ਜਲਿਆਂਵਾਲਾ ਬਾਗ ’ਤੇ ਘਟੀਆ ਸਿਆਸਤ ਕਰ ਰਹੇ ਸੋਨੀਆ ਤੇ ਰਾਹੁਲ ਗਾਂਧੀ : ਚੁੱਘ
Wednesday, Sep 01, 2021 - 07:23 PM (IST)
ਚੰਡੀਗੜ੍ਹ : ਪਿਛਲੇ ਦਿਨੀਂ ਜਲਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਛਿੜੇ ਨਵੇਂ ਵਿਵਾਦ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਘਟੀਆ ਸਿਆਸਤ ਕਰਾਰ ਦਿੱਤਾ ਹੈ। ਚੁੱਘ ਨੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ। ਚੁੱਘ ਨੇ 20 ਕਰੋੜ ਰੁਪਏ ਦੇ ਨਵੀਨੀਕਰਨ ਕੰਮ ਤੋਂ ਬਾਅਦ ਜਲਿਆਂਵਾਲਾ ਬਾਗ ’ਚ ਨਵੀਂ ਜ਼ਿੰਦਗੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਚਾਰ ਦਹਾਕਿਆਂ ਤੋਂ ਵੱਧ ਸਮੇਂ ਤਕ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਥੇ ਇੱਕ ਇੱਟ ਦੀ ਮੁਰੰਮਤ ਨਹੀਂ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਮਨ ’ਚ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਲਈ ਕਦੇ ਵੀ ਕੋਈ ਸਤਿਕਾਰ ਨਹੀਂ ਰਿਹਾ। ਆਖਿਰ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਬਾਰੇ ਕੀ ਪਤਾ ਹੋਵੇਗਾ?’’
ਇਹ ਵੀ ਪੜ੍ਹੋ : ਪੰਜ ਪਿਆਰਿਆਂ ਵਾਲੇ ਬਿਆਨ ਨੂੰ ਲੈ ਕੇ ਹਰੀਸ਼ ਰਾਵਤ ’ਤੇ ਸੁਖਬੀਰ ਬਾਦਲ ਦਾ ਵੱਡਾ ਹਮਲਾ
ਜ਼ਿਕਰਯੋਗ ਹੈ ਕਿ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੀ ਇਹ ਟਿੱਪਣੀ ਰਾਹੁਲ ਗਾਂਧੀ ਦੇ ਟਵੀਟ ’ਤੇ ਆਈ ਹੈ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ-‘ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹੀ ਕਰ ਸਕਦੇ ਹਨ, ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦੇ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ-ਮੈਂ ਕਿਸੇ ਵੀ ਕੀਮਤ ’ਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਇਸ ਘਿਨੌਣੇ ਜ਼ੁਲਮ ਦੇ ਵਿਰੁੱਧ ਹਾਂ।’