਿਅਨ ਦਾ ਟੈਲੀਗ੍ਰਾਫ਼ਕ ਆਰਡਰ ਲੈ ਕੇ ਅੰਮ੍ਰਿਤਸਰ ਦਾ ਚਾਰਜ ਸੰਭਾਲ ਲੈਂਦਾ ਹੈ ਅਤੇ 13 ਅਪ੍ਰੈਲ ਵਾਲੇ ਦਿਨ 54ਵੀਂ ਸਿੱਖ ਰੈਜੀਮੈਂਟ, ਚੋਣਵੇਂ ਨਿਪਾਲੀ, ਗੋਰਖੇ, ਬਲੋਚੀ ਤੇ ਪਠਾਣ ਜਵਾਨਾਂ ਨਾਲ ਜਲ੍ਹਿਆਂਵਾਲਾ ਬਾਗ ਦੇ ਮੁੱਖ ਰਾਹ 'ਤੇ ਮੋਰਚਾ ਸੰਭਾਲ ਲੈਂਦਾ ਹੈ।

ਅਸਲ ਵਿਚ ਓਡਵਾਇਰ ਡਾਇਰ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ "ਬ੍ਰਿਟਿਸ਼ ਹਕੂਮਤ ਆਪਣੀ ਇੱਛਾ ਅਨੁਸਾਰ ਜਦੋਂ ਚਾਹੇ, ਜਿੱਥੇ ਚਾਹੇ, ਜੋ ਚਾਹੇ ਕਰ ਸਕਦੀ ਹੈ।" ਡਰ ਦੀ ਭਾਵਨਾ ਨੂੰ ਖ਼ੌਫ਼ ਵਿਚ ਤਬਦੀਲ ਕਰਨ ਲਈ ਹੀ ਉਸਨੇ ਭੀੜ ਨੂੰ ਖਿੰਡ ਜਾਣ ਦੀ ਵਾਰਨਿੰਗ ਦਿੱਤੇ ਬਗ਼ੈਰ 303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲ ਵਾਲੇ 50 ਜਵਾਨਾਂ ਨੂੰ ਨਿਸ਼ਾਨਾਂ ਸਾਧ ਕੇ ਗੋਲੀ ਚਲਾਉਣ ਦਾ ਹੁਕਮ ਇਕ ਵਾਰ ਨਹੀਂ, ਬਾਰ-ਬਾਰ ਦੁਹਰਾਇਆ। ਉਸ ਮੌਕੇ 10 ਤੋਂ 15 ਮਿੰਟ ਤੱਕ ਚੱਲੀਆਂ ਹੋਲੀਆਂ ਭੀੜ ਨੂੰ ਖਿੰਡਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਸਨ ਸਗੋਂ ਨਿਹੱਥੇ, ਭੱਜਦੇ, ਡਿੱਗਦੇ, ਲੋਕਾਂ ਦਾ ਪਿੱਛਾ ਕਰ ਕਰ ਕੇ ਉਨ੍ਹਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ।

ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ

ਜਲ੍ਹਿਆਂਵਾਲਾ ਬਾਗ਼ ਵਿਖੇ ਚਲਾਈ ਗੋਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਵਿਸ਼ੇਸ਼ ਤੌਰ 'ਤੇ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਦਿੱਤੀਆਂ ਸਜ਼ਾਵਾਂ ਦੀ ਛਾਣਬੀਣ ਕਰਨ ਵਾਲੀ ਬਣਾਈ ਗਈ ਹੰਟਰ ਕਮੇਟੀ ਅਨੁਸਾਰ ਜਲ੍ਹਿਆਂਵਾਲਾ ਬਾਗ਼ ਵਿਖੇ 1650 ਰਾਊਂਡ ਫ਼ਾਇਰ ਕੀਤੇ ਗਏ। ਇਸ ਫਾਇਰ ਕਾਰਨ 379 ਬੰਦੇ ਮਰੇ ਅਤੇ 1200 ਜ਼ਖ਼ਮੀ ਹੋਏ। ਗ਼ੈਰ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ, ਕਿਉਂਕਿ ਲੋਕਾਂ ਨੇ ਡਰਦਿਆਂ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੇ ਨਾਂ ਹੀ ਦਰਜ ਨਹੀਂ ਕਰਵਾਏ ਅਤੇ ਸਰਕਾਰ ਨੇ ਜੂਨ 1919 ਤੱਕ ਲੱਗੇ ਮਾਰਸ਼ਲ ਲਾਅ ਦਾ ਫ਼ਾਇਦਾ ਉਠਾਉਂਦਿਆਂ ਕਾਫ਼ੀ ਸਬੂਤ ਖ਼ੁਰਦ-ਪੁਰਦ ਕਰ ਦਿੱਤੇ। 

