ਜਲਿਆਂਵਾਲਾ ਬਾਗ ਦਾ ਸ਼ਤਾਬਦੀ ਸਾਲ ਸ਼ਹੀਦਾਂ ਨੂੰ ਹੋਵੇਗਾ ਸਮਰਪਿਤ
Tuesday, Nov 14, 2017 - 12:34 PM (IST)

ਅੰਮ੍ਰਿਤਸਰ (ਮਹਿੰਦਰ) - ਵਿਸ਼ਵ ਪ੍ਰਸਿੱਧ ਸ਼ਹੀਦੀ ਯਾਦਗਾਰ ਜਲਿਆਂਵਾਲਾ ਬਾਗ ਦੇ ਸ਼ਾਨਦਾਰ ਵਿਕਾਸ ਲਈ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਸੋਮਵਾਰ ਕੇਂਦਰ ਸਰਕਾਰ ਦੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਡਾ. ਮਹੇਸ਼ ਸ਼ਰਮਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ 13 ਅਪ੍ਰੈਲ 2019 ਨੂੰ ਜਲਿਆਂਵਾਲਾ ਬਾਗ ਸ਼ਹੀਦੀ ਕਾਂਡ ਦੇ 100 ਸਾਲ ਪੂਰੇ ਹੋਣ 'ਤੇ ਦੇਸ਼ ਭਰ ਵਿਚ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਆਯੋਜਿਤ ਕਰਵਾਉਣ ਦੇ ਨਾਲ-ਨਾਲ ਇਸ ਇਤਿਹਾਸਕ ਸ਼ਹੀਦੀ ਯਾਦਗਾਰ ਦੇ ਵਿਕਾਸ ਲਈ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਦੀ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਭਰੋਸਾ ਦਿੱਤਾ ਹੈ ਕਿ ਸਾਲ 2019 ਸ਼ਹੀਦਾਂ ਨੂੰ ਸਮਰਪਿਤ ਕਰਦੇ ਹੋਏ ਇਸ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਵਾਇਆ ਜਾਵੇਗਾ। ਨਾਲ ਹੀ ਇਤਿਹਾਸਕ ਯਾਦਗਾਰ ਦੇ ਵਿਕਾਸ ਲਈ ਕੇਂਦਰ ਸਰਕਾਰ ਵਿਸ਼ੇਸ਼ ਪੈਕੇਜ ਵੀ ਜਾਰੀ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਫੰਡ ਵਿਚੋਂ ਜਲਿਆਂਵਾਲਾ ਬਾਗ ਦੇ ਵਿਕਾਸ ਲਈ 10 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਸੀ, ਜਿਸ ਨਾਲ ਰੰਗ ਰੋਗਨ, ਵਾਟਰ ਕੂਲਰ, ਟਾਇਲਟਾਂ ਵਿਚ ਨਵੀਂ ਸੈਨੇਟਰੀ ਫਿਟਿੰਗ, ਵਿਜ਼ੀਟਰ ਗੈਲਰੀ ਵਿਚ ਪੱਖੇ, ਇਸ ਯਾਦਗਾਰ 'ਚ ਦੁਬਾਰਾ ਡਾਕੂਮੈਂਟਰੀ ਸ਼ੁਰੂ ਕਰਵਾਉਣ ਦੇ ਨਾਲ-ਨਾਲ ਫੁਆਰੇ ਅਤੇ ਲਾਈਟਾਂ ਦੀ ਰਿਪੇਅਰ ਦਾ ਕੰਮ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ 2013 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਜਲਿਆਂਵਾਲਾ ਬਾਗ ਦੇ ਵਿਕਾਸ ਅਤੇ ਰੱਖ-ਰਖਾਅ ਲਈ ਟਰੱਸਟ ਬਣਾਈ ਗਈ ਸੀ, ਜਿਸ ਵਿਚ ਸੰਸਦ ਮੈਂਬਰ ਅੰਬਿਕਾ ਸੋਨੀ, ਸਾਬਕਾ ਸੰਸਦ ਮੈਂਬਰ ਐੱਚ. ਐੱਸ. ਹੰਸਪਾਲ ਅਤੇ ਵਰਿੰਦਰ ਕਟਾਰੀਆ ਨੂੰ ਟਰੱਸਟੀ ਬਣਾਇਆ ਗਿਆ ਸੀ ਪਰ ਇਹ ਟਰੱਸਟ ਸਰਗਰਮ ਨਹੀਂ ਰਿਹਾ ਅਤੇ ਇਸ ਦੇ ਟਰੱਸਟੀਆਂ ਨੇ ਨਾ ਤਾਂ ਲਗਾਤਾਰ ਬੈਠਕਾਂ ਕੀਤੀਆਂ ਅਤੇ ਨਾ ਹੀ ਕੇਂਦਰ ਸਰਕਾਰ ਤੋਂ ਜਲਿਆਂਵਾਲੇ ਬਾਗ ਦੇ ਵਿਕਾਸ ਲਈ ਕਿਸੇ ਵਿਸ਼ੇਸ਼ ਪੈਕੇਜ ਅਤੇ ਬਜਟ ਦੀ ਹੀ ਮੰਗ ਕੀਤੀ।