ਸਲਤਨਤ-ਏ-ਬਰਤਾਨੀਆਂ ਦੇ ਜਰਨੈਲਾਂ ਵਲੋਂ ਬਰਤਾਨਵੀ ਤਾਜ ਦੀ ਦਹਿਸ਼ਤ ਨੂੰ ਬਣਾਈ ਰੱਖਣ ਲਈ ਕੀਤੀਆਂ ਇਹੋ ਜਿਹੀਆਂ ਕਈ ਘਿਣਾਉਣੀਆਂ ਕੋਸ਼ਿਸ਼ਾਂ ਦਾ ਲੰਮਾ ਇਤਿਹਾਸ ਮੌਜੂਦ ਹੈ। ਫਰਵਰੀ 1692 ਵਿਚ 38 ਸਕੌਟਿਸ਼ ਹਾਈਲੈਂਡਰਜ਼ ਨੂੰ ਅਤੇ ਅਕਤੂਬਰ 1865 ਵਿਚ ਗਵਰਨਰ ਐਡਵਰਡ ਜ੍ਹੌਨ ਈਅਰ ਦੀ ਕਮਾਂਡ ਹੇਠ ਜਮਾਇਕਾ ਵਿਖੇ 439 ਕਾਲੇ ਬਾਗ਼ੀਆਂ ਨੂੰ ਕਤਲ ਕੀਤਾ ਗਿਆ। ਕਰੌਕ ਪਾਰਕ, ਡਬਲਿਨ ਵਿਖੇ 21 ਨਵੰਬਰ 1920 ਨੂੰ ਆਇਰਸ਼ ਫੁੱਟਬਾਲ ਮੈਚ ਵੇਖਦੇ ਨਿਹੱਥੇ ਲੋਕਾਂ ਉਤੇ ਚਲਾਈ ਗੋਲੀ ਵਿਚ 32 ਜਣੇ ਮਰੇ, ਜਿਸਨੂੰ ਇਤਿਹਾਸਕਾਰ 'ਬੱਲਡੀ ਸੰਡੇ' ਵਜੋਂ ਯਾਦ ਕਰਦੇ ਹਨ।

ਗੁਜ਼ਰੇ ਅਤੀਤ ਦੇ ਕੁਝ ਪੰਨੇ ਮੈਂ ਵੀ ਫ਼ਰੋਲੇ (ਜੋਗਿੰਦਰ ਸ਼ਮਸ਼ੇਰ ਦੀ ਪੁਸਤਕ 1919 ਦਾ ਪੰਜਾਬ) ਤਾਂ 28 ਮਈ 1919 ਨੂੰ ਓਡਵਾਇਰ ਦੀ ਰਿਟਾਇਰਮੈਂਟ ਮੌਕੇ ਮਜੀਠੀਏ ਸਰਦਾਰ ਵਲੋਂ ਆਪਣੀ ਵਫ਼ਾਦਾਰੀ ਵਿਖਾਉਣ ਲਈ ਪੜ੍ਹੇ ਸ਼ਬਦ ਲੱਭ ਗਏ। "ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਬੁਰੇ ਇਰਾਦੇ ਵਾਲੇ ਲੋਕਾਂ ਵਲੋਂ ਇਸ ਧਰਤੀ ਦੇ ਅਮਨ ਨੂੰ ਤਬਾਹ ਕਰਨ ਲਈ ਸ਼ਰਾਰਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕੁਝ ਥਾਵਾਂ ’ਤੇ ਅਜਿਹੀਆਂ ਜ਼ਾਲਮਾਨਾਂ ਹਰਕਤਾਂ ਕੀਤੀਆਂ ਗਈਆਂ, ਜਿਸ ਨਾਲ ਇਸ ਸੂਬੇ ਦੇ ਪਵਿੱਤਰ ਨਾਮ ਨੂੰ ਧੱਬਾ ਲੱਗਾ। ਪਰ ਹਜ਼ੂਰ (ਮਾਈ ਬਾਪ!) ਨੇ ਹਾਲਾਤ 'ਤੇ ਸਖ਼ਤੀ ਨਾਲ ਕਾਬੂ ਪਾ ਕੇ ਅਤੇ ਠੀਕ ਤਰੀਕੇ ਅਪਨਾ ਕੇ ਇਸ ਬੁਰਿਆਈ ਦਾ ਖ਼ਾਤਮਾ ਕਰ ਦਿੱਤਾ।"

ਮਜੀਠੀਏ ਸਰਦਾਰ ਤੋਂ ਇਲਾਵਾ ਹੋਰ 27 ਸਿੱਖ, 24 ਮੁਸਲਮਾਨ ਤੇ 42 ਹਿੰਦੂ ਦੀਵਾਨ ਬਹਾਦਰ ਤੇ ਖਾਨ ਬਹਾਦਰਾਂ ਦੇ ਨਾਂ ਵੀ ਮਿਲਦੇ ਹਨ, ਜਿੰਨਾਂ ਦੇ ਮੂੰਹੋਂ ਓਡਵਾਇਰ ਦੀ ਉਸਤਤਿ ਲਈ ਕਿਰੇ ਮੋਤੀ ਇਤਿਹਾਸ ਦੀਆਂ ਪੁਸਤਕਾਂ 'ਚ ਮਹਿਫ਼ੂਜ਼ ਹਨ। ਕੈਪਟਨ ਮੈਸੀ ਦੇ ਬ੍ਰਿਟਿਸ਼ ਸਰਕਾਰ ਵਿਰੋਧੀ ਕਾਰਨਾਮਿਆਂ ਨੂੰ ਦਰਸਾਉਣ ਵਾਲਾ ਹਦਾਇਤ ਉੱਲਾ ਦਾ ਲਿਖਿਆ ਕਿੱਸਾ 'ਬਾਗ਼ੀ ਫ਼ਰੰਗੀ' ਮੌਜੂਦ ਨਹੀਂ।

'ਬਾਗ਼ੀ ਫ਼ਰੰਗੀ' ਕਿੱਸਾ ਕੈਪਟਨ ਮੈਸੀ ਦੀ ਸ਼ਰੀਕੇ-ਹਯਾਤ ਰਹੀ ਆਲੀਆ ਬੇਗਮ ਨੂੰ ਓਦੋਂ ਮਿਲਿਆ, ਜਦੋਂ ਉਹ 1947 ਦੀ ਵੰਡ ਤੋਂ ਬਾਅਦ ਭਾਰਤ ਤੋਂ ਲਾਹੌਰ ਪੁੱਜੀ। ਕੈਪਟਨ ਮੈਸੀ ਨਾਲ ਵਿਆਹੀ ਹੋਣ ਕਾਰਨ ਆਲੀਆ ਬੇਗਮ ਨੂੰ ਪਾਕਿਸਤਾਨੀ ਪੰਜਾਬ ਵਿਚ ਬਹੁਤ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਜਿਸਦੀ ਤਸਦੀਕ ਆਲੀਆ ਬੇਗਮ ਦਾ ਚੌਥੇ ਸ਼ੌਹਰ 'ਚੋਂ ਪੈਦਾ ਹੋਇਆ ਪੁੱਤਰ ਮੁਅੱਜ਼ਮ ਸ਼ੇਖ਼ ਵੀ ਕਰਦਾ ਹੈ ਪਰ ਨੈਣ ਸੁੱਖ ਨੂੰ ਆਲੀਆ ਬੇਗਮ ਕੋਲੋਂ ਉਹ ਕਿੱਸਾ ਨਾ ਮਿਲ ਸਕਿਆ।

ਕੈਪਟਨ ਮੈਸੀ ਸਬੰਧੀ ਜਿਹੜੀ ਹੋਰ ਜਾਣਕਾਰੀ ਮਿਲਦੀ ਹੈ, ਉਸ ਦੀ ਸੱਚਾਈ ਨੂੰ ਤਸਦੀਕ ਕਰਨ ਲਈ ਤੱਥ ਮੌਜੂਦ ਨਹੀਂ ਹਨ। ਬ੍ਰਿਟਿਸ਼ ਨੌਕਰੀ ਤੋਂ ਫ਼ਾਰਗ ਹੋਣ ਉਪਰੰਤ ਉਸਨੇ ਫ਼ਸਟ ਬਹਾਵਲਪੁਰ ਇਨਫ਼ੈਂਟਰੀ 'ਚ ਨੌਕਰੀ ਕੀਤੀ ਅਤੇ ਕਰਨਲ ਵਜੋਂ ਰਿਟਾਇਰ ਹੋਇਆ। ਕਿਉਂਕਿ ਉਸਨੇ ਇਸਲਾਮ ਧਰਮ ਅਪਨਾ ਲਿਆ ਸੀ, ਇਸ ਲਈ ਉਸਨੂੰ ਤੇ ਬੇਗਮ ਅਬਦੁੱਲ ਰਹਿਮਾਨ ਨੂੰ ਡੇਰਾ ਨਵਾਬ ਸਾਹਿਬ ਦੇ ਆਰਮੀ ਕਬਰਿਸਤਾਨ ਵਿਚ ਦਫ਼ਨਾਇਆ ਗਿਆ। ਉਸਦੀ ਯਾਦ ਵਿਚ ਰਾਵਲਪਿੰਡੀ ਵਿਖੇ ਇਕ ਗੇਟ ਉਸਾਰਿਆ ਗਿਆ ਪਰ ਆਲੀਆ ਬੇਗਮ ਨੂੰ ਇੰਟਰਵਿਊ ਕਰ ਚੁੱਕੇ ਨੈਣ ਸੁੱਖ ਅਜਿਹੀ ਸਾਰੀ ਜਾਣਕਾਰੀ ਨੂੰ ਮਹਿਜ਼ ਦੰਤ-ਕਥਾ ਜਿੰਨੀ ਅਹਿਮੀਅਤ ਦੇਂਦੇ ਹਨ ਅਤੇ ਨਾ ਹੀ ਇੰਪੀਰੀਅਲ ਗੈਜ਼ੇਟੀਅਰ ਅਤੇ ਬਹਾਵਲਪੁਰ ਦਾ ਸਰਕਾਰੀ ਗਜ਼ਟ ਇੰਨਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ। 

ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਇਹ ਅਧੂਰਾ ਪੰਨਾ ਅੱਜ ਵੀ ਉਡੀਕ ਰਿਹਾ ਹੈ। ਕੈਪਟਨ ਮੈਸੀ ਬਾਰੇ ਲਿਖੇ 'ਬਾਗ਼ੀ ਫ਼ਰੰਗੀ' ਕਿਸੇ ਵਿਚਲੇ ਤੱਥਾਂ ਨੂੰ ਜਾਨਣ ਲਈ ਤਾਂ ਜੋ ਦੋਵੇਂ ਬੰਨੇ ਦੇ ਪੰਜਾਬੀ ਉਸ ਫ਼ਰੰਗੀ ਦੋਸਤ ਦੀ ਫ਼ਰੰਗੀ ਸਰਕਾਰ ਨਾਲ ਨਿਭਾਈ ਦੁਸ਼ਮਣੀ ਤੋਂ ਜਾਣੂ ਹੋ ਸਕਣ। 
 


author

rajwinder kaur

Content Editor

Related News